ਸਲਮਾਨ ਖ਼ਾਨ ਨੂੰ ਮਾਰਨ ਦਾ ਲਾਰੈਂਸ ਬਿਸ਼ਨੋਈ ਗੈਂਗ ਨੇ ਬਣਾਇਆ ਸੀ ‘ਪਲਾਨ ਬੀ’, ਪੜ੍ਹੋ ਅਹਿਮ ਖ਼ਬਰ

Thursday, Sep 15, 2022 - 04:25 PM (IST)

ਮੁੰਬਈ (ਬਿਊਰੋ)– ਸਲਮਾਨ ਖ਼ਾਨ ਦੀ ਜਾਨ ’ਤੇ ਬਣਿਆ ਸੰਕਟ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਉਹ ਲੰਮੇ ਸਮੇਂ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੀ ਰਡਾਰ ’ਤੇ ਹਨ। ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਸਲਮਾਨ ਨੂੰ ਆਪਣਾ ਟਾਰਗੇਟ ਬਣਾਉਣ ਦੀ ਇਸ ਗੈਂਗ ਨੇ ਇਕ ਵਾਰ ਨਹੀਂ, ਸਗੋਂ ਦੋ ਵਾਰ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਦੋਵੇਂ ਵਾਰ ਸਲਮਾਨ ’ਤੇ ਹਮਲਾ ਕਰਨ ਦੀ ਸਾਜ਼ਿਸ਼ ਨਾਕਾਮ ਹੋਈ ਸੀ। ਇਸ ਦਾ ਖ਼ੁਲਾਸਾ ਪੰਜਾਬ ਪੁਲਸ ਨੇ ਇਕ ਪ੍ਰੈੱਸ ਕਾਨਫਰੰਸ ’ਚ ਕੀਤਾ ਸੀ।

ਸਿੱਧੂ ਮੂਸੇ ਵਾਲਾ ਕਤਲ ਕਾਂਡ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਨੇ ਇਕ ਵਾਰ ਮੁੜ ਸਲਮਾਨ ਖ਼ਾਨ ਨੂੰ ਮਾਰਨ ਦਾ ਪਲਾਨ ਬੀ ਤਿਆਰ ਕੀਤਾ ਸੀ। ਇਸ ਪਲਾਨ ਨੂੰ ਲੀਡ ਗੋਲਡੀ ਬਰਾੜ ਤੇ ਕਪਿਲ ਪੰਡਿਤ ਕਰ ਰਹੇ ਸਨ। ਮੁੰਬਈ ਦੇ ਪਨਵੇਲ ’ਚ ਕਪਿਲ ਪੰਡਿਤ, ਸੰਤੋਸ਼ ਜਾਧਵ, ਦੀਪਕ ਮੁੰਡੀ ਤੇ ਇਕ-ਦੋ ਬਾਕੀ ਸ਼ੂਟਰ ਇਕ ਕਿਰਾਏ ਦਾ ਕਮਰਾ ਲੈ ਕੇ ਰਹਿਣ ਗਏ ਸਨ।

ਪਨਵੇਲ ’ਚ ਸਲਮਾਨ ਖ਼ਾਨ ਦਾ ਫਾਰਮਹਾਊਸ ਹੈ। ਉਸੇ ਫਾਰਮਹਾਊਸ ਦੇ ਰਸਤੇ ’ਚ ਲਾਰੈਂਸ ਬਿਸ਼ਨੋਈ ਦੇ ਸ਼ੂਟਰਾਂ ਨੇ ਰੇਕੀ ਕਰਕੇ ਇਹ ਕਮਰਾ ਕਿਰਾਏ ’ਤੇ ਲਿਆ ਤੇ ਲਗਭਗ ਡੇਢ ਮਹੀਨਾ ਇਥੇ ਰੁਕੇ ਰਹੇ। ਲਾਰੈਂਸ ਬਿਸ਼ਨੋਈ ਦੇ ਇਨ੍ਹਾਂ ਸਾਰੇ ਸ਼ੂਟਰਾਂ ਨੇ ਉਸ ਕਮਰੇ ’ਚ ਸਲਮਾਨ ’ਤੇ ਹਮਲਾ ਕਰਨ ’ਚ ਇਸਤੇਮਾਲ ਹੋਣ ਵਾਲੇ ਛੋਟੇ ਹਥਿਆਰ, ਪਿਸਟਲ, ਕਾਰਤੂਸ ਰੱਖੇ ਸਨ।

ਇਹ ਖ਼ਬਰ ਵੀ ਪੜ੍ਹੋ : ਗਾਇਕ ਦਲੇਰ ਮਹਿੰਦੀ ਨੂੰ ਵੱਡੀ ਰਾਹਤ, 19 ਸਾਲ ਪੁਰਾਣੇ ਮਾਮਲੇ 'ਚ ਮਿਲੀ ਜ਼ਮਾਨਤ

ਸ਼ੂਟਰਾਂ ਨੇ ਇਹ ਤਕ ਪਤਾ ਲਗਾ ਰੱਖਿਆ ਸੀ ਕਿ ਜਦੋਂ ਸਲਮਾਨ ਖ਼ਾਨ ਦਾ ਹਿਟ ਐਂਡ ਰਨ ਮਾਮਲੇ ’ਚ ਨਾਂ ਸਾਹਮਣੇ ਆਇਆ ਸੀ, ਉਦੋਂ ਤੋਂ ਸਲਮਾਨ ਖ਼ਾਨ ਦੀ ਗੱਡੀ ਬਹੁਤ ਘੱਟ ਸਪੀਡ ’ਚ ਹੁੰਦੀ ਹੈ। ਪਨਵੇਲ ’ਚ ਸਲਮਾਨ ਖ਼ਾਨ ਦੇ ਫਾਰਮਹਾਊਸ ’ਤੇ ਜਦੋਂ ਵੀ ਸਲਮਾਨ ਖ਼ਾਨ ਆਉਂਦੇ ਹਨ, ਉਨ੍ਹਾਂ ਨਾਲ ਜ਼ਿਆਦਾਤਰ ਉਨ੍ਹਾਂ ਦਾ ਬਾਡੀਗਾਰਡ ਸ਼ੇਰਾ ਹੀ ਮੌਜੂਦ ਹੁੰਦਾ ਹੈ।

ਸ਼ੂਟਰਾਂ ਨੇ ਬਾਕਾਇਦਾ ਉਸ ਸੜਕ ਦੀ ਵੀ ਰੇਕੀ ਕਰ ਰੱਖੀ ਸੀ, ਜਿਸ ਸੜਕ ਤੋਂ ਹੁੰਦਿਆਂ ਸਲਮਾਨ ਦੇ ਪਨਵੇਲ ਫਾਰਮਹਾਊਸ ਦਾ ਰਸਤਾ ਜਾਂਦਾ ਹੈ। ਉਨ੍ਹਾਂ ਨੇ ਅੰਦਾਜ਼ਾ ਲਗਾਇਆ ਕਿ ਉਸ ਸੜਕ ’ਤੇ ਕਾਫੀ ਖੱਡੇ ਹਨ ਤਾਂ ਸਲਮਾਨ ਖ਼ਾਨ ਦੀ ਗੱਡੀ ਦੀ ਸਪੀਡ ਫਾਰਮਹਾਊਸ ਤਕ ਸਿਰਫ 25 ਕਿਲੋਮੀਟਰ ਪ੍ਰਤੀ ਘੰਟੇ ਦੀ ਹੀ ਰਹੇਗੀ। ਲਾਰੈਂਸ ਬਿਸ਼ਨੋਈ ਦੇ ਸ਼ੂਟਰਾਂ ਨੇ ਫਾਰਮਹਾਊਸ ਦੇ ਗਾਰਡਸ ਤਕ ਤੋਂ ਅਦਾਕਾਰ ਦਾ ਫੈਨ ਬਣ ਕੇ ਦੋਸਤੀ ਕਰ ਰੱਖੀ ਸੀ ਤਾਂ ਕਿ ਸਲਮਾਨ ਖ਼ਾਨ ਦੀ ਮੂਵਮੈਂਟ ਦੀ ਸਾਰੀ ਜਾਣਕਾਰੀ ਸ਼ੂਟਰਾਂ ਨੂੰ ਮਿਲ ਸਕੇ। ਦੱਸ ਦੇਈਏ ਕਿ ਦੋ ਵਾਰ ਸਲਮਾਨ ਖ਼ਾਨ ਉਸ ਦੌਰਾਨ ਆਪਣੇ ਫਾਰਮਹਾਊਸ ’ਤੇ ਆਏ ਵੀ ਸਨ ਪਰ ਲਾਰੈਂਸ ਬਿਸ਼ਨੋਈ ਦੇ ਸ਼ੂਟਰ ਹਮਲਾ ਕਰਨ ਤੋਂ ਖੁੰਝ ਗਏ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News