ਨੀਟ ਯੂ. ਜੀ. ਫੀਸ ਰਿਫੰਡ ਲਈ ਬੈਂਕ ਡਿਟੇਲਸ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ 31 ਜੁਲਾਈ ਤੱਕ ਵਧੀ

Thursday, Jul 16, 2026 - 12:40 PM (IST)

ਨੀਟ ਯੂ. ਜੀ. ਫੀਸ ਰਿਫੰਡ ਲਈ ਬੈਂਕ ਡਿਟੇਲਸ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ 31 ਜੁਲਾਈ ਤੱਕ ਵਧੀ

ਲੁਧਿਆਣਾ (ਵਿੱਕੀ): ਨੀਟ ਯੂ. ਜੀ. 2026 ਕੌਂਸਲਿੰਗ ’ਚ ਸ਼ਾਮਲ ਹੋਣ ਵਾਲੇ ਉਨ੍ਹਾਂ ਸਾਰੇ ਮੈਡੀਕਲ ਵਿਦਿਆਰਥੀਆਂ ਲਈ ਇਕ ਬੇਹੱਦ ਜ਼ਰੂਰੀ ਖ਼ਬਰ ਹੈ, ਜੋ ਆਪਣੀ ਸਕਿਓਰਿਟੀ ਡਿਪਾਜ਼ਿਟ ਰਾਸ਼ੀ ਭਾਵ ਰਿਫੰਡ ਦਾ ਇੰਤਜ਼ਾਰ ਕਰ ਰਹੇ ਹਨ। ਮੈਡੀਕਲ ਕੌਂਸਲਿੰਗ ਕਮੇਟੀ (ਐੱਮ. ਸੀ. ਸੀ.) ਨੇ ਨੀਟ ਯੂ. ਜੀ.-2026 ਫੀਸ ਰਿਫੰਡ ਲਈ ਬੈਂਕ ਡਿਟੇਲਸ ਜਮ੍ਹਾ ਕਰਨ ਦੀ ਆਖਰੀ ਤਰੀਕ ਨੂੰ ਅੱਗੇ ਵਧਾ ਕੇ 31 ਜੁਲਾਈ 2026 ਕਰ ਦਿੱਤਾ ਹੈ। ਵਿਦਿਆਰਥੀਆਂ ਦੀ ਅਧੂਰੀ ਜਾਣਕਾਰੀ ਕਾਰਨ ਕੌਂਸਲਿੰਗ ਕਮੇਟੀ ਨੂੰ ਇਹ ਫੈਸਲਾ ਲੈਣਾ ਪਿਆ ਹੈ, ਤਾਂ ਜੋ ਕਿਸੇ ਵੀ ਯੋਗ ਵਿਦਿਆਰਥੀ ਦਾ ਪੈਸਾ ਨਾ ਫਸੇ।

ਰਿਫੰਡ ਦੇ ਘੇਰੇ ’ਚ ਆਉਣ ਵਾਲੇ ਲੱਖਾਂ ਉਮੀਦਵਾਰਾਂ ’ਚੋਂ ਹੁਣ ਤੱਕ ਸਿਰਫ 52 ਫੀਸਦੀ ਉਮੀਦਵਾਰਾਂ ਭਾਵ 11,46,401 ਨੇ ਹੀ ਪੋਰਟਲ ’ਤੇ ਆਪਣੇ ਬੈਂਕ ਖਾਤੇ ਦੀ ਸਹੀ ਜਾਣਕਾਰੀ ਜਮ੍ਹਾ ਕੀਤੀ ਹੈ। ਰਿਫੰਡ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਡਿਜੀਟਲ ਹੁੰਦੀ ਹੈ ਅਤੇ ਜੇਕਰ ਵਿਦਿਆਰਥੀ ਆਪਣੀ ਸਹੀ ਬੈਂਕ ਡਿਟੇਲਸ ਨਹੀਂ ਦੇਣਗੇ ਤਾਂ ਕੌਂਸਲਿੰਗ ਕਮੇਟੀ ਉਨ੍ਹਾਂ ਦੇ ਖਾਤੇ ’ਚ ਪੈਸੇ ਟ੍ਰਾਂਸਫਰ ਨਹੀਂ ਕਰ ਸਕੇਗੀ। ਇਸੇ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਅਥਾਰਟੀ ਨੇ ਸਮਾਂ ਹੱਦ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ, ਤਾਂ ਜੋ ਵਿਦਿਆਰਥੀ ਜਲਦ ਤੋਂ ਜਲਦ ਆਪਣੀ ਜਾਣਕਾਰੀ ਅਪਡੇਟ ਕਰ ਸਕਣ।

ਬੈਂਕ ਡਿਟੇਲਸ ਅਪਡੇਟ ਕਰਨ ਦੀ ਆਸਾਨ ਪ੍ਰਕਿਰਿਆ

ਨੀਟ ਯੂ. ਜੀ. ਦੇ ਉਮੀਦਵਾਰ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਆਪਣੇ ਪੁਰਾਣੇ ਕ੍ਰੈਡੈਂਸ਼ੀਅਲ (ਲੌਗਇਨ ਡਿਟੇਲਸ) ਦੀ ਵਰਤੋਂ ਕਰ ਕੇ ਨੀਟ-ਯੂ. ਜੀ. 2026 ਰਜਿਸਟ੍ਰੇਸ਼ਨ ਪੋਰਟਲ ’ਤੇ ਆਸਾਨੀ ਨਾਲ ਲੌਗਇਨ ਕਰ ਸਕਦੇ ਹਨ। ਪੋਰਟਲ ’ਚ ਪ੍ਰਵੇਸ਼ ਕਰਨ ਤੋਂ ਬਾਅਦ ਉਮੀਦਵਾਰ ਨੂੰ ਆਪਣੀ ਬੈਂਕ ਡਿਟੇਲਸ ਭਰਨੀਆਂ ਪੈਣਗੀਆਂ, ਜਿਸ ’ਚ ਮੁੱਖ ਤੌਰ ’ਤੇ ਅਕਾਊਂਟ ਹੋਲਡਰ ਦਾ ਮਾਂ, ਬੈਂਕ ਦਾ ਨਾਂ, ਅਕਾਊਂਟ ਨੰਬਰ ਅਤੇ ਆਈ. ਐੱਫ. ਐੱਸ. ਸੀ. ਕੋਡ ਦੇਣਾ ਲਾਜ਼ਮੀ ਹੈ।

ਇਸ ਤੋਂ ਇਲਾਵਾ, ਉਮੀਦਵਾਰ ਆਪਣੇ ਅਕਾਊਂਟ ਡਿਟੇਲਸ ਦੀ ਸ਼ੁੱਧਤਾ ਯਕੀਨੀ ਬਣਾਉਣ ਲਈ ਚਾਹੁਣ ਤਾਂ ਇਕ ਕੈਂਸਲ ਚੈੱਕ ਵੀ ਪੋਰਟਲ ’ਤੇ ਅਪਲੋਡ ਕਰ ਸਕਦੇ ਹਨ, ਹਾਲਾਂਕਿ ਇਹ ਪੂਰੀ ਤਰ੍ਹਾਂ ਵਿਕਲਪਿਕ ਹੈ। ਐੱਨ. ਟੀ. ਏ. ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਜਦੋਂ ਵਿਦਿਆਰਥੀ ਆਪਣੀ ਸਾਰੀ ਜ਼ਰੂਰੀ ਜਾਣਕਾਰੀ ਸਹੀ ਢੰਗ ਨਾਲ ਆਨਲਾਈਨ ਜਮ੍ਹਾ ਕਰ ਦੇਣਗੇ, ਤਾਂ ਰਿਫੰਡ ਦੀ ਸੁਰੱਖਿਆ ਰਾਸ਼ੀ ਸਿੱਧੀ ਉਨ੍ਹਾਂ ਦੇ ਦਿੱਤੇ ਗਏ ਬੈਂਕ ਖਾਤੇ ’ਚ ਸੁਰੱਖਿਅਤ ਰੂਪ ਨਾਲ ਭੇਜ ਦਿੱਤੀ ਜਾਵੇਗੀ।

ਫੀਸ ਰਿਫੰਡ ਲਈ ਇਹ ਡਿਟੇਲਸ ਭਰਨੀਆਂ ਲਾਜ਼ਮੀ

ਅਕਾਊਂਟ ਹੋਲਡਰ ਦਾ ਨਾਂ

ਆਈ. ਐੱਫ. ਐੱਸ. ਸੀ. ਕੋਡ

ਅਕਾਊਂਟ ਨੰਬਰ

ਬੈਂਕ ਦਾ ਨਾਂ

ਨੀਟ ਫੀਸ ਰਿਫੰਡ ਦੀ ਰਕਮ

ਜਨਰਲ ਕੈਟੇਗਰੀ : 1700 ਰੁਪਏ

ਓ. ਬੀ. ਸੀ. / ਈ. ਡਬਲਿਊ. ਐੱਸ. : 1600 ਰੁਪਏ

ਐੱਸ. ਸੀ. /ਐੱਸ. ਟੀ. / ਪੀ. ਡਬਲਯੂ. ਡੀ. : 1000 ਰੁਪਏ
 


author

Anmol Tagra

Content Editor

Related News