ਸਿਧਾਰਥ ਸ਼ੁਕਲਾ ਮਾਮਲੇ 'ਚ ਚੌਕੰਨੀ ਹੋਈ ਮੁੰਬਈ ਪੁਲਸ, ਟੈਸਟ ਲਈ ਭੇਜੇ ਅੰਦਰੂਨੀ ਅੰਗ
Saturday, Sep 04, 2021 - 10:26 AM (IST)
ਮੁੰਬਈ- ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਮੁੰਬਈ ਪੁਲਸ ਕਾਫੀ ਚੌਕੰਨੀ ਦਿਖਾਈ ਦੇ ਰਹੀ ਹੈ। ਉਨ੍ਹਾਂ ਦੀਆਂ ਅੰਤੜੀਆਂ ਅਤੇ ਕੁਝ ਹੋਰ ਅੰਦਰੂਨੀ ਅੰਗਾਂ ਨੂੰ ਫਾਰੈਂਸਿਕ ਜਾਂਚ ਲਈ ਪ੍ਰਯੋਗਸ਼ਾਲਾਂ 'ਚ ਭੇਜਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਤੋਂ ਉਠੇ ਸਵਾਲਾਂ ਤੋਂ ਸਬਕ ਲੈਂਦੇ ਹੋਏ ਇਸ ਵਾਰ ਪੁਲਸ ਸੰਭਲ ਕੇ ਚੱਲ ਰਹੀ ਹੈ।
ਦਰਅਸਲ ਸ਼ੁਕਲਾ ਦਾ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਸੂਤਰਾਂ ਨੇ ਕਿਹਾ ਕਿ ਅਦਾਕਾਰ ਦੀ ਪੋਸਟਮਾਰਟਮ ਰਿਪੋਰਟ 'ਚ ਕਿਸੇ ਅੰਦਰੂਨੀ ਸੱਟ ਦਾ ਖੁਲਾਸਾ ਨਹੀਂ ਹੋਇਆ ਹੈ ਪਰ ਗੜਬੜੀ ਦੇ ਖਦਸ਼ੇ ਨੂੰ ਦੂਰ ਕਰਨ ਲਈ ਨਮੂਨੇ ਪ੍ਰਯੋਗਸ਼ਾਲਾਵਾਂ 'ਚ ਭੇਜੇ ਗਏ ਹਨ। ਅੰਤੜੀਆਂ ਨੂੰ ਕਲਿਨਾ ਫਾਰੈਂਸਿਕ ਸਾਇੰਸ ਲੇਬੋਰੇਟਰੀ (ਐੱਫ.ਐੱਸ.ਐੱਲ) ਭੇਜਿਆ ਗਿਆ ਜਦ ਕਿ ਕੁਝ ਹੋਰ ਅੰਗਾਂ ਨੂੰ ਇਕ ਮੈਡੀਕਲ ਕਾਲਜ ਦੀ ਪੈਥੋਲਾਜ਼ੀ ਪ੍ਰਯੋਗਸ਼ਾਲਾਂ 'ਚ ਭੇਜਿਆ ਗਿਆ ਹੈ।
ਘਰ 'ਚ ਬੀਮਾਰ ਹੋਣ ਤੋਂ ਬਾਅਦ ਵੀਰਵਾਰ ਸਵੇਰੇ ਸ਼ੁਕਲਾ ਨੂੰ ਨਗਰ ਨਿਗਮ ਵਲੋਂ ਸੰਚਾਲਿਤ ਆਰ.ਐੱਨ ਕਪੂਰ ਹਸਪਤਾਲ ਲਿਜਾਇਆ ਗਿਆ ਸੀ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿ੍ਤਕ ਘੋਸ਼ਿਤ ਕਰ ਦਿੱਤਾ ਸੀ। ਹਸਪਤਾਲ ਦੇ ਇਕ ਫਾਰੈਂਸਿਕ ਮਾਹਿਰ ਨੇ ਕਿਹਾ ਕਿ ਉਨ੍ਹਾਂ ਨੇ ਅੱਗੇ ਦੀ ਜਾਂਚ ਲਈ ਉਪ ਨਗਰੀ ਕਲਿਨਾ 'ਚ ਐੱਫ.ਐੱਸ.ਐੱਲ ਨੂੰ ਅੰਤੜੀਆਂ ਭੇਜ ਦਿੱਤੀਆਂ ਹਨ ਤਾਂ ਜੋ ਕਿਸੇ ਤਰ੍ਹਾਂ ਦੀ ਗੜਬੜੀ ਦੇ ਖਦਸ਼ੇ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਐੱਫ.ਐੱਸ.ਐੱਲ. ਅੰਗਾਂ 'ਚ ਜ਼ਹਿਰ ਦੇ ਨਾਲ-ਨਾਲ ਹੋਰ ਵੇਰਵੇ ਦੀ ਜਾਂਚ ਕਰੇਗੀ।
ਇਕ ਹੋਰ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟ ਤੋਂ ਸੰਕੇਤ ਮਿਲਦਾ ਹੈ ਕਿ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਸੀ ਅਤੇ ਸਰੀਰ 'ਚ ਕਿਸੇ ਅੰਦਰੂਨੀ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਮਾਡਲ ਤੋਂ ਅਦਾਕਾਰ ਬਣੇ ਸਿਧਾਰਥ ਸ਼ੁਕਲਾ ਨੇ ਟੀਵੀ ਸੀਰੀਅਲ 'ਬਾਬੁਲ ਕਾ ਆਂਗਨ ਛੂਟੇ ਨਾ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ 'ਬਾਲਿਕਾ ਵਧੂ' ਨਾਲ ਉਨ੍ਹਾਂ ਨੂੰ ਪ੍ਰਸਿੱਧੀ ਮਿਲੀ ਸੀ। ਸਿਧਾਰਥ ਨੇ ਸੀਰੀਅਲਾਂ ਤੋਂ ਇਲਾਵਾ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ 6', 'ਫਿਅਰ ਫੈਕਟਰ ਖਤਰੋਂ ਕੇ ਖਿਲਾੜੀ 7' ਅਤੇ 'ਬਿਗ ਬੌਸ ਸੀਜ਼ਨ 13' 'ਚ ਵੀ ਹਿੱਸਾ ਲਿਆ ਸੀ। ਉਨ੍ਹਾਂ ਨੇ 2014 'ਚ ਕਰਨ ਜੌਹਰ ਨਿਰਮਿਤ ਫਿਲਮ 'ਹੰਪਟੀ ਸ਼ਰਮਾ ਦੀ ਦੁਲਹਨੀਆ' 'ਚ ਸਹਾਇਕ ਅਦਾਕਾਰ ਦੀ ਭੂਮਿਕਾ ਨਿਭਾਈ ਸੀ।