ਪੁਲਸ ਅਫ਼ਸਰ ਬਣਦੀ-ਬਣਦੀ ਕਿਵੇਂ ਅਦਾਕਾਰੀ ਦੇ ਖ਼ੇਤਰ 'ਚ ਆਈ ਰੂਪੀ ਗਿੱਲ, ਜਾਣੋ ਦਿਲਚਪਸ ਕਿੱਸਾ
Friday, Jul 10, 2020 - 10:01 AM (IST)

ਜਲੰਧਰ (ਬਿਊਰੋ) — 'ਲਾਈਏ ਜੇ ਯਾਰੀਆਂ' ਅਤੇ 'ਅਸ਼ਕੇ' ਵਰਗੀਆਂ ਕਈ ਫ਼ਿਲਮਾਂ 'ਚ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਪੰਜਾਬੀ ਮਾਡਲ ਅਤੇ ਅਦਾਕਾਰਾ ਰੂਪੀ ਗਿੱਲ ਪੰਜਾਬੀ ਫ਼ਿਲਮ ਉਦਯੋਗ 'ਚ ਵੱਖਰਾ ਮੁਕਾਮ ਬਣਾ ਚੁੱਕੀ ਹੈ। ਰੂਪੀ ਗਿੱਲ ਵਿਦੇਸ਼ ਦੀ ਜੰਮਪਲ ਹੈ ਅਤੇ ਐਕਟਿੰਗ ਦੇ ਖ਼ੇਤਰ 'ਚ ਆਉਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਸੀ। ਰੂਪੀ ਗਿੱਲ ਕੈਨੇਡਾ ਦੀ ਜੰਮਪਲ ਹੈ ਅਤੇ ਉੱਥੇ ਹੀ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ। ਰੂਪੀ ਗਿੱਲ ਐਕਟਿੰਗ ਸਿਰਫ਼ ਸ਼ੌਂਕੀਆਂ ਤੌਰ 'ਤੇ ਕਰਨਾ ਪਸੰਦ ਕਰਦੇ ਸਨ ਪਰ ਉਨ੍ਹਾਂ ਦਾ ਇਹ ਸ਼ੌਂਕ ਉਨ੍ਹਾਂ ਦਾ ਪ੍ਰੋਫੈਸ਼ਨ ਬਣ ਜਾਵੇਗਾ ਇਸ ਬਾਰੇ ਉਨ੍ਹਾਂ ਨੇ ਕਦੇ ਸੁਫ਼ਨੇ 'ਚ ਵੀ ਨਹੀਂ ਸੋਚਿਆ ਸੀ।
ਰੂਪੀ ਗਿੱਲ ਦਾ ਇਹ ਸ਼ੌਂਕ ਕਿਵੇਂ ਉਨ੍ਹਾਂ ਦਾ ਪ੍ਰੋਫੈਸ਼ਨ ਬਣ ਗਿਆ ਅਤੇ ਉਹ ਅਸਲ 'ਚ ਬਣਨਾ ਕੀ ਚਾਹੁੰਦੇ ਸਨ? ਦਰਅਸਲ ਰੂਪੀ ਗਿੱਲ ਦਾ ਸੁਫ਼ਨਾ ਇੱਕ ਪੁਲਸ ਅਫ਼ਸਰ ਬਣਨ ਦਾ ਸੀ ਅਤੇ ਉਹ ਇਸ ਖ਼ੇਤਰ 'ਚ ਹੀ ਅੱਗੇ ਵੱਧਣਾ ਚਾਹੁੰਦੇ ਸਨ ਪਰ ਕਿਸਮਤ ਉਨ੍ਹਾਂ ਨੂੰ ਅਦਾਕਾਰੀ ਵਾਲੇ ਪਾਸੇ ਲੈ ਆਈ। ਬਹੁਤ ਹੀ ਜਲਦ ਉਹ ਇੱਕ ਪ੍ਰਸਿੱਧ ਅਦਾਕਾਰਾ ਬਣ ਗਏ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ।
ਰੂਪੀ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪ੍ਰਭ ਗਿੱਲ ਦੇ ਰੋਮਾਂਟਿਕ 'ਤਾਰਿਆਂ ਦੇ ਦੇਸ' 'ਚ ਮਾਡਲਿੰਗ ਤੋਂ ਕੀਤੀ ਸੀ। ਇਸ ਗੀਤ ਦੇ ਵੀਡੀਓ ਨੂੰ ਸੁੱਖ ਸੰਘੇੜਾ ਵੱਲੋਂ ਡਾਇਰੈਕਟ ਕੀਤਾ ਗਿਆ ਸੀ। ਸੁੱਖ ਸੰਘੇੜਾ ਨੇ ਹੀ ਰੂਪੀ ਗਿੱਲ 'ਤੇ ਵਿਸ਼ਵਾਸ ਜਤਾਇਆ ਸੀ ਅਤੇ ਉਨ੍ਹਾਂ ਨੂੰ ਇਸ ਗੀਤ 'ਚ ਕੰਮ ਕਰਨ ਦਾ ਮੌਕਾ ਦਿਵਾਇਆ ਸੀ।
ਇਸ ਤੋਂ ਬਾਅਦ ਰੂਪੀ ਗਿੱਲ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਲਗਾਤਾਰ ਪੰਜਾਬੀ ਫ਼ਿਲਮ ਉਦਯੋਗ 'ਚ ਉਨ੍ਹਾਂ ਦੀ ਡਿਮਾਂਡ (ਮੰਗ) ਵੱਧਦੀ ਗਈ ਅਤੇ ਉਹ ਕਈ ਗੀਤਾਂ 'ਚ ਨਜ਼ਰ ਆਏ। ਭਾਵੇਂ ਉਹ ਗੁਰਨਾਮ ਭੁੱਲਰ ਦਾ 'ਡਾਇਮੰਡ' ਗੀਤ ਹੋਵੇ, ਮਨਕਿਰਤ ਔਲਖ ਦਾ ਗੀਤ 'ਕਮਲੀ ਹੋਵੇ' ਜਾਂ ਫ਼ਿਰ ਹੋਰ ਕੋਈ ਗੀਤ। ਉਨ੍ਹਾਂ ਨੇ ਹਰ ਗੀਤ 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ। ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੀਤਾਂ ਅਤੇ ਫ਼ਿਲਮਾਂ ਦੇ ਕਿਰਦਾਰ ਉਨ੍ਹਾਂ ਦੀ ਝੋਲੀ ਪੈਣ ਲੱਗ ਪਏ ਅਤੇ ਉਨ੍ਹਾਂ ਨੂੰ ਮੌਕਾ ਮਿਲਿਆ ਫ਼ਿਲਮ 'ਵੱਡਾ ਕਲਾਕਾਰ' 'ਚ ਕੰਮ ਕਰਨ ਦਾ। ਇਸ ਫ਼ਿਲਮ 'ਚ ਉਨ੍ਹਾਂ ਨਾਲ ਅਲਫਾਜ਼ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ।
ਦੱਸਣਯੋਗ ਹੈ ਕਿ ਰੂਪੀ ਗਿੱਲ ਦੀ ਕਿਊਟ ਲੁੱਕ ਨੂੰ ਪੰਜਾਬੀ ਸਰੋਤਿਆਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ। ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।