ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥਣ ਦੀ ਮੌਤ 'ਤੇ ਜ਼ੋਰਦਾਰ ਹੰਗਾਮਾ! ਇਕ ਮਹੀਨੇ 'ਚ ਖ਼ਤਮ ਹੋਣ ਵਾਲੀ ਸੀ PhD

Tuesday, Jul 28, 2026 - 03:30 PM (IST)

ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥਣ ਦੀ ਮੌਤ 'ਤੇ ਜ਼ੋਰਦਾਰ ਹੰਗਾਮਾ! ਇਕ ਮਹੀਨੇ 'ਚ ਖ਼ਤਮ ਹੋਣ ਵਾਲੀ ਸੀ PhD

ਚੰਡੀਗੜ੍ਹ (ਸ਼ੀਨਾ) : ਪੰਜਾਬ ਯੂਨੀਵਰਸਿਟੀ 'ਚ ਕਰੰਟ ਲੱਗਣ ਕਾਰਨ ਪੀ. ਐੱਚ. ਡੀ. ਸਕਾਲਰ ਵਿਦਿਆਰਥਣ ਦੀ ਮੌਤ ਤੋਂ ਬਾਅਦ ਵਿਦਿਆਰਥੀਆਂ ਨੇ ਮੰਗਲਵਾਰ ਨੂੰ ਗੁੱਸੇ 'ਚ ਆ ਕੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਸ਼ੁਰੂ 'ਚ ਬਿਜਲੀ ਵਿਭਾਗ ਦੇ ਐਕਸੀਅਨ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਬਿਜਲੀ ਪ੍ਰਣਾਲੀ 'ਚ ਲਾਪਰਵਾਹੀ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਹਾਦਸੇ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ, ਬਿਜਲੀ ਸੁਰੱਖਿਆ ਪ੍ਰਣਾਲੀ ਲਈ ਜਵਾਬਦੇਹੀ ਅਤੇ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ। ਇਹ ਘਟਨਾਕ੍ਰਮ ਅਜਿਹੇ ਸਮੇਂ 'ਚ ਹੋਇਆ ਹੈ, ਜਦੋਂ ਮੌਜੂਦਾ ਵਾਈਸ ਚਾਂਸਲਰ, ਪ੍ਰੋਫੈਸਰ ਰੇਣੂੰ ਵਿਜ ਦਾ ਬੁੱਧਵਾਰ ਨੂੰ ਆਖ਼ਰੀ ਕੰਮਕਾਜੀ ਦਿਨ ਹੈ। ਉਨ੍ਹਾਂ ਦੇ ਦਫ਼ਤਰ 'ਚ ਆਖ਼ਰੀ ਦਿਨ ਤੋਂ ਠੀਕ ਪਹਿਲਾਂ ਵਾਈਸ ਚਾਂਸਲਰ ਦੇ ਦਫ਼ਤਰ ਨੂੰ ਤਾਲਾ ਲਗਾਉਣ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕਟਹਿਰੇ 'ਚ ਪਾ ਦਿੱਤਾ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ 'ਟੈਟੂਆਂ' ਦੀਆਂ ਇਤਰਾਜ਼ਯੋਗ ਵੀਡੀਓਜ਼ ਕਾਰਨ ਭਖਿਆ ਮਾਹੌਲ, ਆਰਟਿਸਟ ਨੂੰ ਨਿਹੰਗਾਂ ਦੀ ਚਿਤਾਵਨੀ

ਇਸ ਮੌਕੇ ਵਿਦਿਆਰਥੀਆਂ ਨੇ ਹੰਗਾਮਾ ਕੀਤਾ ਅਤੇ ਵੀ. ਸੀ. ਨੂੰ ਸਵਾਲ ਕੀਤਾ ਕਿ ਉਨ੍ਹਾਂ ਦਾ ਅੱਜ ਕਾਰਜਕਾਲ ਖ਼ਤਮ ਹੋਣ ਵਾਲਾ ਹੈ ਅਤੇ ਇਸ ਦੌਰਾਨ ਇਹ ਹਾਦਸਾ ਹੋਇਆ ਤਾਂ ਪੀ. ਯੂ ਪ੍ਰਸ਼ਾਸਨ ਵੱਲੋਂ ਕੌਣ ਜਿੰਮੇਵਾਰ ਹੈ। ਵੀ. ਸੀ. ਨੇ ਵਿਦਿਆਰਥੀਆਂ ਨੂੰ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਇਸ ਹਾਦਸੇ ਦੇ ਲਈ ਉਨ੍ਹਾਂ ਨੂੰ ਬਹੁਤ ਦੁੱਖ ਹੈ ਅਤੇ ਹਾਦਸੇ 'ਤੇ ਕਾਰਵਾਈ ਕਰਦੇ ਹੋਏ ਚਾਰ ਮੈਂਬਰੀ ਟੀਮਾਂ ਬਣਾਈਆਂ ਜਾਣਗੀਆਂ। ਫਿਲਹਾਲ ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ ਹੈ।

ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ 'ਚ ਦਰਦਨਾਕ ਹਾਦਸਾ, ਕਰੰਟ ਲੱਗਣ ਕਾਰਨ ਪੀ. ਐੱਚ. ਡੀ. ਸਕਾਲਰ ਵਿਦਿਆਰਥਣ ਦੀ ਮੌਤ
ਬੱਸ ਚਾਲਕ ਹੈ ਪਿਤਾ
ਮ੍ਰਿਤਕ ਜੋਤੀ ਦੇ ਪਿਤਾ ਬੱਸ ਚਾਲਕ ਹਨ, ਜਿਨ੍ਹਾਂ ਨੇ ਆਪਣੀ ਧੀ ਦੇ ਸੁਫ਼ਨੇ ਪੂਰੇ ਕਰਨ ਲਈ ਉਸ ਨੂੰ ਪੰਜਾਬ ਯੂਨੀਵਰਸਿਟੀ ਭੇਜਿਆ ਸੀ। ਜੋਤੀ ਦੀ ਪੀ. ਐੱਚ. ਡੀ. ਇਕ ਮਹੀਨੇ 'ਚ ਖ਼ਤਮ ਹੋਣ ਵਾਲੀ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਭਾਣਾ ਵਾਪਰ ਜਾਵੇਗਾ। ਜੋਤੀ ਦਾ ਰਿਸ਼ਤਾ ਵੀ ਹੋ ਚੁੱਕਾ ਸੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਦਾ ਵਿਆਹ ਹੋਣ ਵਾਲਾ ਸੀ ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।
ਰਾਜਪਾਲ ਤੱਕ ਪਹੁੰਚਿਆ ਮਾਮਲਾ
ਪੀ.ਯੂ. ਵਿਦਿਆਰਥੀ ਪ੍ਰੀਸ਼ਦ ਦੇ ਪ੍ਰਧਾਨ ਗੌਰਵਵੀਰ ਸਿੰਘ ਸੋਹਲ ਨੇ ਜੋਤੀ ਦੀ ਮੌਤ ਦਾ ਮੁੱਦਾ ਪੰਜਾਬ ਦੇ ਰਾਜਪਾਲ ਤੇ ਯੂ.ਟੀ. ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਕੋਲ ਉਠਾਇਆ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ। ਏ.ਬੀ.ਵੀ.ਪੀ. ਪੰਜਾਬ ਦੇ ਸੂਬਾ ਪ੍ਰਧਾਨ ਡਾ. ਪ੍ਰਸ਼ਾਂਤ ਗੌਤਮ ਤੇ ਸੂਬਾ ਮੰਤਰੀ ਜਸਕਰਨ ਸਿੰਘ ਭੁੱਲਰ ਨੇ ਵੀ ਰਾਜਪਾਲ ਨੂੰ ਮੰਗ ਪੱਤਰ ਸੌਂਪ ਕੇ ਵਿਦਿਆਰਥੀ ਯੂਨੀਅਨ ਚੋਣਾਂ ਦੀ ਬਹਾਲੀ, ਪਾਰਦਰਸ਼ੀ ਪ੍ਰੀਖਿਆ ਪ੍ਰਣਾਲੀ, ਪੇਪਰ ਲੀਕ ’ਤੇ ਪਾਬੰਦੀ ਤੇ ਸਥਾਈ ਅਧਿਆਪਕਾਂ ਦੀ ਨਿਯੁਕਤੀ ਵਰਗੀਆਂ ਮੰਗਾਂ ਰੱਖੀਆਂ।
ਦੇਰ ਰਾਤ ਦਰਜ ਹੋਇਆ ਮਾਮਲਾ
ਦੇਰ ਰਾਤ ਸੈਕਟਰ-11 ਥਾਣਾ ਪੁਲਸ ਨੇ ਅਣਪਛਾਤੇ ਖ਼ਿਲਾਫ਼ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ। ਪੀ. ਯੂ. ਮੁਲਾਜ਼ਮ ਵੰਸ਼ਰਾਜ ਦੇ ਬਿਆਨਾਂ ਦੇ ਆਧਾਰ ’ਤੇ ਹੀ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਪੁਲਸ ਹੁਣ ਇਹ ਪਤਾ ਲਾਏਗੀ ਕਿ ਆਖ਼ਰ ਕਿਸ ਦੀ ਲਾਪਰਵਾਹੀ ਕਾਰਨ ਵਿਦਿਆਰਥਣ ਦੀ ਜਾਨ ਗਈ। ਮਾਮਲੇ ’ਚ ਦੋਸ਼ੀ ਨੂੰ ਪੰਜ ਸਾਲ ਤੱਕ ਦੀ ਕੈਦ ਤੇ ਜੁਰਮਾਨਾ ਹੋ ਸਕਦਾ ਹੈ। ਦੇਰ ਰਾਤ ਪੀ. ਯੂ. ’ਚ ਪੁਲਸ, ਯੂਨੀਵਰਸਿਟੀ ਪ੍ਰਸ਼ਾਸਨ ਤੇ ਪਰਿਵਾਰਕ ਮੈਂਬਰਾਂ ਵਿਚਕਾਰ ਲੰਬੀ ਮੀਟਿੰਗ ਹੋਈ। ਇਸ ’ਚ ਕੈਂਪਸ ਅੰਦਰ ਕਿਸੇ ਵੀ ਹੰਗਾਮੇ ਨੂੰ ਰੋਕਣ ਦੀ ਰਣਨੀਤੀ ਬਣਾਈ ਗਈ। ਪੁਲਸ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਐੱਫ.ਆਈ.ਆਰ. ਦਰਜ ਹੋ ਚੁੱਕੀ ਹੈ ਤੇ ਹੁਣ ਪੋਸਟਮਾਰਟਮ ਕਰਵਾਇਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News