''ਸਿੱਖ'' ਮੁਫ਼ਤ ਵੰਡ ਰਹੇ ਨੇ ਆਕਸੀਜਨ ਸਿਲੰਡਰ, ਬੱਬੂ ਮਾਨ ਨੇ ''ਅੱਤਵਾਦੀ'' ਕਹਿਣ ਵਾਲਿਆਂ ਨੂੰ ਕਵਿਤਾ ਰਾਹੀਂ ਦਿੱਤਾ ਕਰਾਰਾ ਜਵਾਬ
Saturday, May 01, 2021 - 11:34 AM (IST)
ਚੰਡੀਗੜ੍ਹ (ਬਿਊਰੋ) - ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਬਹੁਤ ਹੀ ਖ਼ਤਰਨਾਕ ਰੂਪ ਧਾਰਿਆ ਹੋਇਆ ਹੈ। ਦੂਜੀ ਲਹਿਰ 'ਚ ਲੋਕਾਂ ਨੂੰ ਸਭ ਤੋਂ ਵੱਧ ਆਕਸੀਜਨ ਦੀ ਜ਼ਰੂਰਤ ਪੈ ਰਹੀ ਹੈ। ਇਸ ਨਵੀਂ ਵੇਵ ਨਾਲ ਲੋਕਾਂ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਹੈ, ਜਿਸ ਕਰਕੇ ਆਕਸੀਜਨ ਦੇ ਸਿਲੰਡਰਾਂ ਦੀ ਕਮੀ ਆ ਗਈ ਹੈ। ਇਸ ਮੁਸ਼ਕਿਲ ਸਮੇਂ 'ਚ ਕੇਂਦਰ ਸਰਕਾਰ ਜੋ ਕਿ ਇਸ ਮਾਮਲੇ 'ਚ ਲਾਚਾਰ ਨਜ਼ਰ ਆ ਰਹੀ ਹੈ।
ਆਕਸੀਜਨ ਸਿਲੰਡਰਾਂ ਦੀ ਕਮੀ ਕਾਰਨ ਵੱਡੀ ਗਿਣਤੀ 'ਚ ਲੋਕ ਮੌਤ ਦੀ ਨੀਂਦ ਸੌਂ ਰਹੇ ਹਨ। ਇਸ ਮੁਸ਼ਕਿਲ ਸਮੇਂ 'ਚ ਸਿੱਖ ਕੌਮ ਲੋੜਵੰਦ ਲੋਕਾਂ ਦੀ ਸੇਵਾ ਲਈ ਅੱਗੇ ਆਈ ਹੈ, ਜੋ ਕਿ ਲੋੜਵੰਦ ਲੋਕਾਂ ਨੂੰ ਆਕਸੀਜਨ ਸਿਲੰਡਰ ਮੁਹੱਇਆ ਕਰਵਾ ਰਹੀ ਹੈ। ਇਸ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਸਿੱਖ ਕੌਮ ਇਹ ਆਕਸੀਜਨ ਸਿਲੰਡਰ ਮੁਫ਼ਤ (ਫ਼ਰੀ) 'ਚ ਮੁਹੱਇਆ ਕਰਵਾ ਰਹੀ ਹੈ।
ਦੱਸ ਦਈਏ ਕਿ ਸਿੱਖ ਭਾਈਚਾਰੇ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਇਸ ਕੰਮ ਦੀ ਤਾਰੀਫ਼ ਕਰਦੇ ਹੋਏ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਨੇ ਇੱਕ ਛੋਟੀ ਜਿਹੀ ਕਵਿਤਾ ਲਿਖੀ ਹੈ। ਉਨ੍ਹਾਂ ਇਸ ਕਵਿਤਾ ਨਾਲ ਇੱਕ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੀ ਹੈ। ਇਹ ਕਵਿਤਾ ਉਨ੍ਹਾਂ ਲੋਕਾਂ ਦੇ ਮੂੰਹ 'ਤੇ ਕਰਾਰੀ ਚਪੇੜ ਹੈ, ਜੋ ਕਿ ਪੰਜਾਬੀਆਂ ਨੂੰ ਅੱਤਵਾਦੀ ਦੱਸਦੇ ਹਨ। ਹੁਣ ਦੇਖ ਲਵੋ ਜਦੋਂ ਦੇਸ਼ ਨੂੰ ਲੋੜ ਪਈ ਤਾਂ ਆਕਸੀਜਨ ਦਾ ਲੰਗਰ ਵੀ ਲਗਾ ਦਿੱਤਾ ਹੈ। ਜੀ ਆਕਸੀਜਨ ਦਾ ਲੰਗਰ ਜਿਸ 'ਚ ਲੋਕਾਂ ਨੂੰ ਮੁਫਤ 'ਚ ਆਕਸੀਜਨ ਦੇ ਸਿਲੰਡਰ ਮੁਹੱਇਆ ਕਰਵਾਏ ਜਾ ਰਹੇ ਹਨ ਅਤੇ ਲੋਕਾਂ ਦੀ ਜਾਨਾਂ ਬਚਾਈਆਂ ਜਾ ਰਹੀਆਂ ਹਨ।
ਬੱਬੂ ਮਾਨ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਕੈਪਸ਼ਨ 'ਚ 'ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ' ਲਿਖ ਕੇ ਪੋਸਟ ਕੀਤਾ ਹੈ। ਸੋਸ਼ਲ ਮੀਡੀਆ 'ਤੇ ਇਸ ਕਵਿਤਾ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਕਰਕੇ ਇਹ ਖੂਬ ਸ਼ੇਅਰ ਹੋ ਰਹੀ ਹੈ।