ਸੋਸ਼ਲ ਮੀਡੀਆ ''ਤੇ ਨੇਹਾ ਕੱਕੜ ਨੂੰ ਲੋਕਾਂ ਨੇ ਦੱਸਿਆ ''ਕਾਪੀ ਕੈਟ'' ਤਾਂ ਗਾਇਕਾ ਨੇ ਇੰਝ ਦਿੱਤਾ ਠੋਕਵਾਂ ਜਵਾਬ
Friday, Oct 30, 2020 - 09:19 AM (IST)
ਜਲੰਧਰ (ਬਿਊਰੋ) - ਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਚੁੱਕੇ ਹਨ। ਨੇਹਾ ਕੱਕੜ ਆਏ ਦਿਨ ਕਿਸੇ ਨਾ ਕਿਸੇ ਵਜ੍ਹਾ ਕਰਕੇ ਚਰਚਾ 'ਚ ਆ ਰਹੀ ਹੈ। ਨੇਹਾ ਕੱਕੜ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਇਹ ਚਰਚਾ ਹੈ ਕਿ ਉਸ ਨੇ ਲਗਭਗ ਜੋ ਡਰੈੱਸਾਂ ਆਪਣੇ ਵਿਆਹ ਤੇ ਰਿਪਸੈਪਸ਼ਨ ਪਾਰਟੀ 'ਚ ਪਾਈਆਂ ਸਨ, ਤਕਰੀਬਨ ਸਾਰੀਆਂ ਕਾਪੀ ਕੀਤੀਆਂ ਹੋਈਆਂ ਹਨ। ਨੇਹਾ ਨੇ ਵਿਆਹ ਦੇ ਮੌਕੇ 'ਤੇ ਜੋ ਲਹਿੰਗਾ ਪਾਇਆ ਹੋਇਆ ਸੀ ਉਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉਹ ਕਾਫੀ ਟਰੋਲ ਹੋ ਰਹੀ ਹੈ। ਨੇਹਾ ਨੂੰ ਸੋਸ਼ਲ ਮੀਡੀਆ 'ਤੇ ਕਾਪੀ ਕੈਟ ਕਿਹਾ ਜਾ ਰਿਹਾ ਹੈ ।
ਨੇਹਾ ਕੱਕੜ ਦੀ ਦੁਲਹਨ ਵਾਲਾ ਲੁੱਕ ਵੇਖ ਕੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਨੇਹਾ ਨੇ ਅਨੁਸ਼ਕਾ ਸ਼ਰਮਾ, ਪ੍ਰਿਯੰਕਾ ਚੋਪੜਾ ਅਤੇ ਦੀਪਿਕਾ ਪਾਦੂਕੋਣ ਤੇ ਸੋਹਾ ਅਲੀ ਖ਼ਾਨ ਦੇ ਬ੍ਰਾਇਡਲ ਲੁੱਕ ਦੀ ਨਕਲ ਕੀਤੀ ਹੈ। ਇਸ ਸਭ ਦੇ ਚਲਦੇ ਹੁਣ ਨੇਹਾ ਨੇ ਇਸ ਮਾਮਲੇ 'ਤੇ ਇਕ ਤਸਵੀਰ ਸ਼ੇਅਰ ਕਰਕੇ ਚੁੱਪੀ ਤੋੜ ਦਿੱਤੀ ਹੈ। ਉਸ ਨੇ ਟਰੋਲਰਾਂ ਨੂੰ ਢੁੱਕਵਾਂ ਜਵਾਬ ਦਿੱਤਾ ਹੈ। ਨੇਹਾ ਨੇ ਆਪਣੇ ਵਿਆਹ ਦੇ ਲਹਿੰਗੇ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ ਅਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਉਸ ਨੇ ਕੈਪਸ਼ਨ ਲਿਖਿਆ, 'ਲੋਕ ਜ਼ਿੰਦਗੀ 'ਚ 'ਸਭਿਯਾਸਾਚੀ' ਦਾ ਲਹਿੰਗਾ ਪਹਿਨਣ ਲਈ ਮਰਦੇ ਹਨ ਅਤੇ ਸਾਨੂੰ ਇਹ ਖ਼ੁਦ ਸਭਿਯਾਸਾਚੀ ਨੇ ਹੋਤਫ਼ੇ 'ਚ ਦਿੱਤੇ ਹਨ।
ਸੁਫ਼ਨੇ ਸਾਕਾਰ ਹੁੰਦੇ ਹਨ ਪਰ ਜੇ ਤੁਸੀਂ ਸਖ਼ਤ ਮਿਹਨਤ ਕਰੋਗੇ ਤਾਂ ਉਹ ਚੰਗੀ ਤਰ੍ਹਾਂ ਨਾਲ ਕੰਮ ਕਰਨਗੇ। ਧੰਨਵਾਦ ਮਾਂ ਰਾਣੀ। ਸ਼ੁਕਰ ਹੈ ਵਾਹਿਗੁਰੂ ਦਾ।' ਇਸ ਤੋਂ ਇਲਾਵਾ ਉਨ੍ਹਾਂ ਇਕ ਪੋਸਟ ਵਿਚ ਲਿਖਿਆ, #Sabyasachi Couple!!! ਧੰਨਵਾਦ ਸਭਿਯਾਸਾਚੀ ਸਰ ਸਭ ਤੋਂ ਵਧੀਆ ਪਹਿਰਾਵਾ ਦੇਣ ਲਈ।'
ਇਸ ਪੋਸਟ ਦੇ ਜ਼ਰੀਏ ਲੋਕ ਹੁਣ ਅੰਦਾਜ਼ੇ ਲਗਾ ਰਹੇ ਹਨ ਕਿ ਨੇਹਾ ਕੱਕੜ ਨੇ ਇਸ ਪੋਸਟ ਦੇ ਜ਼ਰੀਏ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਸ ਨੇ ਇਹ ਲਹਿੰਗਾ ਖ਼ੁਦ ਨਹੀਂ ਖਰੀਦਿਆ ਸਗੋਂ ਉਸ ਨੂੰ ਇਹ ਤੋਹਫ਼ੇ 'ਚ ਮਿਲਿਆ ਹੈ, ਜਿਸ ਨੂੰ ਉਸ ਨੇ ਬਹੁਤ ਪਿਆਰ ਨਾਲ ਨਿਭਾਇਆ ਹੈ।