ਜੈਜ਼ੀ ਬੀ ਨੇ ਕਿਹਾ ''ਸਰਕਾਰ ਨੇ ਬੇਸ਼ੱਕ ਮੇਰਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ, ਪਰ ਮੇਰੀ ਆਵਾਜ਼ ਬੰਦ ਨਹੀਂ ਕਰ ਸਕਦੇ''
Saturday, Oct 16, 2021 - 09:36 AM (IST)
ਚੰਡੀਗੜ੍ਹ (ਬਿਊਰੋ) - ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਖੇਤੀ ਬਿੱਲਾਂ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਹਨ ਪਰ ਕਿਸਾਨਾਂ ਦੀਆਂ ਮੰਗਾਂ 'ਤੇ ਸਰਕਾਰ ਨੇ ਹਾਲੇ ਤੱਕ ਕੋਈ ਵਿਚਾਰ ਨਹੀਂ ਕੀਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਹਰ ਹਾਲ 'ਚ ਮੰਨਵਾ ਕੇ ਰਹਿਣਗੇ। ਕਿਸਾਨਾਂ ਦੇ ਸਮਰਥਨ 'ਚ ਪੰਜਾਬੀ ਇੰਡਸਟਰੀ ਦੇ ਸਿਤਾਰੇ ਆਵਾਜ਼ ਬੁਲੰਦ ਕਰ ਰਹੇ ਹਨ। ਪੰਜਾਬੀ ਇੰਡਸਟਰੀ ਦੇ ਗਾਇਕ ਜੈਜ਼ੀ ਬੀ ਵੀ ਕਿਸਾਨਾਂ ਦੇ ਹੱਕ 'ਚ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ।
ਗਾਇਕ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਹ ਕਹਿ ਰਹੇ ਹਨ ਕਿ ਬੇਸ਼ੱਕ ਭਾਰਤ ਸਰਕਾਰ ਵੱਲੋਂ ਉਸ ਦਾ ਟਵਿੱਟਰ ਅਕਾਊਂਟ ਬੰਦ ਕਰਵਾ ਦਿੱਤਾ ਗਿਆ ਹੈ ਪਰ ਉਸ ਦੀ ਆਵਾਜ਼ ਨੂੰ ਕੋਈ ਵੀ ਬੰਦ ਨਹੀਂ ਕਰਵਾ ਸਕਦਾ।
ਇਸ ਦੇ ਨਾਲ ਹੀ ਗਾਇਕ ਨੇ ਆਪਣੇ ਸ਼ੋਅ ਤੋਂ ਵੀ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਅਤੇ ਕਿਸਾਨਾਂ ਦੇ ਹੱਕ 'ਚ ਨੌਜਵਾਨਾਂ ਨੂੰ ਅੱਗੇ ਆਉਣ ਦੀ ਅਪੀਲ ਵੀ ਕੀਤੀ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਗਾਇਕ ਦੀਆਂ ਕੋਸ਼ਿਸ਼ਾਂ ਦੀ ਤਾਰੀਫ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਈ ਗਾਇਕ ਅਤੇ ਕਲਾਕਾਰ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਚੁੱਕੇ ਹਨ।