ਰਾਜ ਸਭਾ ਲਈ ਨਾਮੀਨੇਟ ਹੋਣ ਵਾਲੀ ਪਹਿਲੀ ਅਦਾਕਾਰਾ ਸੀ ਨਰਗਿਸ, ਇੰਝ ਸ਼ੁਰੂ ਹੋਈ ਸੁਨੀਲ ਦੱਤ ਨਾਲ ਪਿਆਰ ਦੀ ਕਹਾਣੀ
Monday, May 03, 2021 - 12:05 PM (IST)
ਨਵੀਂ ਦਿੱਲੀ (ਬਿਊਰੋ) : ਆਪਣੇ ਦੌਰ ਦੀ ਮਸ਼ਹੂਰ ਅਦਾਕਾਰ ਨਰਗਿਸ ਦੱਤ ਦੀ ਮੌਤ 3 ਮਈ 1981 ਨੂੰ ਹੋਈ ਸੀ। ਹਰ ਸਾਲ ਇਸੇ ਦਿਨ ਉਨ੍ਹਾਂ ਦੀ ਬਰਸੀ ਮਨਾਈ ਜਾਂਦੀ ਹੈ। ਨਰਗਿਸ ਦੱਤ ਦਾ ਨਾਂ ਉਨ੍ਹਾਂ ਹੈਰੋਇਨਾਂ 'ਚ ਸ਼ੁਮਾਰ ਹੈ, ਜਿਨ੍ਹਾਂ ਨੇ ਫ਼ਿਲਮੀ ਜਗਤ 'ਚ ਆਪਣੀ ਵੱਖਰੀ ਅਤੇ ਇਕ ਮਜ਼ਬੂਤ ਪਛਾਣ ਬਣਾਈ। ਇਸ ਪਛਾਣ ਨੇ ਉਨ੍ਹਾਂ ਨੂੰ ਬੁਲੰਦੀ ਦੇ ਸਿਖਰ 'ਤੇ ਪਹੁੰਚਾਇਆ ਪਰ ਨਰਗਿਸ ਛੋਟੀ ਉਮਰ 'ਚ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਗਈ ਸੀ। ਕੀ ਤੁਸੀਂ ਜਾਣਦੇ ਹੋ ਨਰਗਿਸ ਦਾ ਅਸਲੀ ਨਾਂ ਕੀ ਸੀ? ਆਓ ਜਾਣਦੇ ਹਾਂ ਉਨ੍ਹਾਂ ਬਾਰੇ ਕੁਝ ਹੋਰ ਗੱਲਾ -
ਜਨਮ ਤੇ ਨਿੱਜੀ ਜ਼ਿੰਦਗੀ
ਨਰਗਿਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਹੁਤ ਹੀ ਛੋਟੀ ਉਮਰ 'ਚ ਕੀਤੀ ਸੀ। ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਇਸ ਲਈ ਉਹ 'ਬੇਬੀ ਨਰਗਿਸ' ਦੇ ਨਾਂ ਨਾਲ ਮਸ਼ਹੂਰ ਹੋਈ। ਨਰਗਿਸ ਦੇ ਬਚਪਨ ਦਾ ਨਾਂ 'ਫ਼ਾਤਿਮਾ ਰਾਸ਼ਿਦ' ਸੀ। ਉਨ੍ਹਾਂ ਦਾ ਜਨਮ 1 ਜੂਨ 1929 ਨੂੰ ਪੱਛਮੀ ਬੰਗਾਲ ਦੇ ਕਲਕੱਤਾ ਸ਼ਹਿਰ 'ਚ ਹੋਇਆ ਸੀ। ਨਰਗਿਸ ਦੇ ਪਿਤਾ ਉੱਤਮਚੰਦ ਮੋਹਨਦਾਸ ਇਕ ਮੰਨੇ-ਪ੍ਰਮੰਨੇ ਡਾਕਟਰ ਸਨ। ਉਨ੍ਹਾਂ ਦੀ ਮਾਂ ਜੱਦਨਬਾਈ ਮਸ਼ਹੂਰ ਨਰਤਕੀ ਅਤੇ ਗਾਇਕਾ ਸਨ। ਮਾਂ ਦੇ ਸਹਿਯੋਗ ਨਾਲ ਹੀ ਨਰਗਿਸ ਫ਼ਿਲਮਾਂ ਨਾਲ ਜੁੜੀ ਅਤੇ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਤਲਾਸ਼-ਏ-ਹੱਕ' ਤੋਂ ਹੋਈ । ਉਸ ਵੇਲੇ ਉਨ੍ਹਾਂ ਦੀ ਉਮਰ ਮਹਿਜ਼ 6 ਸਾਲ ਸੀ। ਇਸ ਤੋਂ ਬਾਅਦ ਉਨ੍ਹਾਂ ਕਈ ਫ਼ਿਲਮਾਂ ਕੀਤੀਆਂ।
ਰਾਜ ਕਪੂਰ ਨਾਲ ਕੀਤੀਆਂ 16 ਤੋਂ ਵਧ ਫ਼ਿਲਮਾਂ
ਨਰਗਿਸ ਦੀ ਅਦਾਕਾਰੀ ਦਾ ਜਾਦੂ ਕੁਝ ਅਜਿਹਾ ਸੀ ਕਿ ਸਾਲ 1968 'ਚ ਉਨ੍ਹਾਂ ਨੂੰ ਬੈਸਟ ਅਦਾਕਾਰ ਲਈ ਪਹਿਲੇ ਫਿਲਮਫੇਅਰ ਐਵਾਰਡ ਲਈ ਚੁਣਿਆ ਗਿਆ। 1940 ਤੋਂ ਲੈ ਕੇ 1950 ਦਰਮਿਆਨ ਨਰਗਿਸ ਨੇ ਕਈ ਵੱਡੀਆਂ ਫ਼ਿਲਮਾਂ 'ਚ ਕੰਮ ਕੀਤਾ। ਜਿਵੇਂ 'ਬਰਸਾਤ', 'ਆਵਾਰਾ', 'ਦੀਦਾਰ' ਅਤੇ 'ਸ਼੍ਰੀ 420'। ਨਰਗਿਸ ਨੇ ਰਾਜ ਕਪੂਰ ਨਾਲ 16 ਫ਼ਿਲਮਾਂ ਕੀਤੀਆਂ ਅਤੇ ਜ਼ਿਆਦਾਤਰ ਫ਼ਿਲਮਾਂ ਸਫ਼ਲ ਸਾਬਤ ਹੋਈਆਂ। ਇਸੇ ਦੌਰਾਨ ਦੋਵਾਂ ਵਿਚਾਲੇ ਨੇੜਤਾ ਵੀ ਵਧਣ ਲੱਗੀ ਅਤੇ ਦੋਵਾਂ ਨੂੰ ਇਕ-ਦੂਸਰੇ ਨਾਲ ਪਿਆਰ ਹੋ ਗਿਆ ਅਤੇ ਦੋਵਾਂ ਨੇ ਵਿਆਹ ਕਰਨ ਦਾ ਮਨ ਬਣਾ ਲਿਆ।
ਇੰਝ ਆਈ ਰਿਸ਼ਤੇ 'ਚ ਦਰਾਰ
ਲੇਖਿਕਾ ਮਧੂ ਜੈਨ ਦੀ ਕਿਤਾਬ 'ਦਿ ਕਪੂਰਜ਼' ਮੁਤਾਬਿਕ- 'ਜਦੋਂ 'ਬਰਸਾਤ' ਫ਼ਿਲਮ ਬਣ ਰਹੀ ਸੀ, ਉਦੋਂ ਨਰਗਿਸ ਨੇ ਆਪਣੇ-ਆਪ ਨੂੰ ਪੂਰੀ ਤਰ੍ਹਾਂ ਨਾਲ ਰਾਜ ਕਪੂਰ ਨੂੰ ਸਮਰਿਪਤ ਕਰ ਦਿੱਤਾ ਸੀ। ਇੱਥੋਂ ਤਕ ਕਿ ਜਦੋਂ ਸਟੂਡੀਓ 'ਚ ਪੈਸੇ ਦੀ ਕਮੀ ਹੋਈ ਤਾਂ ਨਰਗਿਸ ਨੇ ਆਪਣੀਆਂ ਸੋਨੇ ਦੀਆਂ ਚੂੜੀਆਂ ਤਕ ਵੇਚ ਦਿੱਤੀਆਂ। ਰਾਜ ਕਪੂਰ ਨਾਲ 1954 'ਚ ਜਦੋਂ ਨਰਗਿਸ ਮਾਸਕੋ ਗਈ ਤਾਂ ਉਥੇ ਦੋਵਾਂ ਵਿਚਾਲੇ ਕੁਝ ਗ਼ਲਤਫ਼ਹਿਮੀ ਹੋਈ ਅਤੇ ਦੋਵਾਂ ਵਿਚਾਲੀ ਤਕਰਾਰ ਇੰਨੀਂ ਵਧ ਗਈ ਕਿ ਦੋਵਾਂ ਦੇ ਰਸਤੇ ਬਦਲ ਗਏ।
ਰਾਜ ਕਪੂਰ ਤੋਂ ਵੱਖ ਹੋ ਕੇ ਸੁਨੀਲ ਦੱਤ ਨਾਲ ਵਧੀ ਨੇੜਤਾ
ਰਾਜ ਕਪੂਰ ਤੋਂ ਵੱਖ ਹੋਣ ਦੇ ਠੀਕ ਇਕ ਸਾਲ ਬਾਅਦ ਨਰਗਿਸ ਨੇ 1957 'ਚ ਮਹਿਬੂਬ ਖ਼ਾਨ ਦੀ 'ਮਦਰ ਇੰਡੀਆ' ਦੀ ਸ਼ੂਟਿੰਗ ਸ਼ੁਰੂ ਕੀਤੀ। 'ਮਦਰ ਇੰਡੀਆ' ਦੀ ਸ਼ੂਟਿੰਗ ਦੌਰਾਨ ਸੈੱਟ 'ਤੇ ਅੱਗ ਲੱਗ ਗਈ। ਸੁਨੀਲ ਦੱਤ ਨੇ ਆਪਣੀ ਜਾਨ 'ਤੇ ਖੇਡ ਕੇ ਨਰਗਿਸ ਨੂੰ ਬਚਾਇਆ ਅਤੇ ਦੋਨਾਂ 'ਚ ਪਿਆਰ ਹੋ ਗਿਆ। ਮਾਰਚ 1958 'ਚ ਦੋਨਾਂ ਦਾ ਵਿਆਹ ਹੋ ਗਿਆ। ਦੋਨਾਂ ਦੇ ਤਿੰਨ ਬੱਚੇ ਹੋਏ- ਸੰਜੇ ਦੱਤ, ਪ੍ਰਿਆ ਦੱਤ ਅਤੇ ਨਮਰਤਾ।
ਸੁਨੀਲ ਦੱਤ ਨੇ ਇੰਝ ਸੰਭਾਲਿਆਂ
ਆਪਣੀ ਕਿਤਾਬ 'ਦਿ ਟ੍ਰੂ ਲਵ ਸਟੋਰੀ ਆਫ ਨਰਿਗਸ ਐਂਡ ਸੁਨੀਲ ਦੱਤ' 'ਚ ਨਰਗਿਸ ਕਹਿੰਦੀ ਹੈ ਕਿ ਰਾਜ ਕਪੂਰ ਤੋਂ ਅਲੱਗ ਹੋਣ ਤੋਂ ਬਾਅਦ ਉਹ ਆਤਮ ਹੱਤਿਆ ਕਰਨ ਬਾਰੇ ਸੋਚਣ ਲੱਗੀ ਸੀ ਪਰ ਸੁਨੀਲ ਦੱਤ ਮਿਲ ਗਏ, ਜਿਨ੍ਹਾਂ ਨੇ ਉਸ ਨੂੰ ਸੰਭਾਲ ਲਿਆ। ਨਰਗਿਸ ਕਹਿੰਦੀ ਹੈ ਕਿ ਉਨ੍ਹਾਂ ਆਪਣੇ ਅਤੇ ਰਾਜ ਕਪੂਰ ਬਾਰੇ ਸੁਨੀਲ ਦੱਤ ਨੂੰ ਸਭ ਕੁਝ ਦੱਸ ਦਿੱਤਾ ਸੀ। ਸੁਨੀਲ ਦੱਤ 'ਤੇ ਨਰਗਿਸ ਨੂੰ ਕਾਫ਼ੀ ਭਰੋਸਾ ਸੀ ਅਤੇ ਦੁਨੀਆ ਜਾਣਦੀ ਹੈ ਇਹ ਜੋੜੀ ਤਾਂ ਉਮਰ ਨਾਲ ਰਹੀ।