ਮਿਹਨਤ ਦੇ ਸਦਕਾ ਨਿਸ਼ਾ ਬਾਨੋ ਬਣੀ ਇਸ ਆਲੀਸ਼ਾਨ ਘਰ ਦੀ ਮਾਲਕਨ, ਵੇਖੋ ਖ਼ੂਬਸੂਰਤ ਤਸਵੀਰਾਂ
Saturday, Jun 26, 2021 - 06:55 PM (IST)
ਚੰਡੀਗੜ੍ਹ (ਬਿਊਰੋ) : ਪੰਜਾਬੀ ਫ਼ਿਲਮ ਉਦਯੋਗ ਦੀ ਮਲਟੀ ਟੈਲੇਂਟਡ ਅਦਾਕਾਰਾ ਤੇ ਗਾਇਕਾ ਨਿਸ਼ਾ ਬਾਨੋ ਨੇ ਆਪਣਾ ਨਵਾਂ ਘਰ ਖਰੀਦਿਆ ਸੀ, ਜਿਸ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈਆਂ ਸਨ। ਨਿਸ਼ਾ ਬਾਨੋ ਪੰਜਾਬੀ ਫ਼ਿਲਮ ਉਦਯੋਗ 'ਚ ਪੂਰੀ ਤਰ੍ਹਾਂ ਛਾਈ ਹੋਈ ਹੈ। ਇੱਕ ਤੋਂ ਬਾਅਦ ਇੱਕ ਫ਼ਿਲਮ 'ਚ ਲਗਾਤਾਰ ਨਜ਼ਰ ਆਉਣ ਵਾਲੀ ਅਦਾਕਾਰਾ ਨਿਸ਼ਾ ਬਾਨੋ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ ਮਾਨਸਾ 'ਚ ਹੋਇਆ। ਅੱਜ ਨਿਸ਼ਾ ਬਾਨੋ ਦੇ ਜਨਮ ਦਿਨ ਦੇ ਖਾਸ ਮੌਕੇ 'ਤੇ ਉਨ੍ਹਾਂ ਨੇ ਇਸ ਘਰ ਦੀਆਂ ਤਸਵੀਰਾਂ ਵਿਖਾਉਣ ਜਾ ਰਹੇ ਹਨ, ਜਿਸ ਨੂੰ ਉਨ੍ਹਾਂ ਨੇ ਆਪਣੀ ਮਿਹਨਤ ਦੇ ਸਦਕਾ ਖੜ੍ਹਾ ਕੀਤਾ ਹੈ।
ਨਿਸ਼ਾ ਬਾਨੋ ਇੱਕ ਅਜਿਹੀ ਕਲਾਕਾਰ ਹੈ, ਜੋ ਬਹੁਮੁਖੀ ਪ੍ਰਤਿਭਾ ਦੀ ਧਨੀ ਹੈ। ਨਿਸ਼ਾ ਬਾਨੋ ਮਾਨਸਾ ਦੀ ਰਹਿਣ ਵਾਲੀ ਹੈ ਅਤੇ ਇਕ ਵਧੀਆ ਅਦਾਕਾਰਾ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਗਾਉਣ ਦਾ ਵੀ ਸ਼ੌਂਕ ਹੈ। ਮਾਨਸਾ ਦੀ ਰਹਿਣ ਵਾਲੀ ਨਿਸ਼ਾ ਬਾਨੋ ਨੇ ਵੱਖ-ਵੱਖ ਫ਼ਿਲਮਾਂ 'ਚ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਹੁਣ ਤੱਕ ਉਨ੍ਹਾਂ ਦੀਆਂ ਕਈ ਫ਼ਿਲਮਾਂ ਆ ਚੁੱਕੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖ਼ੂਬ ਸਰਾਹਿਆ ਗਿਆ ਹੈ।
ਜੇ ਗੱਲ ਕਰੀਏ ਨਿਸ਼ਾ ਬਾਨੋ ਦੀ ਕਾਮਯਾਬੀ ਦੀ ਤਾਂ ਕਰਮਜੀਤ ਅਨਮੋਲ ਦਾ ਵੀ ਉਨ੍ਹਾਂ ਦੀ ਕਾਮਯਾਬੀ 'ਚ ਵੱਡਾ ਹੱਥ ਰਿਹਾ ਹੈ। ਦੱਸ ਦਈਏ ਕਿ ਨਿਸ਼ਾ ਬਾਨੋ ਪਾਲੀਵੁੱਡ ਫ਼ਿਲਮ ਉਦਯੋਗ ਦੀ ਅਜਿਹੀ ਅਦਾਕਾਰਾ ਹੈ, ਜਿਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਚੁਣੌਤੀਪੂਰਨ ਕਿਰਦਾਰ ਨਿਭਾਅ ਕੇ ਫ਼ਿਲਮ ਉਦਯੋਗ 'ਚ ਸ਼ੌਹਰਤ ਹਾਸਲ ਕੀਤੀ ਹੈ।
ਦੱਸ ਦਈਏ ਕਿ ਨਿਸ਼ਾ ਬਾਨੋ ਨੇ ਆਪਣੀ ਸਕੂਲੀ ਪੜ੍ਹਾਈ ਯੋਗੇਸ਼ ਮੈਮੋਮੀਰਅਲ ਪਬਲਿਕ ਸਕੂਲ ਮਾਨਸਾ ਤੋਂ ਪੂਰੀ ਕੀਤੀ। ਨਿਸ਼ਾ ਬਾਨੋ ਸ਼ੁਰੂ ਤੋਂ ਹੀ ਸੱਭਿਆਚਾਰਕ ਗਤੀਵਿਧੀਆਂ 'ਚ ਭਾਗ ਲੈਂਦੇ ਹੁੰਦੇ ਸਨ ਅਤੇ ਸਕੂਲ ਸਮੇਂ ਦੌਰਾਨ ਹੀ ਗਿੱਧਾ ਅਤੇ ਹੋਰ ਸਰਗਰਮੀਆਂ 'ਚ ਭਾਗ ਲੈ ਕੇ ਆਪਣੇ ਹੁਨਰ ਦਾ ਪ੍ਰਗਟਾਵਾ ਕਰਦੇ ਰਹਿੰਦੇ ਸਨ।
ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਐੱਸ. ਡੀ. ਕਾਲਜ ਮਾਨਸਾ 'ਚ ਦਾਖਲਾ ਲਿਆ। ਕਾਲਜ ਦੇ ਸਮੇਂ 'ਚ ਹੀ ਉਨ੍ਹਾਂ ਨੇ ਗਿੱਧੇ 'ਚ ਕਈ ਇਨਾਮ ਆਪਣੇ ਕਾਲਜ ਨੂੰ ਦਿਵਾਏ ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਯੁਵਕ ਮੇਲਿਆਂ 'ਚ ਵੀ ਭਾਗ ਲਿਆ। ਨਿਸ਼ਾ ਬਾਨੋ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਇੱਕ ਨਿੱਜੀ ਚੈਨਲ 'ਤੇ ਆਉਣ ਵਾਲੇ ਸ਼ੋਅ 'ਹੱਸਦੇ ਹਸਾਉਂਦੇ ਰਹੋ' ਤੋਂ ਕੀਤੀ ਸੀ।
ਨਿਸ਼ਾ ਬਾਨੋ ਨੇ ਗਾਇਕੀ ਦੇ ਗੁਰ ਕਰਮਜੀਤ ਅਨਮੋਲ ਤੋਂ ਹੀ ਸਿੱਖੇ ਸਨ। ਐਕਟਿੰਗ 'ਚ ਵੀ ਕਰਮਜੀਤ ਅਨਮੋਲ ਨੇ ਕਾਫ਼ੀ ਮਦਦ ਕੀਤੀ। ਪਹਿਲਾ ਸ਼ੋਅ ਦੂਰਦਰਸ਼ਨ 'ਤੇ ਕਰਮਜੀਤ ਅਨਮੋਲ ਅਤੇ ਨਿਸ਼ਾ ਬਾਨੋ ਨੇ ਪਰਫਾਰਮ ਕੀਤਾ ਸੀ, ਜੋ ਕਿ ਸੁਦੇਸ਼ ਕੁਮਾਰੀ ਨੇ ਗਾਇਆ ਸੀ। ਵਿਸਾਖੀ 'ਤੇ 'ਹਾੜੀ ਸਾਉਣੀ ਗਾਇਆ' ਨਿਸ਼ਾ ਬਾਨੋ ਨੂੰ ਆਪਣਾ ਗੀਤ ਬਹੁਤ ਪਿਆਰਾ ਲੱਗਦਾ ਹੈ।
ਦੱਸਣਯੋਗ ਹੈ ਕਿ ਨਿਸ਼ਾ ਬਾਨੋ 'ਜੱਟ ਐਂਡ ਜੂਲੀਅਟ', 'ਜੱਟ ਏਅਰਵੇਜ਼', 'ਨਿੱਕਾ ਜ਼ੈਲਦਾਰ', 'ਮੈਂ ਤੇਰੀ ਤੂੰ ਮੇਰਾ', 'ਬਾਜ਼', 'ਸੁਰਖ਼ੀ ਬਿੰਦੀ' ਅਤੇ 'ਫਤਿਹ' ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ। 'ਨਿੱਕਾ ਜ਼ੈਲਦਾਰ' 'ਚ ਉਨ੍ਹਾਂ ਵੱਲੋਂ ਨਿਭਾਏ ਗਏ 'ਸ਼ਾਂਤੀ' ਦੇ ਕਿਰਦਾਰ ਨੂੰ ਕਾਫ਼ੀ ਸਰਾਹਿਆ ਗਿਆ ਸੀ। ਇਸ ਫਿਲਮ 'ਚ ਐਮੀ ਵਿਰਕ ਤੇ ਸੋਨਮ ਬਾਜਵਾ ਨੇ ਮੁੱਖ ਭੂਮਿਕਾ ਨਿਭਾਈ ਸੀ। ਨਿਸ਼ਾ ਬਾਨੋ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਜਿਵੇਂ 'ਆਫ਼ ਲਿਮਟ', 'ਦਿਲ ਅਰਮਾਨੀ', 'ਅੜਬ ਜੱਟੀ', 'ਓਹੀ ਬੋਲਦੀ', 'ਤੇਰੇ ਕਰਕੇ' ਵਰਗੇ ਹਿੱਟ ਗੀਤਾਂ ਦੇ ਚੁੱਕੇ ਹਨ।