ਗਾਇਕੀ ਖੇਤਰ ''ਚ ਮੁੜ ਧਮਾਲਾਂ ਪਾਉਣ ਲਈ ਤਿਆਰ ਗੁਰਦਾਸ ਮਾਨ, ਜਲਦ ਰਿਲੀਜ਼ ਹੋ ਰਹੀ ਹੈ ਇਹ ਐਲਬਮ
Monday, Aug 12, 2024 - 04:29 PM (IST)
ਚੰਡੀਗੜ੍ਹ : ਪੰਜਾਬੀ ਸੰਗੀਤ ਜਗਤ 'ਚ ਵਿਲੱਖਣ ਪਛਾਣ ਸਥਾਪਿਤ ਕਰ ਚੁੱਕੇ ਸਿਰਮੌਰ ਪੰਜਾਬੀ ਗਾਇਕ ਗੁਰਦਾਸ ਮਾਨ ਇੱਕ ਵਾਰ ਮੁੜ ਸੰਗੀਤਕ ਧਮਾਲਾਂ ਪਾਉਣ ਲਈ ਤਿਆਰ ਹਨ, ਜੋ ਲੰਮੇਂ ਸਮੇਂ ਬਾਅਦ ਅਪਣੀ ਨਵੀਂ ਐਲਬਮ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜੋ ਜਲਦ ਹੀ ਵੱਖ-ਵੱਖ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਹੀ ਹੈ। 'ਸਪੀਡ ਰਿਕਾਰਡਜ਼' ਅਤੇ 'ਟਾਈਮਜ਼ ਮਿਊਜ਼ਿਕ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਸ਼ਾਨਦਾਰ ਐਲਬਮ ਦਾ ਸੰਗੀਤ ਮਸ਼ਹੂਰ ਸੰਗੀਤਕਾਰ ਜਤਿੰਦਰ ਸ਼ਾਹ ਦੁਆਰਾ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਸੰਗੀਤਬੱਧ ਕੀਤੇ ਬੇਸ਼ੁਮਾਰ ਗੀਤ ਮਕਬੂਲੀਅਤ ਦੇ ਕਈ ਨਵੇਂ ਅਯਾਮ ਤਾਂ ਸਥਾਪਿਤ ਕਰਨ ਸਫਲ ਰਹੇ ਹੀ ਹਨ, ਨਾਲ ਹੀ ਉਨ੍ਹਾਂ ਦੀ ਲੀਜੈਂਡ ਗਾਇਕ ਗੁਰਦਾਸ ਮਾਨ ਨਾਲ ਸੰਗੀਤਕ ਟਿਊਨਿੰਗ ਵੀ ਬੇਮਿਸਾਲ ਰਹੀ ਹੈ, ਜੋ ਇਕੱਠਿਆਂ ਕਈ ਹਿੱਟ ਗੀਤਾਂ ਨੂੰ ਸਾਹਮਣੇ ਲਿਆ ਚੁੱਕੇ ਹਨ, ਜਿਨ੍ਹਾਂ 'ਚ 'ਪੰਜਾਬ', 'ਪਿੰਡ ਦੀ ਹਵਾ', 'ਮੱਖਣਾ', 'ਗਿੱਧੇ ਵਿੱਚ' ਅਤੇ 'ਕੀ ਬਣੂੰ ਦੁਨੀਆ ਦਾ' ਕਵਰ ਵਰਜਨ ਆਦਿ ਜਿਹੇ ਬਿਹਤਰੀਨ ਗਾਣੇ ਸ਼ੁਮਾਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਪ੍ਰਾਈਮ ਵੀਡੀਓ ਨੇ ਕੀਤਾ ‘ਫਾਲੋ ਕਰ ਲੋ ਯਾਰ’ ਦੇ ਲਾਂਚ ਦਾ ਐਲਾਨ
ਆਗਾਮੀ 5 ਸਤੰਬਰ ਨੂੰ ਸੰਗੀਤਕ ਮਾਰਕੀਟ 'ਚ ਜਾਰੀ ਕੀਤੀ ਜਾ ਰਹੀ ਉਕਤ ਐਲਬਮ ਵਿਚਲੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਪੰਜਾਬ ਅਤੇ ਪੰਜਾਬੀਅਤ ਵੰਨਗੀਆਂ ਨੂੰ ਬੇਹੱਦ ਖੂਬਸੂਰਤੀ ਨਾਲ ਉਭਾਰਿਆ ਗਿਆ ਹੈ, ਜਿਸ 'ਚ ਮਿੱਟੀ ਦੀ ਖੁਸ਼ਬੂ, ਕਦਰਾਂ ਕੀਮਤਾਂ, ਪੁਰਾਤਨ ਸਮੇਂ ਦੀਆਂ ਰੰਗਲੀਆਂ ਬਾਤਾਂ ਅਤੇ ਆਪਸੀ ਰਿਸ਼ਤਿਆਂ ਦੀ ਅਸਰ ਗਵਾ ਰਹੀ ਭਾਵਨਾਤਮਕਤਾ ਅਤੇ ਮੌਜੂਦਾ ਟੁੱਟ ਭੱਜ ਦੀ ਗੱਲ ਬਹੁਤ ਪ੍ਰਭਾਵੀ ਅਲਫਾਜ਼ਾਂ ਦੁਆਰਾ ਕੀਤੀ ਗਈ ਹੈ। ਦੁਨੀਆ ਭਰ 'ਚ ਸਰਵ ਪ੍ਰਵਾਨਤ ਗਾਇਕ ਵਜੋਂ ਭੱਲ ਸਥਾਪਿਤ ਕਰ ਚੁੱਕੇ ਗੁਰਦਾਸ ਮਾਨ ਦਾ ਸ਼ੁਮਾਰ ਅਜਿਹੇ ਆਹਲਾ ਦਰਜਾ ਫਨਕਾਰ ਵਜੋਂ ਵੀ ਕੀਤਾ ਜਾਂਦਾ ਹੈ, ਜਿਨ੍ਹਾਂ ਹਮੇਸ਼ਾ ਅਸਲ ਪੰਜਾਬ ਅਤੇ ਰਿਸ਼ਤਿਆਂ ਦੀ ਖੂਬਸੂਰਤ ਪ੍ਰਤੀਬਿੰਬਤਾ ਕਰਦੇ ਗੀਤ ਗਾਉਣ ਨੂੰ ਤਰਜੀਹ ਦਿੱਤੀ ਹੈ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਹਰ ਗੀਤ ਨੂੰ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ -Sidharth Malhotra ਨਾਲ ਕੋਜੀ ਵੀਡੀਓ ਵਾਇਰਲ ਹੋਣ 'ਤੇ ਮਾਡਲ ਨੇ ਕਿਆਰਾ ਤੋਂ ਮੰਗੀ ਮੁਆਫ਼ੀ
ਗਾਇਕੀ ਦੇ ਨਾਲ-ਨਾਲ ਫ਼ਿਲਮੀ ਖਿੱਤੇ 'ਚ ਵੀ ਅਪਣੀ ਹੋਂਦ ਦਾ ਲੋਹਾ ਮੰਨਵਾਉਣ 'ਚ ਸਫ਼ਲ ਰਹੇ ਹਨ ਗੁਰਦਾਸ ਮਾਨ, ਜਿਨ੍ਹਾਂ ਵੱਲੋਂ ਬਣਾਈਆਂ ਅਤੇ ਬਤੌਰ ਅਦਾਕਾਰ ਕੀਤੀਆਂ ਪੰਜਾਬੀ ਫ਼ਿਲਮਾਂ ਦਰਸ਼ਕਾਂ ਦੇ ਮਨਾਂ 'ਚ ਅਮਿੱਟ ਛਾਪ ਛੱਡਣ 'ਚ ਕਾਮਯਾਬ ਰਹੀਆਂ, ਜਿਨ੍ਹਾਂ 'ਚ 'ਕੀ ਬਣੂੰ ਦੁਨੀਆ ਦਾ', 'ਲੌਂਗ ਦਾ ਲਿਸ਼ਕਾਰਾ', 'ਉੱਚਾ ਦਰ ਬਾਬੇ ਨਾਨਕ ਦਾ', 'ਸ਼ਹੀਦ ਏ ਮੁਹੱਬਤ ਬੂਟਾ ਸਿੰਘ', 'ਸ਼ਹੀਦ ਊਧਮ ਸਿੰਘ', 'ਨਨਕਾਣਾ', 'ਵਾਰਿਸ ਸ਼ਾਹ', 'ਮਿੰਨੀ ਪੰਜਾਬ', 'ਯਾਰੀਆਂ', 'ਦੇਸ਼ ਹੋਇਆ ਪ੍ਰਦੇਸ਼' ਆਦਿ ਸ਼ੁਮਾਰ ਰਹੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।