ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਕੋਰੋਨਾ ਪਾਜ਼ੇਟਿਵ, ਆਈ. ਸੀ. ਯੂ. 'ਚ ਦਾਖ਼ਲ

01/11/2022 12:58:54 PM

ਨਵੀਂ ਦਿੱਲੀ (ਬਿਊਰੋ) - ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੂੰ ਆਈ. ਸੀ. ਯੂ. ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ, ਲਤਾ ਮੰਗੇਸ਼ਕਰ ਦੀ ਕੋਰੋਨਾ ਦੀ ਚਪੇਟ 'ਚ ਆ ਗਏ ਹਨ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਦੱਸੀ ਜਾ ਰਹੀ ਹੈ।  

ਦੱਸ ਦਈਏ ਕਿ ਲਤਾ ਮੰਗੇਸ਼ਕਰ 'ਚ ਕੋਰੋਨਾ ਦੇ ਲੱਛਣ ਪਾਏ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਦੀ ਭਤੀਜੀ ਰਚਨਾ ਨੇ ਸਮਾਚਾਰ ਏਜੰਸੀ ਏ. ਐੱਨ. ਆਈ. 'ਤੇ ਦਿੱਤੀ ਹੈ। ਲਤਾ ਮੰਗੇਸ਼ਕਰ ਨੂੰ ਮੁੰਬਈ ਦੇ ਕੈਂਡੀ ਹਸਪਤਾਲ 'ਚ ਦਾਖ਼ਲ ਕਰਵਾਇਆ ਹੈ। ਡਾਕਟਰਾਂ ਨੇ ਦੱਸਿਆ ਕਿ ਲਤਾ ਮੰਗੇਸ਼ਕਰ ਨੂੰ ਉਮਰ ਸਬੰਧੀ ਵੀ ਸਮੱਸਿਆਵਾਂ ਹਨ, ਜਿਸ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਭਤੀਜੀ ਨੇ ਕਿਹਾ ਕਿ ਸਾਡੀ ਨਿੱਜਤਾ ਦਾ ਸਨਮਾਨ ਕਰੋ ਅਤੇ ਉਨ੍ਹਾਂ ਲਈ ਅਰਦਾਸਾਂ ਕਰੋ। ਇਸ ਤੋਂ ਪਹਿਲਾਂ ਦਿੱਗਜ ਗਾਇਕਾ ਨੂੰ ਨਵੰਬਰ 2019 'ਚ ਸਾਹ ਲੈਣ 'ਚ ਮੁਸ਼ਕਿਲ ਹੋਣ ਕਾਰਨ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।

PunjabKesari

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28 ਸਤੰਬਰ 2021 ਨੂੰ ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਵਧਾਈ ਦਿੰਦੇ ਹੋਏ ਟਵੀਟ ਕੀਤਾ ਕਿ ਉਹ ਮੰਗੇਸ਼ਕਰ ਦੀ "ਲੰਬੀ ਅਤੇ ਸਿਹਤਮੰਦ ਜ਼ਿੰਦਗੀ" ਲਈ ਪ੍ਰਾਰਥਨਾ ਕਰਦੇ ਹਨ। ਸਤਿਕਾਰਯੋਗ ਲਤਾ ਦੀਦੀ ਨੂੰ ਜਨਮ ਦਿਨ ਮੁਬਾਰਕ। ਉਸ ਦੀ ਸੁਰੀਲੀ ਆਵਾਜ਼ ਪੂਰੀ ਦੁਨੀਆ 'ਚ ਗੂੰਜਦੀ ਹੈ। ਉਨ੍ਹਾਂ ਨੂੰ ਆਪਣੀ ਨਿਮਰਤਾ ਅਤੇ ਭਾਰਤੀ ਸੰਸਕ੍ਰਿਤੀ ਲਈ ਜਨੂੰਨ ਲਈ ਸਤਿਕਾਰਿਆ ਜਾਂਦਾ ਹੈ। ਵਿਅਕਤੀਗਤ ਤੌਰ 'ਤੇ ਉਸ ਦੀਆਂ ਅਸੀਸਾਂ ਮਹਾਨ ਸ਼ਕਤੀ ਦਾ ਸਰੋਤ ਹਨ। ਮੈਂ ਲਤਾ ਦੀਦੀ ਦੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਲਈ ਪ੍ਰਾਰਥਨਾ ਕਰਦਾ ਹਾਂ।"

ਭਾਰਤ ਰਤਨ ਨਾਲ ਸਨਮਾਨਿਤ
ਸੱਤ ਦਹਾਕਿਆਂ ਤੋਂ ਵੱਧ ਦੇ ਕਰੀਅਰ 'ਚ ਇੰਦੌਰ 'ਚ ਜਨਮੀ ਸਵਰ ਕੋਕਿਲਾ ਮੰਗੇਸ਼ਕਰ ਨੇ 1,000 ਤੋਂ ਵੱਧ ਹਿੰਦੀ ਫ਼ਿਲਮਾਂ ਦੇ ਨਾਲ-ਨਾਲ ਵੱਖ-ਵੱਖ ਖੇਤਰੀ ਅਤੇ ਵਿਦੇਸ਼ੀ ਭਾਸ਼ਾਵਾਂ 'ਚ ਹਜ਼ਾਰਾਂ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਉਨ੍ਹਾਂ ਦੀ ਆਖਰੀ ਪੂਰੀ ਐਲਬਮ ਮਰਹੂਮ ਫ਼ਿਲਮ ਨਿਰਮਾਤਾ ਯਸ਼ ਚੋਪੜਾ ਦੁਆਰਾ ਨਿਰਦੇਸ਼ਤ 2004 ਦੀ ਫ਼ਿਲਮ "ਵੀਰ ਜ਼ਾਰਾ" ਲਈ ਸੀ। ਮੰਗੇਸ਼ਕਰ ਦਾ ਆਖਰੀ ਗੀਤ "ਸੌਗੰਧ ਮੁਝੇ ਇਸ ਮਿੱਟੀ ਦੀ..." ਸੀ, ਜੋ 30 ਮਾਰਚ 2021 ਨੂੰ ਭਾਰਤੀ ਫੌਜ ਨੂੰ ਸ਼ਰਧਾਂਜਲੀ ਵਜੋਂ ਰਿਲੀਜ਼ ਕੀਤਾ ਗਿਆ ਸੀ। ਉਨ੍ਹਾਂ ਨੂੰ 2001 'ਚ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਲਤਾ ਮੰਗੇਸ਼ਕਰ ਨੂੰ ਪਦਮ ਭੂਸ਼ਣ, ਪਦਮ ਵਿਭੂਸ਼ਣ, ਦਾਦਾ ਸਾਹਿਬ ਫਾਲਕੇ ਪੁਰਸਕਾਰ ਅਤੇ ਕਈ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਸਮੇਤ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


sunita

Content Editor

Related News