ਮੰਦਿਰਾ ਬੇਦੀ ਦੇ ਪਤੀ ਲਈ ਬੇਹੱਦ ਮੁਸ਼ਕਿਲ ਸੀ ਆਖਰੀ ਰਾਤ, ਸੁਲੇਮਾਨ ਮਰਚੈਂਟ ਨੇ ਦੱਸਿਆ ਆਖਰੀ ਪਲਾਂ ਦਾ ਦਰਦ
Friday, Jul 02, 2021 - 11:26 AM (IST)
ਮੁੰਬਈ (ਬਿਊਰੋ)– ਮੰਦਿਰਾ ਬੇਦੀ ਦੇ ਪਤੀ ਤੇ ਫ਼ਿਲਮ ਨਿਰਮਾਤਾ ਰਾਜ ਕੌਸ਼ਲ ਨੇ 49 ਸਾਲ ਦੀ ਉਮਰ ’ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਦਿਲ ਦਾ ਦੌਰਾ ਪੈਣ ਕਾਰਨ ਬੁੱਧਵਾਰ ਤੜਕੇ ਉਸ ਦੀ ਮੌਤ ਹੋ ਗਈ। ਪਤਨੀ ਮੰਦਿਰਾ ਬੇਦੀ ਨੇ ਨਮ ਅੱਖਾਂ ਨਾਲ ਆਪਣੇ ਪਤੀ ਦਾ ਅੰਤਿਮ ਸੰਸਕਾਰ ਕੀਤਾ। ਆਪਣੀ ਮੌਤ ਤੋਂ ਦੋ ਦਿਨ ਪਹਿਲਾਂ ਉਸ ਨੇ ਦੋਸਤਾਂ ਨਾਲ ਪਾਰਟੀ ਕੀਤੀ ਸੀ। ਪਰਿਵਾਰ ਤੇ ਦੋਸਤ ਹਰ ਕੋਈ ਵਿਸ਼ਵਾਸ ਨਹੀਂ ਕਰ ਸਕਦਾ ਕਿ ਰਾਜ ਹੁਣ ਇਸ ਸੰਸਾਰ ’ਚ ਨਹੀਂ ਹੈ।
ਜ਼ਿੰਦਗੀ ਦੀ ਆਖ਼ਰੀ ਰਾਤ ਰਾਜ ਕੌਸ਼ਲ ਲਈ ਬਹੁਤ ਮੁਸ਼ਕਿਲ ਸੀ। ਇਸ ਬਾਰੇ ਉਸ ਨੇ ਆਪਣੀ ਪਤਨੀ ਮੰਦਿਰਾ ਬੇਦੀ ਨੂੰ ਵੀ ਦੱਸਿਆ ਸੀ। ਰਾਜ ਦੇ ਦੋਸਤ ਸੁਲੇਮਾਨ ਮਰਚੈਂਟ ਨੇ ਖ਼ੁਲਾਸਾ ਕੀਤਾ ਤੇ ਦੱਸਿਆ ਕਿ ਉਸ ਰਾਤ ਕੀ ਹੋਇਆ ਸੀ।
ਸੰਗੀਤ ਨਿਰਦੇਸ਼ਕ ਸੁਲੇਮਾਨ ਮਰਚੈਂਟ ਨੇ ਈ-ਟਾਈਮਜ਼ ਨਾਲ ਇਕ ਇੰਟਰਵਿਊ ਦੌਰਾਨ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਰਾਜ ਨੇ ਮੰਦਿਰਾ ਬੇਦੀ ਨੂੰ ਦਿਲ ਦੇ ਦੌਰੇ ਬਾਰੇ ਦੱਸਿਆ ਸੀ।
ਇਸ ਗੱਲਬਾਤ ’ਚ ਸੁਲੇਮਾਨ ਨੇ ਦੱਸਿਆ ਕਿ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ 29 ਜੂਨ ਦੀ ਸ਼ਾਮ ਨੂੰ ਰਾਜ ਨੂੰ ਕੁਝ ਅਸਹਿਜ ਮਹਿਸੂਸ ਹੋ ਰਿਹਾ ਸੀ, ਜਿਸ ਤੋਂ ਬਾਅਦ ਉਸ ਨੇ ਐਸੀਡਿਟੀ ਹਟਾਉਣ ਵਾਲੀਆਂ ਗੋਲੀਆਂ ਵੀ ਲੈ ਲਈਆਂ ਤੇ ਫਿਰ ਉਹ ਸੌਂ ਗਿਆ ਪਰ ਉਸ ਤੋਂ ਬਾਅਦ ਰਾਜ ਨੂੰ ਫਿਰ ਤੋਂ ਤਕਲੀਫ ਹੋਈ ਤੇ ਉਸ ਨੇ ਮੰਦਿਰਾ ਨੂੰ ਦੱਸਿਆ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਸੀ।
ਰਾਜ ਨੂੰ ਮੁਸੀਬਤ ’ਚ ਵੇਖਦਿਆਂ ਮੰਦਿਰਾ ਨੇ ਤੁਰੰਤ ਅਸ਼ੀਸ਼ ਚੌਧਰੀ ਨੂੰ ਬੁਲਾਇਆ, ਜੋ ਬਿਨਾਂ ਸਮਾਂ ਗੁਆਏ ਮੰਦਿਰਾ ਦੇ ਘਰ ਆਇਆ ਸੀ। ਮੰਦਿਰਾ ਤੇ ਅਸ਼ੀਸ਼ ਨੇ ਤੁਰੰਤ ਰਾਜ ਨੂੰ ਕਾਰ ’ਚ ਬਿਠਾਇਆ ਤੇ ਉਹ ਸ਼ਾਇਦ ਲੀਲਾਵਤੀ ਹਸਪਤਾਲ ਵੱਲ ਤੁਰੇ ਸਨ।
ਇਸ ਦੌਰਾਨ ਰਾਜ ਬੇਹੋਸ਼ ਹੋ ਗਿਆ। ਅਗਲੇ 5-10 ਮਿੰਟਾਂ ’ਚ ਮੰਦਿਰਾ ਨੂੰ ਅਹਿਸਾਸ ਹੋਇਆ ਕਿ ਉਸ ਦੀ ਨਬਜ਼ ਨਹੀਂ ਚੱਲ ਰਹੀ। ਗਾਇਕ ਨੇ ਕਿਹਾ ਕਿ ਜੇ ਮੈਂ ਗਲਤ ਨਹੀਂ ਹਾਂ ਤਾਂ ਰਸਤੇ ’ਚ ਹੀ ਉਸ ਦੀ ਮੌਤ ਹੋ ਗਈ ਤੇ ਜਦੋਂ ਇਹ ਲੋਕ ਰਾਜ ਨੂੰ ਹਸਪਤਾਲ ਲੈ ਗਏ ਤਾਂ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਰਾਜ ਕੌਸ਼ਲ ਨੂੰ ਪਹਿਲਾਂ ਹੀ ਦਿਲ ਦੀ ਬੀਮਾਰੀ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ ਰਾਜ ਨੂੰ 30-32 ਸਾਲ ਦੀ ਉਮਰ ’ਚ ਦਿਲ ਦਾ ਦੌਰਾ ਪਿਆ ਸੀ। ਹਾਲਾਂਕਿ ਇਸ ਤੋਂ ਬਾਅਦ ਉਸ ਨੇ ਆਪਣੇ-ਆਪ ਦਾ ਬਹੁਤ ਧਿਆਨ ਰੱਖਿਆ।
ਸੁਲੇਮਾਨ ਮਰਚੈਂਟ ਨੇ ਇਸ ਗੱਲਬਾਤ ’ਚ ਅੱਗੇ ਕਿਹਾ ਕਿ ਮੇਰੀ 25 ਸਾਲ ਦੀ ਦੋਸਤੀ ਖ਼ਤਮ ਹੋ ਗਈ ਹੈ। ਉਸ ਨੇ ਦੱਸਿਆ ਕਿ ਉਹ ਰਾਜ ਨੂੰ ਉਨ੍ਹਾਂ ਦਿਨਾਂ ਤੋਂ ਜਾਣਦਾ ਹੈ, ਜਦੋਂ ਉਹ ‘ਦੁਸ’ ਫ਼ਿਲਮ ’ਚ ਮੁਕੁਲ ਆਨੰਦ ਨੂੰ ਅਸਿਸਟ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਮੈਂ ਮਹਾਮਾਰੀ ਦੌਰਾਨ ਕਈ ਮਹੀਨੇ ਪਹਿਲਾਂ ਉਸ ਦੇ ਘਰ ਗਿਆ ਸੀ।
ਉਸ ਨੇ ਅੱਗੇ ਕਿਹਾ ਕਿ ਸਲੀਮ ਤੇ ਮੈਂ ਉਨ੍ਹਾਂ ਦੀ ਪਹਿਲੀ ਫ਼ਿਲਮ ‘ਪਿਆਰ ਮੇਂ ਕਭੀ ਕਭੀ’ ਨੂੰ ਸੰਗੀਤ ਦਿੱਤਾ ਸੀ। ਮੈਂ ਅਕਸਰ ਉਸ ਦੇ ਸੰਪਰਕ ’ਚ ਹੁੰਦਾ ਸੀ। ਜਦੋਂ ਅਸੀਂ ਆਪਣੀ ਐਲਬਮ ‘ਭੂਮੀ 2020’ ਲਾਂਚ ਕਰਨ ਜਾ ਰਹੇ ਸੀ, ਉਸ ਨੇ ਸਾਨੂੰ ਮਿੱਡ ਆਈਲੈਂਡ ’ਚ ਆਪਣਾ ਬੰਗਲਾ ਆਫ਼ਰ ਕੀਤਾ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।