ਰੌਕਿੰਗ ਸਟਾਰ ਯਸ਼ ਦੀ ''ਟੌਕਸਿਕ'' ਦਾ ਨਵਾਂ ਪੋਸਟਰ ਰਿਲੀਜ਼
Saturday, Aug 01, 2026 - 02:57 PM (IST)
ਮੁੰਬਈ (ਏਜੰਸੀ)- ਭਾਰਤੀ ਸਿਨੇਮਾ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱ "ਟੌਕਸਿਕ: ਏ ਫੈਰੀਟੇਲ ਫਾਰ ਗ੍ਰੋਨ-ਅੱਪਸ" ਦਾ ਇੱਕ ਨਵਾਂ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਪੋਸਟਰ ਵਿੱਚ ਯਸ਼ ਦੇ ਕਿਰਦਾਰ "ਰਾਇਆ" ਦਾ ਇੱਕ ਸਿਲੂਏਟ ਦਿਖਾਇਆ ਗਿਆ ਹੈ, ਜਿਸਦੇ ਹੱਥ ਵਿੱਚ ਟੌਮੀ ਗੰਨ ਹੈ। ਪੋਸਟਰ ਫਿਲਮ ਦੀ ਰਹੱਸਮਈ ਦੁਨੀਆ ਦੀ ਝਲਕ ਪੇਸ਼ ਕਰਦਾ ਹੈ, ਪਰ ਫਿਰ ਵੀ ਕਹਾਣੀ ਦੇ ਮੁੱਖ ਪਹਿਲੂਆਂ ਨੂੰ ਲੁਕਾ ਕੇ ਰੱਖਦਾ ਹੈ। ਪਹਿਲਾਂ ਜਾਰੀ ਕੀਤੇ ਗਏ ਪੋਸਟਰਾਂ ਅਤੇ ਟੀਜ਼ਰਾਂ ਵਾਂਗ, ਇਸ ਨਵੇਂ ਪੋਸਟਰ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਪ੍ਰਸ਼ੰਸਕ ਕਹਾਣੀ ਅਤੇ ਰਾਇਆ ਦੇ ਸਫ਼ਰ ਬਾਰੇ ਅੰਦਾਜ਼ੇ ਲਗਾ ਰਹੇ ਹਨ।

ਫਿਲਮ ਦਾ ਟ੍ਰੇਲਰ ਲਾਂਚ ਯਸ਼ ਅਤੇ ਕੇਵੀਐਨ ਪ੍ਰੋਡਕਸ਼ਨ ਦੇ ਗ੍ਰਹਿ ਰਾਜ ਬੈਂਗਲੁਰੂ ਵਿੱਚ ਹੋਵੇਗਾ। 8 ਅਗਸਤ ਇਸ ਲਈ ਵੀ ਖਾਸ ਹੈ ਕਿਉਂਕਿ ਇਸੇ ਤਰੀਕ ਨੂੰ ਫਿਲਮ ਦੀ ਸ਼ੂਟਿੰਗ ਨੂੰ ਸ਼ੁਰੂ ਹੋਏ 2 ਸਾਲ ਪੂਰੇ ਹੋ ਜਾਣਗੇ। ਨਿਰਮਾਤਾਵਾਂ ਦਾ ਕਹਿਣਾ ਹੈ ਕਿ ਫਿਲਮ ਦੇ ਪ੍ਰਚਾਰ ਅਭਿਆਨ ਦੌਰਾਨ ਕਹਾਣੀ ਨੂੰ ਗੁਪਤ ਰੱਖਿਆ ਗਿਆ ਹੈ। ਟ੍ਰੇਲਰ ਦਰਸ਼ਕਾਂ ਨੂੰ ਫਿਲਮ ਦੀ ਦੁਨੀਆ, ਉਸਦੇ ਕਿਰਦਾਰਾਂ, ਸ਼ਾਨਦਾਰ ਪੇਸ਼ਕਾਰੀ ਅਤੇ ਵਿਆਪਕ ਕਹਾਣੀ ਦੀ ਝਲਕ ਦੇਵੇਗਾ। ਗੀਤੂ ਮੋਹਨਦਾਸ ਦੁਆਰਾ ਨਿਰਦੇਸ਼ਤ, ਇਸ ਫਿਲਮ ਵਿੱਚ ਯਸ਼ ਦੇ ਨਾਲ ਨਯਨਤਾਰਾ, ਕਿਆਰਾ ਅਡਵਾਨੀ, ਤਾਰਾ ਸੁਤਾਰੀਆ, ਰੁਕਮਣੀ ਵਸੰਤ ਅਤੇ ਹੁਮਾ ਕੁਰੈਸ਼ੀ ਮੁੱਖ ਭੂਮਿਕਾਵਾਂ ਵਿੱਚ ਹਨ। ਕੰਨੜ ਅਤੇ ਅੰਗਰੇਜ਼ੀ ਵਿੱਚ ਇੱਕੋ ਸਮੇਂ ਸ਼ੂਟ ਕੀਤੀ ਗਈ ਇਹ ਫਿਲਮ ਹਿੰਦੀ, ਤੇਲਗੂ, ਤਾਮਿਲ ਅਤੇ ਮਲਿਆਲਮ ਵਿੱਚ ਵੀ ਰਿਲੀਜ਼ ਹੋਵੇਗੀ। ਕੇਵੀਐਨ ਪ੍ਰੋਡਕਸ਼ਨ ਅਤੇ ਮੌਨਸਟਰ ਮਾਈਂਡ ਕ੍ਰਿਏਸ਼ਨ ਦੇ ਬੈਨਰ ਹੇਠ ਬਣਾਈ ਗਈ ਇਹ ਫਿਲਮ 26 ਅਗਸਤ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
