ਓ. ਟੀ. ਟੀ. ਰਿਲੀਜ਼ ਤੋਂ ਬਾਅਦ ‘ਲਾਲ ਸਿੰਘ ਚੱਢਾ’ ਦੀ ਤਾਰੀਫ਼ ਕਰਨ ਵਾਲਿਆਂ ’ਤੇ ਭੜਕੇ ਮਾਨਵ ਵਿਜ

Wednesday, Nov 16, 2022 - 05:56 PM (IST)

ਓ. ਟੀ. ਟੀ. ਰਿਲੀਜ਼ ਤੋਂ ਬਾਅਦ ‘ਲਾਲ ਸਿੰਘ ਚੱਢਾ’ ਦੀ ਤਾਰੀਫ਼ ਕਰਨ ਵਾਲਿਆਂ ’ਤੇ ਭੜਕੇ ਮਾਨਵ ਵਿਜ

ਮੁੰਬਈ (ਬਿਊਰੋ)– ਸਾਲ 2022 ’ਚ ਅਕਸ਼ੇ ਕੁਮਾਰ ਤੋਂ ਲੈ ਕੇ ਰਣਬੀਰ ਕਪੂਰ ਤਕ ਕਈ ਸਿਤਾਰਿਆਂ ਦੀਆਂ ਫ਼ਿਲਮਾਂ ਦਾ ਬਾਈਕਾਟ ਹੋਇਆ ਹੈ। ਹਾਲਾਂਕਿ ਜਿਸ ਫ਼ਿਲਮ ਦਾ ਸਭ ਤੋਂ ਵੱਧ ਵਿਰੋਧ ਹੋਇਆ, ਉਹ ਸੀ ਆਮਿਰ ਖ਼ਾਨ ਦੀ ‘ਲਾਲ ਸਿੰਘ ਚੱਢਾ’। ਉਂਝ ਤਾਂ ਲੋਕ ਇਸ ਫ਼ਿਲਮ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਪਰ ਸੋਸਲ ਮੀਡੀਆ ’ਤੇ ਵਾਇਰਲ ਹੋ ਰਹੇ ਆਮਿਰ ਦੇ ਪੁਰਾਣੇ ਬਿਆਨਾਂ ਕਾਰਨ ਫ਼ਿਲਮ ਨੂੰ ਨਿੰਦਿਆ ਦਾ ਸਾਹਮਣਾ ਕਰਨਾ ਪਿਆ ਤੇ ਫ਼ਿਲਮ ਬਾਕਸ ਆਫਿਸ ’ਤੇ ਫੇਲ ਹੋ ਗਈ।

ਹਾਲਾਂਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਦੋਂ ‘ਲਾਲ ਸਿੰਘ ਚੱਢਾ’ ਓ. ਟੀ. ਟੀ. ’ਤੇ ਰਿਲੀਜ਼ ਹੋਈ ਤਾਂ ਇਸ ਨੇ ਤਹਿਲਕਾ ਮਚਾ ਦਿੱਤਾ। ਨੈੱਟਫਲਿਕਸ ’ਤੇ ਰਿਲੀਜ਼ ਹੁੰਦਿਆਂ ਹੀ ‘ਲਾਲ ਸਿੰਘ ਚੱਢਾ’ ਨੂੰ ਲਗਭਗ 6.63 ਮਿਲੀਅਨ ਘੰਟੇ ਤਕ ਦੇਖਿਆ ਗਿਆ। ਇੰਨਾ ਹੀ ਨਹੀਂ, ਆਮਿਰ ਖ਼ਾਨ ਦੀ ਫ਼ਿਲਮ ਇੰਡੀਆ ’ਚ ਨੰਬਰ 1 ਤੇ ਗਲੋਬਲ ਲੈਵਲ ’ਤੇ ਦੂਜੇ ਨੰਬਰ ’ਤੇ ਟਰੈਂਡ ਕਰਦੀ ਰਹੀ।

ਓ. ਟੀ. ਟੀ. ’ਤੇ ਫ਼ਿਲਮ ਨੂੰ ਮਿਲ ਰਹੀ ਸਫਲਤਾ ਨੂੰ ਦੇਖਦਿਆਂ ਹੁਣ ਫ਼ਿਲਮ ਦੇ ਕਲਾਕਾਰ ਮਾਨਵ ਵਿਜ ਭੜਕ ਉਠੇ ਹਨ। ਦੱਸ ਦੇਈਏ ਕਿ ਮਾਨਵ ਨੇ ਫ਼ਿਲਮ ’ਚ ਮੁਹੰਮਦ ਭਾਈ ਦੀ ਭੂਮਿਕਾ ਨਿਭਾਈ ਸੀ।

ਇਹ ਖ਼ਬਰ ਵੀ ਪੜ੍ਹੋ : ਗਾਇਕ ਨਛੱਤਰ ਗਿੱਲ ਨੂੰ ਵੱਡਾ ਸਦਮਾ, ਪਤਨੀ ਦਾ ਹੋਇਆ ਦਿਹਾਂਤ

ਅਸਲ ’ਚ ਓ. ਟੀ. ਟੀ. ’ਤੇ ਫ਼ਿਲਮ ਦੇਖਣ ਤੋਂ ਬਾਅਦ ਯੂਜ਼ਰਸ ਨੇ ਮਾਨਵ ਵਿਜ ਨੂੰ ਤਾਰੀਫ਼ ਭਰੇ ਸੁਨੇਹੇ ਭੇਜੇ। ਕੁਝ ਲੋਕਾਂ ਨੇ ਸਿਨੇਮਾਘਰਾਂ ’ਚ ਫ਼ਿਲਮ ਨਾ ਦੇਖਣ ’ਤੇ ਦੁੱਖ ਪ੍ਰਗਟਾਇਆ। ਇੰਨਾ ਹੀ ਨਹੀਂ, ਮਾਨਵ ਨੇ ਦੱਸਿਆ ਕਿ ਲੋਕ ਉਸ ਤੋਂ ਮੁਆਫ਼ੀ ਮੰਗ ਰਹੇ ਹਨ ਕਿਉਂਕਿ ਉਨ੍ਹਾਂ ਨੇ ਬਾਈਕਾਟ ਟਰੈਂਡ ਨੂੰ ਫਾਲੋਅ ਕਰਦਿਆਂ ‘ਲਾਲ ਸਿੰਘ ਚੱਢਾ’ ਸਿਨੇਮਾਘਰਾਂ ’ਚ ਨਹੀਂ ਦੇਖੀ।

ਫ਼ਿਲਮ ਨੂੰ ਮਿਲ ਰਹੀ ਤਾਰੀਫ਼ ਨੂੰ ਦੇਖਦਿਆਂ ਮਾਨਵ ਵਿਜ ਭੜਕ ਗਏ ਹਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਲੋਕਾਂ ਨੂੰ ਇਕ ਸਖ਼ਤ ਨਸੀਹਤ ਵੀ ਦਿੱਤੀ ਹੈ। ਉਨ੍ਹਾਂ ਕਿਹਾ, ‘‘ਜੇਕਰ ਤੁਹਾਨੂੰ ਇੰਨੀ ਸ਼ਰਮਿੰਦਗੀ ਹੋ ਰਹੀ ਹੈ ਤਾਂ ਤੁਸੀਂ ਆਮਿਰ ਖ਼ਾਨ ਪ੍ਰੋਡਕਸ਼ਨਜ਼ ਦੇ ਅਕਾਊਂਟ ’ਚ 500 ਰੁਪਏ ਟਰਾਂਸਫਰ ਕਰ ਸਕਦੇ ਹੋ। ਤੁਹਾਡੀ ਬੇਵਕੂਫੀ ਨਾਲ ਮੇਕਰਜ਼ ਨੂੰ ਕਾਫੀ ਨੁਕਸਾਨ ਝੱਲਣਾ ਪਿਆ।’’

ਦੱਸ ਦੇਈਏ ਕਿ ਇਸ ਬਾਈਕਾਟ ਟਰੈਂਡ ਕਾਰਨ ਆਮਿਰ ਖ਼ਾਨ ਨੇ ਅਦਾਕਾਰੀ ਤੋਂ ਬ੍ਰੇਕ ਲੈ ਲਈ ਹੈ। ਉਹ ਹੁਣ ਆਪਣੀ ਆਗਾਮੀ ਫ਼ਿਲਮ ‘ਚੈਂਪੀਅਨਸ’ ਨੂੰ ਸਿਰਫ ਪ੍ਰੋਡਿਊਸ ਕਰਨਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News