Bell Bottom Review: ਅਕਸ਼ੈ ਤੇ ਲਾਰਾ ਦੀ ਅਦਾਕਾਰੀ ਨੇ ਐਕਸ਼ਨ-ਡਰਾਮਾ ਫ਼ਿਲਮ ਨੂੰ ਬਣਾਇਆ ਰੌਚਕ

08/19/2021 10:10:01 AM

ਮੁੰਬਈ (ਬਿਊਰੋ) : ਕੋਰੋਨਾ ਕਾਲ ਮਗਰੋਂ ਬਾਲੀਵੁੱਡ ਦੀ ਐਕਸ਼ਨ ਡਰਾਮਾ ਫ਼ਿਲਮ 'ਬੈੱਲਬੌਟਮ' ਸੁਰਖੀਆਂ 'ਚ ਛਾਈ ਹੋਈ ਹੈ। ਕਹਾਣੀ ਤੋਂ ਵੱਧ ਲਾਰਾ ਦੱਤ ਦੀ ਲੁੱਕ ਨੇ ਚਰਚਾ ਕਰਵਾਈ ਹੈ। ਕੋਰੋਨਾ ਮਹਾਮਾਰੀ ਕਾਰਨ ਸਿਨੇਮਾ ਕਾਫ਼ੀ ਸਮੇਂ ਬੰਦ ਰਹੇ ਇਸ ਲਈ ਮਨੋਰੰਜਨ ਪਰੋਸਣ ਦੀ ਜ਼ਿੰਮੇਵਾਰੀ ਕਾਫ਼ੀ ਵੱਧ ਜਾਂਦੀ ਹੈ, ਜਿਸ ਨੂੰ ਫ਼ਿਲਮ ਮੇਕਰਜ਼ ਨੇ ਵਧੀਆ ਤਰੀਕੇ ਨਾਲ ਨਿਭਾਇਆ ਹੈ। ਫ਼ਿਲਮ 'ਬੈੱਲਬੌਟਮ' ਨੂੰ ਸੱਚੀ ਘਟਨਾ 'ਤੇ ਆਧਾਰਤ ਨਹੀਂ ਕਿਹਾ ਜਾ ਸਕਦਾ ਪਰ ਇਹ ਫ਼ਿਲਮ ਸੱਚੀ ਘਟਨਾ ਤੋਂ ਪ੍ਰੇਰਿਤ ਆਖੀ ਜਾ ਸਕਦੀ ਹੈ। ਫ਼ਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਉਨ੍ਹਾਂ 210 ਮੁਸਾਫਰਾਂ ਦੀਆਂ ਚੀਕਾਂ ਅਤੇ ਦਰਦਨਾਕ ਆਵਾਜ਼ਾਂ ਨਾਲ, ਜਿਨ੍ਹਾਂ ਦੀ ਫਲਾਈਟ ਨੂੰ ਅੱਤਵਾਦੀ ਅਗਵਾ ਕਰ ਲੈਂਦੇ ਹਨ। ਹਾਈਜੈਕਿੰਗ ਮਗਰੋਂ ਜਹਾਜ਼ ਨੂੰ ਅੰਮ੍ਰਿਤਸਰ 'ਚ ਉਤਾਰਿਆ ਜਾਂਦਾ ਹੈ। ਹਾਲਾਤ ਕਾਬੂ ਕਰਨ ਲਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ (ਲਾਰਾ ਦੱਤਾ) ਤੁਰੰਤ ਉੱਚ ਪੱਧਰੀ ਬੈਠਕ ਸੱਦਦੀ ਹੈ।

ਫ਼ਿਲਮ 'ਚ ਅਕਸ਼ੈ ਕੁਮਾਰ, ਵਾਣੀ ਕਪੂਰ ਤੋਂ ਇਲਾਵਾ ਲਾਰਾ ਦੱਤਾ, ਹੁਮਾ ਕੁਰੈਸ਼ੀ ਤੇ ਆਦਿਲ ਹੁਸੈਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਅਕਸ਼ੈ ਕੁਮਾਰ ਨੇ ਰਾਅ ਏਜੰਟ ਅੰਸ਼ੁਲ ਦੀ ਭੂਮਿਕਾ ਨਿਭਾਈ ਹੈ। ਫ਼ਿਲਮ 'ਚ ਦੋ ਕਹਾਣੀਆਂ ਨਾਲੋਂ-ਨਾਲ ਚੱਲਦੀਆਂ ਹਨ, ਇੱਕ ਜਹਾਜ਼ ਅਗਵਾ ਅਤੇ ਦੂਜਾ ਅੰਸ਼ੁਲ ਦੀ ਪ੍ਰੇਮ ਕਹਾਣੀ ਤੇ ਉਸ ਦੇ ਆਪਣੀ ਮਾਂ ਨਾਲ ਮਜ਼ਬੂਤ ਰਿਸ਼ਤੇ ਦੀ ਕਹਾਣੀ।

ਫ਼ਿਲਮ ਦੇ ਤਕਰੀਬਨ ਹਰ ਕਲਾਕਾਰ ਨੇ ਵਧੀਆ ਅਦਾਕਾਰੀ ਦਾ ਮੁਜ਼ਾਹਰਾ ਕੀਤਾ ਹੈ ਅਤੇ ਸਾਬਕਾ ਬ੍ਰਹਿਮੰਡ ਸੁੰਦਰੀ ਲਾਰਾ ਦੱਤਾ ਨੇ ਆਪਣੀ ਅਦਾਕਾਰੀ ਦਾ ਲੋਹਾ ਵੀ ਮਨਵਾਇਆ ਹੈ। ਅੰਸ਼ੁਲ ਦੇ ਕਿਰਦਾਰ 'ਚ ਅਕਸ਼ੈ ਕੁਮਾਰ ਨੇ ਆਪਣੇ ਐਕਸ਼ਨ ਦ੍ਰਿਸ਼ ਬਾਖੂਬੀ ਨਿਭਾਏ ਹਨ। ਆਦਿਲ ਹੁਸੈਨ, ਅਨਿਰੁੱਧ ਦਵੇਵਾਣੀ ਤੇ ਹੁਮਾ ਕੁਰੈਸ਼ੀ ਨੇ ਵੀ ਚੰਗੀ ਅਦਾਕਾਰੀ ਕੀਤੀ ਹੈ। ਅਦਾਕਾਰੀ ਤੋਂ ਇਲਾਵਾ ਰੰਜੀਤ ਐਮ. ਤਿਵਾਰੀ ਨੇ ਫ਼ਿਲਮ ਦੀ ਨਿਰਦੇਸ਼ਨਾ ਵਧੀਆ ਹੈ ਪਰ ਕੁਝ ਦ੍ਰਿਸ਼ ਅਜਿਹੇ ਹਨ, ਜੋ ਅਸਲ ਜ਼ਿੰਦਗੀ 'ਚ ਝੂਠੇ ਸਾਬਤ ਹੋਣਗੇ, ਜਿਵੇਂ ਕਿ ਅਕਸ਼ੈ ਕੁਮਾਰ ਦਾ ਇੱਕ ਹੱਥ ਨਾਲ ਹਵਾਈ ਜਹਾਜ਼ ਰੋਕ ਦੇਣਾ। ਅਜਿਹੇ ਦ੍ਰਿਸ਼ਾਂ 'ਤੇ ਭਰੋਸਾ ਜ਼ਰਾ ਮੁਸ਼ਕਲ ਨਾਲ ਹੀ ਹੁੰਦਾ ਹੈ।

ਫ਼ਿਲਮ ਦਾ ਸਭ ਤੋਂ ਖ਼ਾਸ ਪੱਖ ਹੈ ਲਾਰਾ ਦੱਤਾ ਦਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਜੋਂ ਮੇਕਓਵਰ। ਇਹ ਇੰਨਾ ਵਧੀਆ ਹੈ ਕਿ ਕਿਸੇ ਨੂੰ ਅਜਿਹਾ ਨਹੀਂ ਲੱਗੇਗਾ ਕਿ ਉਹ ਲਾਰਾ ਦੱਤਾ ਨੂੰ ਦੇਖ ਰਿਹਾ ਹੈ। ਫ਼ਿਲਮ ਦਾ ਕਲਾਈਮੈਕਸ ਛੋਟਾ ਹੈ ਪਰ ਰੁਮਾਂਚਕ ਹੈ। 'ਬੈੱਲਬੌਟਮ' ਨੂੰ ਐਕਸ਼ਨ ਤੇ ਦੇਸ਼ ਭਗਤੀ ਦਾ ਪਰਫੈਕਟ ਡੋਜ਼ ਆਖਿਆ ਜਾ ਸਕਦਾ ਹੈ। ਕੋਰੋਨਾ ਕਾਲ ਦੀ ਲੰਮੀ ਉਦਾਸੀ ਮਗਰੋਂ ਆਈ ਇਸ ਫ਼ਿਲਮ ਨੂੰ ਇੱਕ ਵਾਰ ਦੇਖਿਆ ਜਾ ਸਕਦਾ ਹੈ। 


sunita

Content Editor

Related News