ਸਰਦੂਲ ਸਿਕੰਦਰ ਲਈ ਅਮਰ ਨੂਰੀ ਨੇ ਦਿੱਤਾ ਸੀ ਬੇਤਹਾਸ਼ਾ ਮੁਹੱਬਤ ਦਾ ਸਬੂਤ, ਪਿਆਰ ਨੂੰ ਹਮੇਸ਼ਾ ਲਈ ਕੀਤਾ ਅਮਰ
Monday, Jan 23, 2023 - 04:19 PM (IST)
ਜਲੰਧਰ (ਬਿਊਰੋ) : ਪੰਜਾਬੀ ਗਾਇਕਾ ਅਮਰ ਨੂਰੀ ਅੱਜ ਆਪਣਾ 55ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦੇ ਜਨਮਦਿਨ ਮੌਕੇ ਅਸੀਂ ਤੁਹਾਡੇ ਲਈ ਨੂਰੀ ਦੀ ਜ਼ਿੰਦਗੀ ਨਾਲ ਜੁੜਿਆ ਇੱਕ ਖ਼ਾਸ ਤੇ ਦਿਲਚਸਪ ਕਿੱਸਾ ਲੈ ਕੇ ਆਏ ਹਾਂ। ਇਹ ਕਿੱਸਾ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੋਵਾਂ ਨਾਲ ਜੁੜਿਆ ਹੋਇਆ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਨੂਰੀ ਤੇ ਸਰਦੂਲ ਸਿਕੰਦਰ ਦੀ ਲਵ ਸਟੋਰੀ ਬਾਰੇ :-
ਅਮਰ ਨੂਰੀ ਦਾ ਜਨਮ 23 ਜਨਵਰੀ 1967 ਨੂੰ ਰੂਪਨਗਰ ਦੇ ਪਿੰਡ ਰੰਗੀਲਪੁਰ ਵਿਖੇ ਹੋਇਆ ਸੀ। ਉਹ ਪ੍ਰਸਿੱਧ ਗਾਇਕ ਰੌਸ਼ਨ ਸਾਗਰ ਦੀ ਧੀ ਹੈ। ਉਨ੍ਹਾਂ ਨੇ ਸੰਗੀਤ ਦੀ ਸਿਖਲਾਈ ਆਪਣੇ ਪਿਤਾ ਕੋਲੋਂ ਹੀ ਲਈ ਹੈ। ਉਨ੍ਹਾਂ ਦੇ ਪਿਤਾ ਬਹੁਤ ਹੀ ਸੁਰੀਲੇ ਗਾਇਕ ਸਨ। ਜਦੋਂ ਰੌਸ਼ਨ ਸਾਗਰ ਦਾ ਕਰੀਅਰ ਸਿਖਰਾਂ 'ਤੇ ਸੀ ਤਾਂ ਉਨ੍ਹਾਂ ਦੇ ਕਿਸੇ ਵਿਰੋਧੀ ਨੇ ਰੰਜਿਸ਼ ਦੇ ਚਲਦਿਆਂ ਉਨ੍ਹਾਂ ਨੂੰ ਕੱਚ ਪੀਸ ਦੇ ਦਿੱਤਾ ਸੀ। ਇਸ ਕਰਕੇ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ ਸੀ। ਰੌਸ਼ਨ ਸਾਗਰ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਚਲਾਉਣ ਦੀ ਜ਼ਿੰਮੇਵਾਰੀ ਅਮਰ ਨੂਰੀ ਤੇ ਉਨ੍ਹਾਂ ਦੇ ਭਰਾ ਦੇ ਮੋਢਿਆਂ 'ਤੇ ਆ ਗਈ। ਇਸ ਤੋਂ ਬਾਅਦ ਹੀ ਨੂਰੀ ਨੇ 9 ਸਾਲ ਦੀ ਉਮਰ 'ਚ ਗਾਇਕੀ ਦੀ ਦੁਨੀਆ 'ਚ ਕਦਮ ਰੱਖਿਆ।
ਅਮਨ ਨੂਰੀ ਨਾਲ ਮੁਲਾਕਾਤ
ਸਾਲ 1986 ਦਾ ਉਹ ਮੁਕੱਦਸ ਸਮਾਂ ਆਇਆ ਜਦੋਂ ਉਨ੍ਹਾਂ ਮੁਲਾਕਾਤ ਪੰਜਾਬੀ ਗਾਇਕਾ ਅਮਰ ਨੂਰੀ ਦੇ ਨਾਲ ਹੋਈ। ਇਹ ਕਿਸਮਤ ਹੀ ਸੀ ਜਿਸਨੇ ਦੋਵਾਂ ਨੂੰ ਇੱਕੋਂ ਮੰਚ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ। ਉਨ੍ਹਾਂ ਦੀ ਕੈਮਿਸਟਰੀ ਇੰਨੀ ਸ਼ਾਨਦਾਰ ਸੀ ਕਿ ਕੁੱਝ ਹੀ ਸਮੇਂ 'ਚ ਉਹ ਦੁਨੀਆਂ ਭਰ 'ਚ ਅਜਿਹੀ ਪੰਜਾਬੀ ਗਾਇਕ ਜੋੜੀ ਬਣ ਕੇ ਉੱਭਰੀ, ਜਿਸਦੀ ਮੰਗ ਸਭ ਤੋਂ ਜ਼ਿਆਦਾ ਹੋਣ ਲੱਗੀ। ਉਹਨਾਂ ਵਿਚਕਾਰ ਸ਼ਾਨਦਾਰ ਕੈਮਿਸਟਰੀ ਦੋਵਾਂ ਦੇ ਦਿਲਾਂ 'ਚ ਇੱਕ ਦੂਜੇ ਲਈ ਮੁਹੱਬਤ ਦਾ ਹੀ ਨਤੀਜਾ ਸੀ।
ਇੰਝ ਕੀਤਾ ਪਿਆਰ ਦਾ ਇਜ਼ਹਾਰ
ਆਖਰਕਾਰ ਕੁੱਝ ਸਾਲ ਬਾਅਦ ਸਰਦੂਲ ਸਿਕੰਦਰ ਨੇ ਅਮਰ ਨੂਰੀ ਲਈ ਆਪਣੀ ਮੁਹੱਬਤ ਦਾ ਇਜ਼ਹਾਰ ਕਰਨ ਦੀ ਹਿੰਮਤ ਜੁਟਾਈ ਪਰ ਕਾਫੀ ਕੋਸ਼ਿਸ਼ ਤੋਂ ਬਾਅਦ ਵੀ ਉਹ ਜਦੋਂ ਆਪਣੇ ਦਿਲ ਦੀ ਗੱਲ ਬੋਲ ਨਹੀਂ ਸਕੇ ਤਾਂ ਉਨ੍ਹਾਂ ਕੁਝ ਵੱਖਰਾ ਕਰਨ ਦਾ ਫੈਸਲਾ ਕੀਤਾ। ਸਰਦੂਲ ਸਿਕੰਦਰ ਨੇ ਕਾਫੀ ਕੋਸ਼ਿਸ ਤੋਂ ਬਾਅਦ ਅਮਰ ਨੂਰੀ ਦੀ ਉਹ ਡਾਇਰੀ ਚੁੱਕ ਲਈ, ਜਿਸ 'ਚ ਉਹ ਆਪਣੇ ਗੀਤ ਲਿਖਿਆ ਕਰਦੇ ਸਨ। ਉਨ੍ਹਾਂ ਉਸ ਡਾਇਰੀ 'ਚ ਮੁਹੱਬਤ ਦਾ ਪੈਗਾਮ ਲਿਖਣ ਤੋਂ ਬਾਅਦ ਉਸਨੂੰ ਅਮਰ ਨੂਰੀ ਦੇ ਟੇਬਲ 'ਤੇ ਵਾਪਸ ਰੱਖ ਦਿੱਤਾ। ਹੁਣ ਵਾਰੀ ਅਮਰ ਨੂਰੀ ਦੀ ਸੀ, ਉਸ ਪੈਗਾਮ ’ਤੇ ਆਪਣੀ ਮੁਹੱਬਤ ਦੀ ਮੋਹਰ ਲਗਾਉਣ ਦੀ।
ਬਹਿਰਹਾਲ, ਅਮਰ ਨੂਰੀ ਦੇ ਦਿਲ 'ਚ ਵੀ ਸਰਦੂਲ ਸਿਕੰਦਰ ਲਈ ਮੁਹੱਬਤ ਸੀ, ਜਿਸਦਾ ਇਜ਼ਹਾਰ ਉਨ੍ਹਾਂ ਨੇ ਵੀ ਨਹੀਂ ਕੀਤਾ ਸੀ। ਅਮਰ ਨੂਰੀ ਨੇ ਉਸ ਡਾਇਰੀ 'ਚ ਆਪਣਾ ਸੁਨੇਹਾ ਲਿਖ ਸਰਦੂਲ ਸਿਕੰਦਰ ਨੂੰ ਦੇ ਦਿੱਤਾ। ਜਿਉਂ ਹੀ ਸਰਦੂਲ ਨੇ ਉਹ ਸੁਨੇਹਾ ਪੜਿਆ ਤਾਂ ਖੁਸ਼ੀ 'ਚ ਨੱਚਣ ਲੱਗੇ। ਕਿਉਂਕਿ ਸਰਦੂਲ ਸਿਕੰਦਰ ਦੇ ਉਸ ਪੈਗਾਮ ਦੇ ਜਵਾਬ ਦਿੰਦੇ ਹੋਏ ਅਮਰ ਨੂਰੀ ਨੇ ਹਾਂ ਕਰ ਦਿੱਤੀ ਸੀ। ਇੱਕ ਦੂਜੇ ਲਈ ਆਪਣੀ ਮੁਹੱਬਤ ਦਾ ਇਜ਼ਹਾਰ ਕਰਨ ਵਾਲੀ ਇਹ ਜੋੜੀ 30 ਜਨਵਰੀ 1993 ਨੂੰ ਵਿਆਹ ਦੇ ਬੰਧਨ 'ਚ ਬੱਝ ਗਈ। ਇਸ ਦੋਗਾਣਾ ਜੋੜੀ ਨੇ ਬਹੁਤ ਸਾਰੇ ਐਲਬਮ ਰਿਲੀਜ਼ ਕੀਤੇ। ਜਿਸ 'ਚ ਗੋਰਾ ਰੰਗ ਦੇਈ ਨਾ ਰੱਬਾ ਦਾ ਨਾਂ ਖ਼ਾਸ ਹੈ। ਇਸ ਤੋਂ ਇਲਾਵਾ ਗੀਤ 'ਹੱਸਦੀ ਦੇ ਫੁੱਲ ਕਿਰਦੇ' , ‘ਤੇਰਾ ਲਿਖ ਦੂੰ ਸਫੈਦਿਆਂ ’ਤੇ ਨਾਂ’ ਨੂੰ ਵੀ ਲੋਕਾਂ ਵੱਲੋਂ ਕਾਫੀ ਜ਼ਿਆਦਾ ਪਿਆਰ ਮਿਲਿਆ।
ਅਮਰ ਨੂਰੀ ਨੇ ਦਿੱਤਾ ਬੇਤਹਾਸ਼ਾ ਮੁਹੱਬਤ ਦਾ ਸਬੂਤ
ਦੱਸ ਦੇਈਏ ਕਿ ਕੁੱਝ ਸਮਾਂ ਪਹਿਲਾਂ ਗਾਇਕ ਸਰਦੂਲ ਸਿਕੰਦਰ ਦੀ ਤਬੀਅਤ ਨਾਸਾਜ਼ ਸੀ। ਜਿਸਦੇ ਚਲਦਿਆਂ ਉਨ੍ਹਾਂ ਦਾ ਕਿਡਨੀ ਟ੍ਰਾਂਸਪਲਾਂਟ ਵੀ ਹੋਇਆ ਅਤੇ ਉਹਨਾਂ ਦੀ ਸ਼ਰੀਕ-ਏ-ਹਯਾਤ ਅਮਰ ਨੂਰੀ ਨੇ ਆਪਣੀ ਕਿਡਨੀ ਦੇ ਕੇ ਉਨ੍ਹਾਂ ਦੀ ਨਾਂ ਸਿਰਫ਼ ਜਾਨ ਬਚਾਈ ਸਗੋਂ ਆਪਣੀ ਬੇਤਹਾਸ਼ਾ ਮੁਹੱਬਤ ਦਾ ਸਬੂਤ ਵੀ ਦਿੱਤਾ ਪਰ ਰੱਬ ਨੂੰ ਸ਼ਾਇਦ ਕੁੱਝ ਹੋਰ ਹੀ ਮਨਜ਼ੂਰ ਸੀ। ਕੋਰੋਨਾ ਜਿਹੀ ਨਾਮੁਰਾਦ ਬੀਮਾਰੀ ਦੀ ਚਪੇਟ 'ਚ ਆਉਣ ਕਾਰਨ ਸਰਦੂਲ ਸਿਕੰਦਰ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ। ਪੰਜਾਬੀ ਸੰਗੀਤ ਜਗਤ 'ਚ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾਵੇਗਾ।
ਦੋਵਾਂ ਦੀ ਜੋੜੀ ਦੇ ਚੁੱਕੀ ਹੈ ਕਈ ਹਿੱਟ ਗੀਤ
ਅਮਰ ਨੂਰੀ ਤੇ ਸਰਦੂਲ ਸਿਕੰਦਰ ਦਰਸ਼ਕਾਂ ਦੀਆਂ ਪਸੰਦੀਦਾ ਜੋੜੀਆਂ 'ਚੋਂ ਇੱਕ ਹਨ। ਅਮਰ ਨੂਰੀ ਤੇ ਸਰਦੂਲ ਸਿਕੰਦਰ ਨੇ ਇਕੱਠੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਜਿਵੇਂ 'ਰੋਡ ਦੇ ਉੱਤੇ', 'ਮੇਰਾ ਦਿਓਰ', 'ਇੱਕ ਤੂੰ ਹੋਵੇ ਇੱਕ ਮੈਂ ਹੋਵਾਂ', 'ਕੌਣ ਹੱਸਦੀ' ਵਰਗੇ ਕਈ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।
ਪੂਰਾ ਪਰਿਵਾਰ ਖ਼ਿਲਾਫ਼ ਸੀ ਵਿਆਹ ਦੇ
ਅਮਰ ਨੂਰੀ ਦਾ ਸਰਦੂਲ ਸਿਕੰਦਰ ਨਾਲ ਪ੍ਰੇਮ ਵਿਆਹ ਹੋਇਆ ਹੈ। ਅਮਨ ਨੂਰੀ ਨੇ ਇੱਕ ਇੰਟਰਵਿਊ 'ਚ ਖ਼ੁਲਾਸਾ ਕੀਤਾ ਸੀ ਕਿ ਸਰਦੂਲ ਨਾਲ ਵਿਆਹ ਕਰਵਾਉਣ ਲਈ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਇਸ ਵਿਆਹ ਖ਼ਿਲਾਫ਼ ਉਨ੍ਹਾਂ ਦੇ ਪਰਿਵਾਰ ਦਾ ਹਰ ਮੈਂਬਰ ਸੀ। ਅਮਨ ਨੂਰੀ ਦੇ ਪਿਤਾ ਰੌਸ਼ਨ ਸਾਗਰ ਉਨ੍ਹਾਂ ਦਾ ਵਿਆਹ ਅਮਰੀਕਾ ਦੇ ਕਿਸੇ ਡਾਕਟਰ ਨਾਲ ਕਰਨਾ ਚਾਹੁੰਦੇ ਸਨ ਪਰ ਨੂਰੀ ਦੀ ਜਿੱਦ ਅੱਗੇ ਹਰ ਕੋਈ ਹਾਰ ਗਿਆ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।