ਸਾਡੀਆਂ ਮਾਵਾਂ ਵੀ ਮਾਣ ਮਹਿਸੂਸ ਕਰਦੀਆਂ ਕਿ ਅਸੀਂ ‘ਮਾਂ’ ਫ਼ਿਲਮ ਦਾ ਹਿੱਸਾ ਹਾਂ

05/02/2022 12:31:49 PM

ਦੁਨੀਆ ਭਰ ’ਚ 6 ਮਈ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਮਾਂ’

ਪੰਜਾਬੀ ਫ਼ਿਲਮ ‘ਮਾਂ’ 6 ਮਈ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਗਿੱਪੀ ਗਰੇਵਾਲ, ਦਿਵਿਆ ਦੱਤਾ, ਗੁਰਪ੍ਰੀਤ ਘੁੱਗੀ, ਬੱਬਲ ਰਾਏ, ਰਾਣਾ ਰਣਬੀਰ, ਪ੍ਰਿੰਸ ਕੰਵਲਜੀਤ ਸਿੰਘ, ਰਘਵੀਰ ਬੋਲੀ, ਵੱਡਾ ਗਰੇਵਾਲ, ਆਰੂਸ਼ੀ ਸ਼ਰਮਾ, ਆਸ਼ੀਸ਼ ਦੁੱਗਲ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਤਰਸੇਮ ਪੌਲ, ਪ੍ਰਕਾਸ਼ ਗਾਧੂ ਤੇ ਰੁਪਿੰਦਰ ਰੂਪੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਰਾਣਾ ਰਣਬੀਰ ਨੇ ਲਿਖਿਆ ਹੈ ਤੇ ਇਸ ਨੂੰ ਡਾਇਰੈਕਟ ਬਲਜੀਤ ਸਿੰਘ ਦਿਓ ਨੇ ਕੀਤਾ ਹੈ। ਫ਼ਿਲਮ ਦੀ ਸਟਾਰ ਕਾਸਟ ਇਸ ਦੀ ਜ਼ੋਰਾਂ-ਸ਼ੋਰਾਂ ਨਾਲ ਪ੍ਰਮੋਸ਼ਨ ਕਰ ਰਹੀ ਹੈ। ਹਾਲ ਹੀ ’ਚ ਬੱਬਲ ਰਾਏ, ਆਰੂਸ਼ੀ ਸ਼ਰਮਾ, ਰਘਵੀਰ ਬੋਲੀ, ਆਸ਼ੀਸ਼ ਦੁੱਗਲ ਤੇ ਵੱਡਾ ਗਰੇਵਾਲ ਨਾਲ ਫ਼ਿਲਮ ਨੂੰ ਲੈ ਕੇ ਖ਼ਾਸ ਗੱਲਬਾਤ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–

ਮਾਂ ਕੋਲੋਂ ਥਾਪੀ ਨਾਲ ਕੁੱਟ ਕਿਸ-ਕਿਸ ਨੂੰ ਪਈ ਹੈ?

ਵੱਡਾ ਗਰੇਵਾਲ : ਥਾਪੀ ਨਾਲ ਬਹੁਤ ਕੁੱਟ ਪਈ ਹੈ। ਜਦੋਂ ਮੰਮੀ ਸਿਰ ਨਹਾਉਂਦੇ ਹੁੰਦੇ ਸੀ ਤਾਂ ਛੋਟੇ ਹੁੰਦੇ ਨਹਾਉਣ ਤੋਂ ਬਹੁਤ ਡਰ ਲੱਗਦਾ ਸੀ। ਉਦੋਂ ਫਿਰ ਥਾਪੀ ਪੈਂਦੀ ਸੀ।

ਰਘਵੀਰ ਬੋਲੀ : ਮੈਨੂੰ ਮੰਮੀ-ਡੈਡੀ ਤੋਂ ਕੁੱਟ ਘੱਟ ਹੀ ਪਈ ਹੈ। ਮੈਂ ਸ਼ਰਾਰਤੀ ਬਹੁਤ ਹੁੰਦਾ ਸੀ ਪਰ ਮੈਨੂੰ ਕੁੱਟ ਘੱਟ ਪਈ ਹੈ। ਦੋ-ਤਿੰਨ ਵਾਰ ਡੈਡੀ ਨੇ ਸਰਵਿਸ ਕੀਤੀ ਸੀ, ਉਹ ਮੈਨੂੰ ਯਾਦ ਹੈ। ਮੰਮੀ ਨੇ ਵੀ ਇਕ-ਦੋ ਵਾਰ ਕੁੱਟਿਆ ਹੋਵੇਗਾ। ਥਾਪੀ ਨਾਲ ਕਦੇ ਕੁੱਟ ਨਹੀਂ ਪਈ।

ਬੱਬਲ ਰਾਏ : ਮੈਨੂੰ ਥਾਪੀ ਨਾਲ ਕੋਈ ਪੁਰਾਣੀ ਕੁੱਟ ਯਾਦ ਨਹੀਂ ਆ ਰਹੀ। ਹਾਂ, ਮੈਨੂੰ ਇਹ ਯਾਦ ਆ ਰਿਹਾ ਕਿ ਮੈਨੂੰ ਕ੍ਰਿਕਟ ਨਾਲ ਬਹੁਤ ਪਿਆਰ ਹੈ ਤੇ ਮੇਰਾ ਪਹਿਲਾ ਕ੍ਰਿਕਟ ਬੈਟ ਥਾਪੀ ਹੀ ਸੀ। ਮੈਨੂੰ ਘਰਦਿਆਂ ਕੋਲੋਂ ਥਾਪੀਆਂ ਮਿਲਦੀਆਂ ਰਹੀਆਂ ਹਨ, ਮੈਂ ਚੰਗਾ ਹੀ ਬਹੁਤ ਸੀ।

ਆਰੂਸ਼ੀ ਸ਼ਰਮਾ : ਮੈਨੂੰ ਵੀ ਕਦੇ ਥਾਪੀ ਨਾਲ ਕੁੱਟ ਨਹੀਂ ਪਈ। ਨਾਨੀ ਦੇ ਘਰ ਹੁੰਦੀ ਸੀ ਤਾਂ ਉਥੇ ਮੈਂ ਤੇ ਮੇਰਾ ਭਰਾ ਇਸ ਨਾਲ ਕ੍ਰਿਕਟ ਖੇਡਦੇ ਸੀ।

ਆਸ਼ੀਸ਼ ਦੁੱਗਲ :  ਕੁੱਟ ਮੈਨੂੰ ਵੀ ਘੱਟ ਪਈ ਹੈ। ਕ੍ਰਿਕਟ ਮੈਂ ਵੀ ਥਾਪੀ ਨਾਲ ਖੇਡੀ ਹੈ। ਹਾਂ, ਇਹ ਯਾਦ ਹੈ ਕਿ ਇਕ ਵਾਰ ਮੇਰੀ ਮਾਂ ਨੇ ਥਾਪੀ ਛੱਡਵੀਂ ਮਾਰੀ ਸੀ, ਜੋ ਮੇਰੇ ਗਿੱਟਿਆਂ ’ਤੇ ਲੱਗੀ ਸੀ। ਮਾਂ ਦੀ ਕੁੱਟ ਸੁਥਾਰਨ ਲਈ ਹੁੰਦੀ ਹੈ ਤੇ ਮਾਵਾਂ ਦੀ ਕੁੱਟ ’ਚ ਪਿਆਰ ਤੇ ਮੁਹੱਬਤ ਬਹੁਤ ਹੁੰਦੀ।

ਸਭ ਤੋਂ ਪਹਿਲਾਂ ਗਿਫ਼ਟ ਮਾਂ ਕੋਲੋਂ ਕੀ ਮਿਲਿਆ ਸੀ?

ਵੱਡਾ : ਮੈਨੂੰ ਯਾਦ ਹੈ ਕਿ ਇਕ ਰਿਮੋਟ ਵਾਲੀ ਕਾਰ ਸੀ, ਉਹ ਮੈਨੂੰ ਮੰਮੀ ਨੇ ਲਿਆ ਕੇ ਦਿੱਤੀ ਸੀ। ਸ਼ਾਇਦ ਅੱਜ ਵੀ ਉਹ ਸਾਡੇ ਕੋਲ ਪਈ ਹੈ।

ਰਘਵੀਰ : ਮੈਨੂੰ ਮੰਮੀ ਨੇ ਮੇਰੇ ਛੋਟੇ ਹੁੰਦੇ ਦੇ ਕੱਪੜੇ ਦਿਖਾਏ ਹਨ। ਬੱਚੇ ਦੇ ਜੋ ਤੜਾਗੀ ਪਾਉਂਦੇ ਹਨ, ਉਹ ਵੀ ਦਿਖਾਈ ਸੀ। ਮੈਨੂੰ ਮੇਰੇ ਵਾਲ ਵੀ ਦਿਖਾਏ ਸੀ, ਜੋ ਸ਼ਾਇਦ ਛੋਟੇ ਹੁੰਦੇ ਕੱਟੇ ਸਨ।

ਬੱਬਲ : ਮੈਨੂੰ ਸਭ ਤੋਂ ਪਹਿਲਾ ਗਿਫ਼ਟ ਮਾਂ ਨੇ ਇਹ ਦਿੱਤਾ ਕਿ ਮੈਨੂੰ ਦੁਨੀਆ ’ਤੇ ਲੈ ਕੇ ਆਉਂਦਾ।

ਆਰੂਸ਼ੀ : ਮੈਨੂੰ ਬਹੁਤ ਖਿਡੌਣੇ ਮੰਮੀ-ਡੈਡੀ ਨੇ ਲੈ ਕੇ ਦਿੱਤੇ ਹਨ। ਕੋਈ ਇਕ ਮੈਨੂੰ ਯਾਦ ਨਹੀਂ ਹੈ ਪਰ ਵੱਡੇ ਹੋਣ ਤਕ ਉਹ ਖਿਡੌਣੇ ਮੇਰੇ ਕੋਲ ਰਹੇ।

ਆਸ਼ੀਸ਼ : ਸਾਡੇ ਸਮੇਂ ’ਚ ਗਿਫ਼ਟਾਂ ਦਾ ਰਿਵਾਜ਼ ਨਹੀਂ ਸੀ। ਸਾਡੇ ਜ਼ਮਾਨੇ ’ਚ ਮਾਪੇ ਪਿਆਰ-ਮੁਹੱਬਤ ਰੋਟੀ ਤਕ ਹੀ ਰੱਖਦੇ ਸਨ। ਕੁਝ ਖ਼ਾਸ ਨਹੀਂ ਹੁੰਦਾ। ਮੇਰੇ ਮਾਤਾ ਇਸ ਦੁਨੀਆ ’ਚ ਨਹੀਂ ਹਨ ਪਰ ਉਨ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਸੰਭਾਲ ਕੇ ਰੱਖੀਆਂ ਹਨ। ਉਨ੍ਹਾਂ ਦੇ ਹੱਥ ਦੇ ਬਣਾਏ ਸਵੈਟਰ ਪਏ ਹਨ ਮੇਰੇ ਕੋਲ।

ਤੁਸੀਂ ਆਪਣੇ ਫੋਨ ’ਚ ਆਪਣੀ ਮਾਂ ਦੀ ਜਵਾਨੀ ਵੇਲੇ ਦੀ ਕੋਈ ਤਸਵੀਰ ਰੱਖੀ ਹੈ?

ਵੱਡਾ :
ਮੈਂ ਮੰਮੀ-ਡੈਡੀ ਦੇ ਵਿਆਹ ਦੀ ਵੀਡੀਓ ਤੇ ਐਲਬਮ ਦੇਖੀ ਸੀ, ਜਦੋਂ ਅਸੀਂ ਉਹ ਦੇਖਦੇ ਹਾਂ ਤਾਂ ਮੰਮੀ ਦਾ ਚਿਹਰਾ ਨਹੀਂ ਦਿਖਦਾ। ਵਿਆਹ ਦੀ ਐਲਬਮ ’ਚ ਮੰਮੀ ਦੀ ਕਿਤੇ ਵੀ ਇਕ ਤਸਵੀਰ ਨਹੀਂ ਹੈ, ਜਿਸ ’ਚ ਉਨ੍ਹਾਂ ਦਾ ਚਿਹਰਾ ਦਿਖਦਾ ਹੋਵੇ।

ਫ਼ਿਲਮ ਦਾ ਟਰੇਲਰ ਦੇਖਣ ਤੋਂ ਬਾਅਦ ਮਾਂ ਦੀ ਕੀ ਪ੍ਰਤੀਕਿਰਿਆ ਸੀ?

ਬੱਬਲ : ਮੇਰੇ ਮਾਤਾ ਜੀ ਬਾਹਰ ਗਏ ਹਨ, ਉਨ੍ਹਾਂ ਦਾ ਖ਼ੁਦ ਮੈਨੂੰ ਫੋਨ ਆਇਆ ਟਰੇਲਰ ਦੇਖਣ ਤੋਂ ਬਾਅਦ। ਉਹ ਕਹਿੰਦੇ ਕਿ ਪਹਿਲਾਂ ਮੈਂ ਲਿਖਣ ਲੱਗੀ ਸੀ ਕੁਝ ਪਰ ਮੈਨੂੰ ਸਮਝ ਨਹੀਂ ਆਇਆ ਕਿ ਮੈਂ ਕੀ ਲਿਖਾ। ਉਨ੍ਹਾਂ ਕਿਹਾ ਕਿ ਬਹੁਤ ਸੋਹਣੀ ਹੈ ਤੁਹਾਡੀ ਫ਼ਿਲਮ।

ਰਘਵੀਰ : ਛੋਟੇ ਭਰਾ ਨੇ ਮੰਮੀ ਨੂੰ ਟਰੇਲਰ ਦਿਖਾਇਆ ਸੀ ਤੇ ਕਹਿੰਦੇ ਸੀ ਕਿ ਬਹੁਤ ਸੋਹਣੀ ਫ਼ਿਲਮ ਹੈ, ਮੈਂ ਜ਼ਰੂਰ ਦੇਖਾਂਗੀ।

ਵੱਡਾ : ਮੇਰੇ ਮੰਮੀ ਕਹਿੰਦੇ ਕਿ ਥੋੜ੍ਹਾ ਜਿਹਾ ਦਿਸਿਆ ਪਰ ਜਿੰਨਾ ਦਿਸਿਆ ਠੀਕ ਹੈ। ਉਨ੍ਹਾਂ ਨੂੰ ਇਹ ਵਧੀਆ ਲੱਗਾ ਕਿ ਮਾਂ ’ਤੇ ਫ਼ਿਲਮ ਆ ਰਹੀ ਹੈ।

ਆਰੂਸ਼ੀ : ਸਾਰੀਆਂ ਮਾਵਾਂ ਦੀ ਇਕੋ-ਜਿਹੀ ਪ੍ਰਤੀਕਿਰਿਆ ਹੋਵੇਗੀ ਕਿਉਂਕਿ ਮਾਂ ਬਾਰੇ ਫ਼ਿਲਮ ਹੈ ਤੇ ਉਸ ਫ਼ਿਲਮ ’ਚ ਉਨ੍ਹਾਂ ਦਾ ਬੱਚਾ ਹੈ ਤਾਂ ਉਹ ਮਾਣ ਮਹਿਸੂਸ ਕਰਦੇ ਹਨ।

ਆਸ਼ੀਸ਼ : ਮੇਰੇ ਜਿੰਨੇ ਵੀ ਰਿਸ਼ਤੇਦਾਰਾਂ ਨੇ ਟਰੇਲਰ ਦੇਖਿਆ, ਉਹ ਸਾਰੇ ਇੰਤਜ਼ਾਰ ਕਰ ਰਹੇ ਕਿ 6 ਮਈ ਨੂੰ ਫ਼ਿਲਮ ਦੇਖਣ ਕਿਉਂਕਿ ਬਹੁਤ ਇਮੋਸ਼ਨਲ ਚੀਜ਼ਾਂ ਹਨ ਤੇ ਮੇਰੇ ਸਰਕਲ ’ਚ ਬੰਦੇ ਵੀ ਉਸੇ ਤਰ੍ਹਾਂ ਦੇ ਹਨ।


Rahul Singh

Content Editor

Related News