'ਜੋ ਹੋਣਾ ਸੀ, ਹੋ ਗਿਆ...', ਪੰਜਾਬ ਕਾਂਗਰਸ 'ਚ ਪ੍ਰਧਾਨ ਬਦਲਣ 'ਤੇ ਬਘੇਲ ਦਾ ਦੋ-ਟੁੱਕ ਜਵਾਬ
Wednesday, Jul 15, 2026 - 12:48 PM (IST)
ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਕਾਂਗਰਸ 'ਚ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਦਰਮਿਆਨ ਦਿੱਲੀ 'ਚ ਸਿਆਸੀ ਹਲਚਲ ਲਗਾਤਾਰ ਤੇਜ਼ ਹੋ ਰਹੀ ਹੈ। ਕਾਂਗਰਸ ਹਾਈਕਮਾਨ ਵੱਲੋਂ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਪੰਜਾਬ ਦੇ ਸੀਨੀਅਰ ਆਗੂਆਂ ਦੀ ਦਿੱਲੀ ਆਵਾਜਾਈ ਨੇ ਅਟਕਲਾਂ ਨੂੰ ਹੋਰ ਹਵਾ ਦੇ ਦਿੱਤੀ ਹੈ। ਇਸੇ ਵਿਚਾਲੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਪ੍ਰਧਾਨਗੀ 'ਚ ਬਦਲਾਅ ਦੀਆਂ ਚਰਚਾਵਾਂ 'ਤੇ ਦੋ-ਟੁੱਕ ਜਵਾਬ ਦਿੰਦਿਆਂ ਕਿਹਾ, "ਜੋ ਹੋਣਾ ਸੀ, ਉਹ ਹੋ ਗਿਆ, ਪ੍ਰਧਾਨ ਬਦਲਣਾ ਕੋਈ ਗੁੱਡਾ-ਗੁੱਡੀ ਦਾ ਖੇਡ ਨਹੀਂ ਹੈ।" ਬੁੱਧਵਾਰ ਨੂੰ ਕਾਂਗਰਸ ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਦੇ ਨਿਵਾਸ 'ਤੇ ਅਹਿਮ ਬੈਠਕ ਹੋਈ, ਜਿਸ 'ਚ ਭੂਪੇਸ਼ ਬਘੇਲ ਵੀ ਸ਼ਾਮਲ ਹੋਏ। ਬੈਠਕ ਤੋਂ ਬਾਅਦ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਕੋਈ ਨਵਾਂ ਫ਼ੈਸਲਾ ਹੋ ਸਕਦਾ ਹੈ ਜਾਂ ਹਾਈਕਮਾਨ ਕਿਸੇ ਹੋਰ ਫ਼ਾਰਮੂਲੇ 'ਤੇ ਵਿਚਾਰ ਕਰ ਰਹੀ ਹੈ ਤਾਂ ਬਘੇਲ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਜੋ ਫ਼ੈਸਲਾ ਲਿਆ ਜਾਣਾ ਸੀ, ਉਹ ਪਹਿਲਾਂ ਹੀ ਲਿਆ ਜਾ ਚੁੱਕਾ ਹੈ ਅਤੇ ਹੁਣ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਹੋਣ ਜਾ ਰਿਹਾ।
ਇਹ ਵੀ ਪੜ੍ਹੋ : ਪੰਜਾਬ ਦੇ 14 ਪਿੰਡਾਂ ਦੀਆਂ ਜ਼ਮੀਨਾਂ ਦਾ ਰਿਕਾਰਡ ਗਾਇਬ! ਰੁਕ ਗਿਆ ਇਹ ਵੱਡਾ ਪ੍ਰਾਜੈਕਟ
ਭੂਪੇਸ਼ ਬਘੇਲ ਦੇ ਇਸ ਬਿਆਨ ਨੂੰ ਪੰਜਾਬ ਕਾਂਗਰਸ 'ਚ ਚੱਲ ਰਹੀਆਂ ਸਾਰੀਆਂ ਅਟਕਲਾਂ 'ਤੇ ਵੱਡਾ ਵਿਰਾਮ ਮੰਨਿਆ ਜਾ ਰਿਹਾ ਹੈ। ਪਿਛਲੇ ਕੁੱਝ ਦਿਨਾਂ ਤੋਂ ਇਹ ਚਰਚਾ ਸੀ ਕਿ ਹਾਈਕਮਾਨ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਮੁੜ ਵਿਚਾਰ ਕਰ ਸਕਦਾ ਹੈ ਪਰ ਬਘੇਲ ਨੇ ਸਪੱਸ਼ਟ ਕਰ ਦਿੱਤਾ ਕਿ ਪਾਰਟੀ ਆਪਣੇ ਪਹਿਲਾਂ ਲਏ ਗਏ ਫ਼ੈਸਲੇ 'ਤੇ ਹੀ ਕਾਇਮ ਹੈ। ਦੂਜੇ ਪਾਸੇ ਦਿੱਲੀ 'ਚ ਪੰਜਾਬ ਨੂੰ ਲੈ ਕੇ ਮੰਥਨ ਦਾ ਦੌਰ ਜਾਰੀ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਮੁਲਾਕਾਤ ਕਰਕੇ ਪੰਜਾਬ ਦੀ ਸਥਿਤੀ 'ਤੇ ਚਰਚਾ ਕੀਤੀ ਸੀ। ਇਸ ਤੋਂ ਬਾਅਦ ਕੇ. ਸੀ. ਵੇਣੂਗੋਪਾਲ ਨਾਲ ਵੀ ਵਿਚਾਰ-ਵਟਾਂਦਰਾ ਹੋਇਆ ਅਤੇ ਹੁਣ ਉਨ੍ਹਾਂ ਦੇ ਨਿਵਾਸ 'ਤੇ ਹੋਈ ਬੈਠਕ ਨੇ ਸਿਆਸੀ ਸਰਗਰਮੀਆਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਸੇ ਦੌਰਾਨ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਦਿੱਲੀ ਸੱਦਿਆ ਗਿਆ। ਜਾਣਕਾਰੀ ਮੁਤਾਬਕ ਉਹ ਵੇਣੂਗੋਪਾਲ ਦੇ ਨਿਵਾਸ 'ਤੇ ਹੋਈ ਬੈਠਕ 'ਚ ਸ਼ਾਮਲ ਹੋਏ। ਉਨ੍ਹਾਂ ਦੀ ਇਹ ਅਚਾਨਕ ਦਿੱਲੀ ਫੇਰੀ ਵੀ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਹ ਵੀ ਪੜ੍ਹੋ : ਭੂਪੇਸ਼ ਬਘੇਲ ਹਾਈਕਮਾਨ ਅੱਗੇ ਰੱਖਣਗੇ ਪੰਜਾਬ ਦੌਰੇ ਦੀ ਪੂਰੀ ਰਿਪੋਰਟ, ਪ੍ਰਤਾਪ ਸਿੰਘ ਬਾਜਵਾ ਪੁੱਜੇ ਦਿੱਲੀ
ਹਾਲਾਂਕਿ ਬੈਠਕ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਸਿਰਫ਼ ਇਹ ਕਿਹਾ ਕਿ ਬਾਅਦ 'ਚ ਗੱਲ ਕਰਾਂਗੇ ਅਤੇ ਕੋਈ ਹੋਰ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੀ ਇਸ ਚੁੱਪੀ ਨੇ ਵੀ ਕਈ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਹੁਣ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਕੀ ਆਉਣ ਵਾਲੇ ਸਮੇਂ 'ਚ ਪ੍ਰਤਾਪ ਸਿੰਘ ਬਾਜਵਾ ਦੀ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨਾਲ ਵੀ ਮੁਲਾਕਾਤ ਹੁੰਦੀ ਹੈ ਜਾਂ ਨਹੀਂ। ਨਾਲ ਹੀ ਇਹ ਵੀ ਦੇਖਣਾ ਹੋਵੇਗਾ ਕਿ ਦਿੱਲੀ 'ਚ ਜਾਰੀ ਬੈਠਕਾਂ ਤੋਂ ਬਾਅਦ ਪੰਜਾਬ ਕਾਂਗਰਸ ਨੂੰ ਲੈ ਕੇ ਕੋਈ ਹੋਰ ਸੰਗਠਨਾਤਮਕ ਫ਼ੈਸਲਾ ਸਾਹਮਣੇ ਆਉਂਦਾ ਹੈ ਜਾਂ ਨਹੀਂ। ਫਿਲਹਾਲ ਭੂਪੇਸ਼ ਬਘੇਲ ਦਾ ਸੰਦੇਸ਼ ਬਿਲਕੁਲ ਸਪੱਸ਼ਟ ਹੈ,"ਜੋ ਹੋਣਾ ਸੀ, ਉਹ ਹੋ ਗਿਆ, ਪ੍ਰਧਾਨ ਬਦਲਣਾ ਕੋਈ ਗੁੱਡਾ-ਗੁੱਡੀ ਦਾ ਖੇਡ ਨਹੀਂ।" ਇਸ ਦੇ ਬਾਵਜੂਦ ਵੀ ਦਿੱਲੀ 'ਚ ਲਗਾਤਾਰ ਜਾਰੀ ਬੈਠਕਾਂ ਅਤੇ ਸੀਨੀਅਰ ਆਗੂਆਂ ਦੀਆਂ ਮੁਲਾਕਾਤਾਂ ਕਾਰਨ ਸਸਪੈਂਸ ਅਜੇ ਵੀ ਬਰਕਰਾਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
