ਸਾਹਮਣੇ ਆਇਆ ਗਾਇਕ ਗੁਰੂ ਰੰਧਾਵਾ ਦੀ 'ਮਿਸਟਰੀ ਗਰਲ' ਦਾ ਚਿਹਰਾ

1/8/2021 2:28:01 PM

ਨਵੀਂ ਦਿੱਲੀ (ਬਿਊਰੋ) : ਮਸ਼ਹੂਰ ਪੰਜਾਬੀ ਅਤੇ ਬਾਲੀਵੁੱਡ ਗਾਇਕ ਗੁਰੂ ਰੰਧਾਵਾ ਉਂਝ ਤਾਂ ਆਪਣੇ ਗਾਣਿਆਂ ਨੂੰ ਲੈ ਕੇ ਹਮੇਸ਼ਾ ਸੋਸ਼ਲ ਮੀਡੀਆ 'ਤੇ ਛਾਏ ਰਹਿੰਦੇ ਹਨ ਪਰ ਇਸ ਵੇਲੇ ਉਹ ਕਿਸੀ ਹੋਰ ਵਜ੍ਹਾ ਕਾਰਨ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਗਾਇਕ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਲੜਕੀ ਨਾਲ ਤਸਵੀਰ ਸ਼ੇਅਰ ਕੀਤੀ, ਜਿਸ ਦੇ ਨਾਲ ਉਨ੍ਹਾਂ ਲਿਖਿਆ, 'ਨਵਾਂ ਸਾਲ ਨਵੀਂ ਸ਼ੁਰੂਆਤ।' ਗੁਰੂ ਰੰਧਾਵਾ ਦੇ ਨਾਲ 'ਮਿਸਟਰੀ ਗਰਲ' ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਪਰ ਇਸ ਤਸਵੀਰ 'ਚ ਗੁਰੂ ਰੰਧਾਵਾ ਨੇ ਲੜਕੀ ਦਾ ਚਿਹਰਾ ਨਹੀਂ ਦਿਖਾਇਆ। ਬਸ ਦੋਵੇਂ ਹੱਥ ਫੜ੍ਹ ਕੇ ਇਕੱਠੇ ਮਸਤੀ ਕਰਦੇ ਨਜ਼ਰ ਆ ਰਹੇ ਸਨ। ਅਜਿਹੇ 'ਚ ਲੋਕਾਂ ਨੂੰ ਇਹ ਜਾਣਨ ਦੀ ਬੇਚੈਨੀ ਹੋ ਗਈ ਕਿ ਆਖ਼ਿਰ ਗੁਰੂ ਰੰਧਾਵਾ ਦੀ 'ਮਿਸਟਰੀ ਗਰਲ' ਕੌਣ ਹੈ ਅਤੇ ਕੀ ਗੁਰੂ ਰੰਧਾਵਾ ਮੰਗਣੀ ਕਰਨ ਵਾਲੇ ਹਨ?

PunjabKesari

ਇਨ੍ਹਾਂ ਸਾਰੀਆਂ ਅਟਕਲਾਂ ਦੌਰਾਨ ਹੁਣ ਗੁਰੂ ਰੰਧਾਵਾ ਨੇ ਖ਼ੁਦ ਪ੍ਰਸ਼ੰਸਕਾਂ ਦੇ ਸਾਰੇ ਸਵਾਲਾਂ ਦਾ ਜਵਾਬ ਦੇ ਦਿੱਤੀ ਹੈ ਤੇ 'ਮਿਸਟਰੀ ਗਰਲ' ਦੇ ਚਿਹਰੇ ਤੋਂ ਪਰਦਾ ਉਠਾ ਦਿੱਤਾ ਹੈ। ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਹਾਲ ਹੀ 'ਚ ਇਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਲੜਕੀ ਨਜ਼ਰ ਆ ਰਹੀ ਹੈ, ਜਿਸ ਨਾਲ ਗਾਇਕ ਦੀ ਮੰਗਣੀ ਦੀ ਚਰਚਾ ਚੱਲ ਰਹੀ ਹੈ। ਗੁਰੂ ਦੀ ਇਸ ਤਸਵੀਰ 'ਚ ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫ਼ਿਲਮ 'ਦਿਲ ਬੇਚਾਰਾ' ਦੀ ਲੀਡ ਅਦਾਕਾਰਾ ਸੰਜਨਾ ਸੰਘੀ ਨਜ਼ਰ ਆ ਰਹੀ ਹੈ। ਜੀ ਹਾਂ, ਗੁਰੂ ਰੰਧਾਵਾ ਦੀ ਉਹ 'ਮਿਸਟਰੀ ਗਰਲ' ਸੰਜਨਾ ਸੰਘੀ ਹਨ ਪਰ ਇਸ ਤਸਵੀਰ ਨਾਲ ਗੁਰੂ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਸੰਜਨਾ ਨਾਲ ਉਨ੍ਹਾਂ ਦਾ ਨਵਾਂ ਗੀਤ ਆ ਰਿਹਾ ਹੈ।

PunjabKesari

ਦੱਸ ਦੇਈਏ ਕਿ ਗੁਰੂ ਨੇ ਜਿਹੜੀ ਪਹਿਲਾਂ ਤਸਵੀਰ ਸ਼ੇਅਰ ਕੀਤੀ ਸੀ, ਉਸ 'ਤੇ ਕੁਝ ਬਾਲੀਵੁੱਡ ਸੈਲੇਬਸ ਨੇ ਵੀ ਵਧਾਈ ਦਿੱਤੀ ਸੀ, ਜਿਸ ਤੋਂ ਬਾਅਦ ਲੋਕਾਂ ਨੂੰ ਇਸ ਗੱਲ 'ਤੇ ਭਰੋਸਾ ਹੋ ਰਿਹਾ ਸੀ ਕਿ ਗੁਰੂ ਰੰਧਾਵਾ ਜਲਦ ਹੀ ਮੰਗਣੀ ਕਰਨ ਵਾਲੇ ਹਨ ਪਰ ਹੁਣ ਤਾਂ ਗੁਰੂ ਰੰਧਾਵਾ ਨੇ ਖ਼ੁਦ ਇਨ੍ਹਾਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ। ਹਾਲਾਂਕਿ ਆਪਣੀ ਤਸਵੀਰ ਨਾਲ ਗੁਰੂ ਰੰਧਾਵਾ ਨੇ ਗਾਣੇ ਦੇ ਨਾਂ ਤੇ ਥੀਮ ਸਬੰਧੀ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ।

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor sunita