ਪ੍ਰਸਿੱਧ ਅਦਾਕਾਰਾ ਜ਼ਰੀਨ ਖ਼ਾਨ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ, ਜਾਣੋ ਪੂਰਾ ਮਾਮਲਾ

Monday, Sep 18, 2023 - 01:42 PM (IST)

ਪ੍ਰਸਿੱਧ ਅਦਾਕਾਰਾ ਜ਼ਰੀਨ ਖ਼ਾਨ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ, ਜਾਣੋ ਪੂਰਾ ਮਾਮਲਾ

ਮੁੰਬਈ (ਬਿਊਰੋ) - ਪੰਜਾਬੀ ਤੇ ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਨੂੰ ਲੈ ਕੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਅਦਾਕਾਰਾ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਦਰਅਸਲ, ਜਾਂਚ ਅਧਿਕਾਰੀ ਨੇ ਕੋਲਕਾਤਾ ਦੀ ਸੀਲਦਾਹ ਕੋਰਟ ਵਿਚ ਜ਼ਰੀਨ ਖ਼ਿਲਾਫ਼ ਮਾਮਲੇ ਦੀ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜ਼ਰੀਨ ਖ਼ਾਨ ਨੇ ਨਾ ਤਾਂ ਜ਼ਮਾਨਤ ਲਈ ਅਰਜ਼ੀ ਦਿੱਤੀ ਅਤੇ ਨਾ ਹੀ ਅਦਾਲਤ ਵਿਚ ਪੇਸ਼ ਹੋਈ। ਅਦਾਲਤ ਵਿਚ ਲਗਾਤਾਰ ਪੇਸ਼ ਨਾ ਹੋਣ ਕਾਰਨ ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਜ਼ਰੀਨ ਖ਼ਾਨ ਦਾ ਨਾਂ ਧੋਖਾਧੜੀ ਦੇ ਮਾਮਲੇ 'ਚ ਆਇਆ ਸੀ। ਸਾਲ 2016 'ਚ ਜ਼ਰੀਨ ਖ਼ਿਲਾਫ਼ ਕੋਲਕਾਤਾ ਦੇ ਨਰਕੇਲਡਾੰਗਾ ਪੁਲਸ ਸਟੇਸ਼ਨ 'ਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : BJP ਯੁਵਾ ਮੋਰਚਾ ਵਾਲਿਆਂ ਨੇ ਮੁੰਬਈ ’ਚ ਪਾੜੇ ਸ਼ੁੱਭ ਦੇ ਪੋਸਟਰ, ਗਾਇਕ ਨੂੰ ਦੱਸਿਆ ਖ਼ਾਲਿਸਤਾਨੀ ਸਮਰਥਕ

ਕੀ ਸੀ ਪੂਰਾ ਮਾਮਲਾ?
ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਸਾਲ 2016 'ਚ ਜ਼ਰੀਨ ਖ਼ਾਨ ਨੇ ਕੋਲਕਾਤਾ 'ਚ ਇਕ ਸਮਾਗਮ 'ਚ ਆਉਣਾ ਸੀ। ਅਜਿਹਾ ਦੁਰਗਾ ਪੂਜਾ ਦੌਰਾਨ ਹੋਇਆ ਸੀ ਪਰ ਜ਼ਰੀਨ ਉਸ ਸਮਾਗਮ ਵਿਚ ਨਹੀਂ ਆ ਸਕੀ। ਉਸ ਨੇ ਆਖੀਰਲੇ ਸਮੇਂ ਵਿਚ ਸਭ ਨੂੰ ਧੋਖਾ ਦਿੱਤਾ, ਭਾਵੇਂ ਕਿ ਸਾਰੀ ਸਟੇਜ ਅਤੇ ਸਾਰੀਆਂ ਤਿਆਰੀਆਂ ਉਸ ਲਈ ਕੀਤੀਆਂ ਗਈਆਂ ਸਨ। ਜਦੋਂ ਜ਼ਰੀਨ ਸਮਾਗਮ ਵਿਚ ਨਹੀਂ ਪਹੁੰਚੀ ਤਾਂ ਪ੍ਰਬੰਧਕਾਂ ਨੇ ਕੋਲਕਾਤਾ ਦੇ ਨਰਕੇਲਡਾੰਗਾ ਪੁਲਸ ਸਟੇਸ਼ਨ ਵਿਚ ਅਦਾਕਾਰਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ। ਜ਼ਰੀਨ ਅਤੇ ਉਸ ਦੇ ਮੈਨੇਜਰ ਦੇ ਨਾਂ 'ਤੇ ਵੀ ਐੱਫ. ਆਈ. ਆਰ. ਕੀਤੀ ਗਈ ਅਤੇ ਦੋਵਾਂ ਨੂੰ 41ਏ ਸੀ. ਆਰ. ਪੀ. ਸੀ. ਦੇ ਤਹਿਤ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਵਿਚ ਦੋਵਾਂ ਨੂੰ ਮਾਮਲੇ ਦੇ ਸਬੰਧ ਵਿਚ ਸਵਾਲ-ਜਵਾਬ ਲਈ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਣਾ ਸੀ।

ਇਹ ਖ਼ਬਰ ਵੀ ਪੜ੍ਹੋ : ਹੰਸ ਪਰਿਵਾਰ ’ਚ ਖ਼ੁਸ਼ੀਆਂ ਨੇ ਮੁੜ ਦਿੱਤੀ ਦਸਤਕ, ਯੁਵਰਾਜ ਦੀ ਪਤਨੀ ਮਾਨਸੀ ਨੇ ਦਿੱਤਾ ਧੀ ਨੂੰ ਜਨਮ

ਸੂਤਰ ਨੇ ਕਿਹਾ- ਜ਼ਰੀਨ ਨੋਟਿਸ ਨਾਲ ਪੁਲਸ ਸਟੇਸ਼ਨ ਵਿਚ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਈ। ਉਸ ਨੇ ਦੱਸਿਆ ਕਿ ਪ੍ਰਬੰਧਕਾਂ ਨੇ ਉਸ ਨੂੰ ਗੁੰਮਰਾਹ ਕੀਤਾ ਹੈ। ਦੋਹਾਂ ਵਿਚਕਾਰ ਕਿਸੇ ਤਰ੍ਹਾਂ ਦੀ ਗਲਤ-ਫਹਿਮੀ ਸੀ। ਜ਼ਰੀਨ ਨੇ ਇਹ ਵੀ ਕਿਹਾ ਸੀ ਕਿ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਕੋਲਕਾਤਾ ਦੇ ਮੁੱਖ ਮੰਤਰੀ ਵੀ ਮੰਚ 'ਤੇ ਉਨ੍ਹਾਂ ਨਾਲ ਹੋਣਗੇ ਅਤੇ ਕੁਝ ਆਗੂ ਵੀ। ਬਾਅਦ ਵਿਚ ਉਸ ਦੀ ਟੀਮ ਨੂੰ ਪਤਾ ਲੱਗਾ ਕਿ ਇਹ ਇੱਕ ਛੋਟਾ ਜਿਹਾ ਸਮਾਗਮ ਸੀ, ਜੋ ਉੱਤਰੀ ਕੋਲਕਾਤਾ ਦੇ ਸਥਾਨਕ ਖੇਤਰ ਵਿਚ ਆਯੋਜਿਤ ਕੀਤਾ ਜਾਣਾ ਸੀ। ਇਸ ਮਾਮਲੇ 'ਚ ਆਪਣਾ ਪੱਖ ਪੇਸ਼ ਕਰਦੇ ਹੋਏ ਜ਼ਰੀਨ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਅਤੇ ਪ੍ਰਬੰਧਕਾਂ ਵਿਚਾਲੇ ਫਲਾਈਟ ਟਿਕਟਾਂ ਅਤੇ ਰਿਹਾਇਸ਼ ਦੇ ਪ੍ਰਬੰਧਾਂ ਨੂੰ ਲੈ ਕੇ ਬਹਿਸ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਸਮਾਗਮ ਵਿਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਸੀ। ਜ਼ਰੀਨ ਨੇ ਸਥਾਨਕ ਅਦਾਲਤ ਵਿਚ ਪ੍ਰਬੰਧਕਾਂ ਖ਼ਿਲਾਫ਼ ਸਿਵਲ ਕੇਸ ਦਾਇਰ ਕੀਤਾ ਹੈ। ਹਾਲਾਂਕਿ ਉਸ ਸਮੇਂ ਅਦਾਕਾਰਾ ਕੋਲ ਇਸ ਕੇਸ ਦੇ ਕਾਗਜ਼ਾਤ ਨਹੀਂ ਸਨ। ਬਾਅਦ ਵਿਚ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਜ਼ਰੀਨ ਨੂੰ ਦੋਸ਼ੀ ਪਾਇਆ ਗਿਆ। ਬਾਅਦ ਵਿਚ ਅਦਾਕਾਰਾ ਖ਼ਿਲਾਫ਼ ਕੋਲਕਾਤਾ ਦੀ ਸੀਲਦਾਹ ਕੋਰਟ ਵਿਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਇਸ ਮਾਮਲੇ ਵਿਚ ਜ਼ਰੀਨ ਦੇ ਮੈਨੇਜਰ ਅਦਾਲਤ ਵਿਚ ਪੇਸ਼ ਹੋਏ ਅਤੇ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ। ਜਦੋਂਕਿ ਅਦਾਕਾਰਾ ਇੱਕ ਵਾਰ ਵੀ ਅਦਾਲਤ ਵਿਚ ਨਹੀਂ ਆਈ। ਨਾ ਹੀ ਉਸ ਨੇ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। ਬਾਅਦ ਵਿਚ ਅਦਾਲਤ ਨੇ ਜ਼ਰੀਨ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News