ਮਿਥੁਨ ਚੱਕਰਵਰਤੀ ਨੂੰ ਮਿਲਿਆ ‘ਦਾਦਾ ਸਾਹਿਬ ਫਾਲਕੇ’ ਪੁਰਸਕਾਰ
Wednesday, Oct 09, 2024 - 12:17 AM (IST)
 
            
            ਨਵੀਂ ਦਿੱਲੀ, (ਭਾਸ਼ਾ)- ਅਦਾਕਾਰ ਮਿਥੁਨ ਚੱਕਰਵਰਤੀ (74) ਨੂੰ ਸਿਨੇਮਾ ਦੇ ਖੇਤਰ ’ਚ ਪਾਏ ਗਏ ਸ਼ਾਨਦਾਰ ਯੋਗਦਾਨ ਲਈ ਮੰਗਲਵਾਰ ‘ਦਾਦਾ ਸਾਹਿਬ ਫਾਲਕੇ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਇੱਥੇ ਵਿਗਿਆਨ ਭਵਨ ’ਚ 70ਵੇਂ ਰਾਸ਼ਟਰੀ ਫਿਲਮ ਪੁਰਸਕਾਰ ਵੰਡ ਸਮਾਰੋਹ ਦੌਰਾਨ ‘ਮ੍ਰਿਗਯਾ’, ‘ਡਿਸਕੋ ਡਾਂਸਰ’ ਤੇ ‘ਪ੍ਰੇਮ ਪ੍ਰਤਿਗਿਆ’ ਵਰਗੀਆਂ ਫਿਲਮਾਂ ’ਚ ਕੰਮ ਕਰਨ ਵਾਲੇ ਚੱਕਰਵਰਤੀ ਨੂੰ ਇਹ ਵੱਕਾਰੀ ਪੁਰਸਕਾਰ ਪ੍ਰਦਾਨ ਕੀਤਾ।
ਤਾੜੀਆਂ ਦੀ ਗੂੰਜ ਚ ਚੱਕਰਵਰਤੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮੈਂ ਇਕ ਵਾਰ ਫਿਰ ਤੁਹਾਡੇ ਆਸ਼ੀਰਵਾਦ ਨਾਲ ਇਸ ਮੰਚ ’ਤੇ ਆਇਆ ਹਾਂ। ਮੈਨੂੰ ਕੋਈ ਵੀ ਚੀਜ਼ ਥਾਲੀ ’ਚ ਪਰੋਸ ਕੇ ਨਹੀਂ ਮਿਲੀ। ਮੈਂ ਬਹੁਤ ਸੰਘਰਸ਼ ਕੀਤਾ ਹੈ, ਪਰ ਅੱਜ ਇਹ ਐਵਾਰਡ ਮਿਲਣ ਤੋਂ ਬਾਅਦ ਮੈਂ ਸ਼ਿਕਾਇਤ ਕਰਨੀ ਛੱਡ ਦਿੱਤੀ ਹੈ। ਪ੍ਰਮਾਤਮਾ ਦਾ ਸ਼ੁਕਰ ਹੈ, ਮੈਨੂੰ ਵਿਆਜ ਸਮੇਤ ਸਭ ਕੁਝ ਵਾਪਸ ਮਿਲ ਗਿਆ ਹੈ।

ਸਾਲ 2022 ਲਈ ਸਿਨੇਮਾ ’ਚ ਸਰਵੋਤਮ ਪ੍ਰਦਰਸ਼ਨ ਲਈ ਅਗਸਤ ’ਚ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਸੀ। ਇੱਥੇ ਵਿਗਿਆਨ ਭਵਨ ’ਚ ਆਯੋਜਿਤ ਸਮਾਰੋਹ ’ਚ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਭਾਰਤੀ ਸਿਨੇਮਾ ਦੁਨੀਆ ਦਾ ਸਭ ਤੋਂ ਵੱਡਾ ਫਿਲਮ ਉਦਯੋਗ ਹੈ, ਕਿਉਂਕਿ ਇਹ ‘ਕਈ ਭਾਸ਼ਾਵਾਂ ਅਤੇ ਖੇਤਰਾਂ’ ’ਚ ਫਿਲਮਾਂ ਬਣਾਉਂਦਾ ਹੈ।

ਰਾਸ਼ਟਰਪਤੀ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਇਹ ਕਲਾ ਦੇ ਖੇਤਰ ’ਚ ਸਭ ਤੋਂ ਵਿਭਿੰਨਤਾ ਵਾਲਾ ਖੇਤਰ ਹੈ। ਉਨ੍ਹਾਂ ਕਿਹਾ ਕਿ ਅੱਜ ਲੱਗਭਗ 85 ਲੋਕਾਂ ਨੂੰ ਪੁਰਸਕਾਰ ਮਿਲਿਆ ਹੈ ਪਰ ਉਨ੍ਹਾਂ ’ਚ ਸਿਰਫ 15 ਔਰਤਾਂ ਹਨ, ਫਿਲਮ ਉਦਯੋਗ ’ਚ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਦੀ ਦਿਸ਼ਾ ’ਚ ਹੋਰ ਵਧੇਰੇ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ। ਮੇਰਾ ਮੰਨਣਾ ਹੈ ਕਿ ਫਿਲਮਾਂ ਅਤੇ ਸੋਸ਼ਲ ਮੀਡੀਆ ਸਮਾਜ ’ਚ ਬਦਲਾਅ ਲਿਆਉਣ ਦਾ ਇਕ ਵੱਡਾ ਸਾਧਨ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            