ਸੰਭਾਵਨਾ ਸੇਠ ਨੇ ਬਿਆਨ ਕੀਤਾ ਦਰਦ, ਕਿਹਾ- ‘ਕੋਰੋਨਾ ਨੇ ਨਹੀਂ ਮਾਰਿਆ ਮੇਰਾ ਪਿਤਾ’
Wednesday, May 12, 2021 - 10:34 AM (IST)
ਮੁੰਬਈ: ਕੋਰੋਨਾ ਸੰਕਟ ਦੌਰਾਨ ਕਈ ਲੋਕ ਹੈਲਥ ਕੇਅਰ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਕਿਸੇ ਹਸਪਤਾਲ ’ਚ ਆਕਸੀਜਨ ਸਿਲੰਡਰ ਤਾਂ ਕਿਸੇ ’ਚ ਬੈੱਡਾਂ ਦੀ ਘਾਟ ਕਾਰਨ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ। ਆਮ ਜਨਤਾ ਦੇ ਨਾਲ-ਨਾਲ ਸਿਤਾਰੇ ਵੀ ਇਸ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ। ਹਾਲ ਹੀ ’ਚ ਅਦਾਕਾਰ-ਯੂਟਿਊਬਰ ਰਾਹੁਲ ਵੋਹਰਾ ਦਾ ਆਕਸੀਜਨ ਨਾ ਮਿਲਣ ਕਾਰਨ ਦਿਹਾਂਤ ਹੋ ਗਿਆ ਸੀ। ਰਾਹੁਲ ਦੀ ਪਤਨੀ ਜੋਤੀ ਨੇ ਪਤੀ ਦੀ ਮੌਤ ਨੂੰ ਸਿਸਟਮ ਦੀ ਨਾਕਾਮੀ ਦੱਸਿਆ ਸੀ ਅਤੇ ਰਾਹੁਲ ਲਈ ਇਨਸਾਫ ਦੀ ਮੰਗ ਕੀਤੀ ਸੀ। ਉੱਧਰ ਬਿਗ ਬੌਸ ਫੇਮ ਸੰਭਾਵਨਾ ਸੇਠ ਨੇ ਆਪਣੇ ਕੋਰੋਨਾ ਸੰਕਰਮਿਤ ਪਿਤਾ ਨੂੰ ਖੋਹਣ ਤੋਂ ਬਾਅਦ ਹੈਰਾਨ ਕਰਨ ਵਾਲਾ ਦਾਅਵਾ ਕੀਤਾ।
ਉਨ੍ਹਾਂ ਨੇ ਪਿਤਾ ਦੇ ਦਿਹਾਂਤ ਤੋਂ ਬਾਅਦ ਇਕ ਪੋਸਟ ਸਾਂਝੀ ਕੀਤੀ। ਇਸ ਪੋਸਟ ਰਾਹੀਂ ਉਹ ਇਸ਼ਾਰਿਆਂ ’ਚ ਸਿਸਟਮ ’ਤੇ ਪਿਤਾ ਦੇ ਦਿਹਾਂਤ ਦਾ ਇਲਜ਼ਾਮ ਲਗਾ ਰਹੀ ਹੈ। ਅਦਾਕਾਰਾ ਦੇ ਪਿਤਾ ਦੇ ਦਿਹਾਂਤ ਤੋਂ ਤਿੰਨ ਦਿਨ ਬਾਅਦ ਉਨ੍ਹਾਂ ਦੇ ਨਾਲ ਇਕ ਤਸਵੀਰ ਸਾਂਝੀ ਕੀਤੀ।
ਇਸ ਦੇ ਨਾਲ ਉਨ੍ਹਾਂ ਨੇ ਭਾਵੁਕ ਪੋਸਟ ਲਿਖੀ। ਸੰਭਾਵਨਾ ਨੇ ਲਿਖਿਆ ਕਿ ‘ਮੇਰੇ ਪਿਤਾ ਦੀ ਜਾਨ ਬਚਾਈ ਜਾ ਸਕਦੀ ਸੀ। ਸਿਰਫ਼ ਕੋਰੋਨਾ ਨੇ ਹੀ ਉਨ੍ਹਾਂ ਨੂੰ ਨਹੀਂ ਮਾਰਿਆ’। ਇਸ ਕੈਪਸ਼ਨ ਦੇ ਰਾਹੀਂ ਸੰਭਾਵਨਾ ਨੂੰ ਲੋਕ ਪੁੱਛ ਰਹੇ ਹਨ ਕਿ ਕੀ ਉਹ ਪਿਤਾ ਦੇ ਇਲਾਜ ’ਚ ਹੋਈ ਲਾਪਰਵਾਹੀ ਵੱਲ ਇਸ਼ਾਰਾ ਕਰ ਰਹੀ ਹੈ? ਹਾਲਾਂਕਿ ਸੰਭਾਵਨਾ ਨੇ ਇਸ ਦੇ ਅੱਗੇ ਕੁਝ ਹੋਰ ਨਹੀਂ ਲਿਖਿਆ’।
ਦੱਸ ਦੇਈਏ ਕਿ ਕੋਰੋਨਾ ਪੀੜਤਾਂ ਸੰਭਾਵਨਾ ਸੇਠ ਦੇ ਪਿਤਾ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋ ਗਿਆ ਸੀ। ਜਦੋਂ ਉਨ੍ਹਾਂ ਦੀ ਤਬੀਅਤ ਵਿਗੜ ਰਹੀ ਸੀ ਤਾਂ ਸੰਭਾਵਨਾ ਨੇ ਆਪਣੇ ਬਿਮਾਰ ਪਿਤਾ ਲਈ ਆਈ.ਸੀ.ਯੂ. ’ਚ ਬੈੱਡ ਦੇ ਲਈ ਸੋਸ਼ਲ ਮੀਡੀਆ ’ਤੇ ਮਦਦ ਮੰਗੀ ਸੀ। ਉਨ੍ਹਾਂ ਨੇ ਆਪਣੀ ਸੋਸ਼ਲ ਮੀਡੀਆ ਪ੍ਰੋਫਾਈਲ ’ਤੇ ਲਿਖਿਆ ਕਿ ‘ਕੀ ਕੋਈ ਜੈਪੁਰ ਗੋਲਡਨ ਹਸਪਤਾਲ, ਪੀਤਮਪੁਰਾ ਦਿੱਲੀ ’ਚ ਬੈੱਡ ਦਿਵਾ ਸਕਦਾ ਹੈ ਕਿਉਂਕਿ ਇਹ ਹਸਪਤਾਲ ਮੇਰੇ ਘਰ ਦੇ ਨੇੜੇ ਹੈ। ਮੇਰੇ ਪਿਤਾ ਨੂੰ ਕੋਰੋਨਾ ਹੋਇਆ ਹੈ ਅਤੇ ਉਨ੍ਹਾਂ ਨੂੰ ਤੁਰੰਤ ਬੈੱਡ ਦੀ ਲੋੜ ਹੈ’। ਬਦਕਿਸਮਤੀ ਨਾਲ ਉਨ੍ਹਾਂ ਦੇ ਪਿਤਾ ਨੇ ਜ਼ਿੰਦਗੀ ਦੇ ਨਾਲ ਆਪਣੀ ਲੜਾਈ ਹਾਰਦੇ ਹੋਏ 9 ਮਈ ਨੂੰ ਆਖਿਰੀ ਸਾਹ ਲਿਆ’।