ਸੁਨੀਲ ਪਾਲ ਵਾਂਗ ਅਦਾਕਾਰ ਮੁਸ਼ਤਾਕ ਖਾਨ ਨੂੰ ਵੀ ਕੀਤਾ ਅਗਵਾ, ਈਵੈਂਟ ਬਹਾਨੇ ਸੱਦ ਕੇ ਵਸੂਲੇ 2 ਲੱਖ
Wednesday, Dec 11, 2024 - 05:59 AM (IST)
ਬਿਜਨੌਰ : ਫਿਲਮ ਅਦਾਕਾਰ ਮੁਸ਼ਤਾਕ ਖਾਨ ਨੂੰ ਬਿਜਨੌਰ 'ਚ ਇਕ ਸਮਾਗਮ ਦੇ ਨਾਂ 'ਤੇ ਸੱਦ ਕੇ ਅਗਵਾ ਕਰ ਲਿਆ ਗਿਆ। ਅਗਵਾਕਾਰਾਂ ਨੇ ਉਸ ਤੋਂ 2 ਲੱਖ ਰੁਪਏ ਦੀ ਵਸੂਲੀ ਕੀਤੀ ਅਤੇ ਉਸ ਨੂੰ ਬੰਧਕ ਬਣਾ ਕੇ ਉਸ 'ਤੇ ਤਸ਼ੱਦਦ ਕੀਤਾ। ਕਿਸੇ ਤਰ੍ਹਾਂ ਅਗਲੇ ਦਿਨ ਸਵੇਰੇ ਮੌਕਾ ਮਿਲਦੇ ਹੀ ਮੁਸ਼ਤਾਕ ਖਾਨ ਭੱਜਣ ਵਿਚ ਕਾਮਯਾਬ ਹੋ ਗਏ। ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁਸ਼ਤਾਕ ਖਾਨ ਦੇ ਈਵੈਂਟ ਮੈਨੇਜਰ ਸ਼ਿਵਮ ਯਾਦਵ ਦੀ ਰਿਪੋਰਟ ਮੁਤਾਬਕ 15 ਅਕਤੂਬਰ ਨੂੰ ਮੇਰਠ ਦੇ ਰਹਿਣ ਵਾਲੇ ਰਾਹੁਲ ਸੈਣੀ ਨਾਂ ਦੇ ਵਿਅਕਤੀ ਨੇ ਮੁਸ਼ਤਾਕ ਨੂੰ ਇਕ ਈਵੈਂਟ 'ਚ ਸ਼ਾਮਲ ਹੋਣ ਦਾ ਪ੍ਰਸਤਾਵ ਦਿੱਤਾ ਸੀ। 20 ਨਵੰਬਰ ਨੂੰ ਮੁਸ਼ਤਾਕ ਖਾਨ ਮੁੰਬਈ ਤੋਂ ਦਿੱਲੀ ਪਹੁੰਚਿਆ, ਜਿੱਥੇ ਰਾਹੁਲ ਵੱਲੋਂ ਭੇਜੀ ਗਈ ਕੈਬ ਉਸ ਨੂੰ ਲੈਣ ਆਈ ਸੀ।
ਅਦਾਕਾਰ ਮੁਸਤਾਕ ਖਾਨ ਨੂੰ ਕੀਤਾ ਅਗਵਾ
ਦਿੱਲੀ ਏਅਰਪੋਰਟ ਤੋਂ ਨਿਕਲਣ ਤੋਂ ਬਾਅਦ ਕੈਬ ਰਸਤੇ 'ਚ ਇਕ ਸ਼ਿਕੰਜਵੀ ਸਟਾਲ 'ਤੇ ਰੁਕੀ ਅਤੇ ਫਿਰ ਉਨ੍ਹਾਂ ਨੂੰ ਕਿਸੇ ਹੋਰ ਗੱਡੀ 'ਚ ਬਿਠਾ ਦਿੱਤਾ। ਕੁਝ ਦੂਰ ਤੁਰਨ ਤੋਂ ਬਾਅਦ ਦੋ ਹੋਰ ਵਿਅਕਤੀ ਕਾਰ ਵਿਚ ਸਵਾਰ ਹੋ ਗਏ। ਇਸ ਤੋਂ ਬਾਅਦ ਅਗਵਾਕਾਰਾਂ ਨੇ ਮੁਸ਼ਤਾਕ 'ਤੇ ਹਮਲਾ ਕਰਕੇ ਉਸ ਨੂੰ ਬੰਦੀ ਬਣਾ ਲਿਆ ਅਤੇ ਕਿਸੇ ਅਣਪਛਾਤੀ ਥਾਂ 'ਤੇ ਲੈ ਗਏ।
ਇਹ ਵੀ ਪੜ੍ਹੋ : ਸਲਮਾਨ ਨੇ ਆਪਣੀ ਮਾਂ ਸਲਮਾ ਖ਼ਾਨ ਨੂੰ ਬਰਥਡੇ 'ਤੇ ਦਿੱਤੀ ਵਧਾਈ, ਲਿਖਿਆ ਖ਼ਾਸ ਸੰਦੇਸ਼
ਦੱਸਿਆ ਜਾ ਰਿਹਾ ਹੈ ਕਿ ਮੁਸ਼ਤਾਕ ਖਾਨ ਤੋਂ ਪੈਸਿਆਂ ਦੀ ਮੰਗ ਕੀਤੀ ਗਈ ਸੀ ਪਰ ਉਸ ਕੋਲ ਏਟੀਐੱਮ ਨਾ ਹੋਣ ਕਾਰਨ ਅਗਵਾਕਾਰਾਂ ਨੇ ਉਸ ਦੇ ਮੋਬਾਈਲ ਫੋਨ ਤੋਂ 2 ਲੱਖ ਰੁਪਏ ਉਸ ਦੇ ਪੁੱਤਰ ਦੇ ਖਾਤੇ ਵਿਚ ਟਰਾਂਸਫਰ ਕਰ ਦਿੱਤੇ। ਇਸ ਦੌਰਾਨ ਅਗਵਾਕਾਰ ਸ਼ਰਾਬ ਪੀਂਦੇ ਰਹੇ। ਸਵੇਰੇ ਉਨ੍ਹਾਂ ਦੀ ਸ਼ਰਾਬੀ ਹਾਲਤ ਦਾ ਫਾਇਦਾ ਉਠਾਉਂਦੇ ਹੋਏ ਮੁਸ਼ਤਾਕ ਕਿਸੇ ਤਰ੍ਹਾਂ ਬਚ ਨਿਕਲਿਆ ਅਤੇ ਇਕ ਮਸਜਿਦ ਵਿਚ ਪਹੁੰਚ ਕੇ ਮਦਦ ਮੰਗੀ। ਆਪਣੇ ਨਾਲ ਵਾਪਰੀ ਘਟਨਾ ਬਾਰੇ ਮੌਲਵੀ ਨੂੰ ਸੂਚਿਤ ਕੀਤਾ।
ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ
ਉਥੋਂ ਉਸ ਨੇ ਆਪਣੇ ਜਾਣ-ਪਛਾਣ ਵਾਲਿਆਂ ਨੂੰ ਬੁਲਾਇਆ ਅਤੇ ਫਿਰ ਮਸਜਿਦ ਦੇ ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਮੁੰਬਈ ਭੇਜ ਦਿੱਤਾ। ਮੁੰਬਈ ਪਹੁੰਚ ਕੇ ਉਸ ਨੇ ਆਪਣੇ ਈਵੈਂਟ ਮੈਨੇਜਰ ਅਤੇ ਪਰਿਵਾਰ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਈਵੈਂਟ ਮੈਨੇਜਰ ਸ਼ਿਵਮ ਯਾਦਵ ਦੀ ਸ਼ਿਕਾਇਤ 'ਤੇ ਥਾਣਾ ਕੋਤਵਾਲੀ ਪੁਲਸ ਨੇ ਬੀਐੱਨਐੱਸ ਦੀ ਧਾਰਾ 140 (2) ਯਾਨੀ ਕਿ ਅਗਵਾ, ਬੰਧਕ ਬਣਾਉਣ ਅਤੇ ਜਬਰੀ ਵਸੂਲੀ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ 'ਤੇ ਐੱਸਪੀ ਅਭਿਸ਼ੇਕ ਝਾਅ ਨੇ ਕਿਹਾ ਕਿ ਪੁਲਸ ਗਿਰੋਹ ਦੀ ਪਛਾਣ ਕਰਨ 'ਚ ਲੱਗੀ ਹੋਈ ਹੈ ਅਤੇ ਜਲਦੀ ਹੀ ਮਾਮਲੇ ਦਾ ਖੁਲਾਸਾ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8