ਕਰਨ ਕੁੰਦਰਾ ਨੇ ਆਪਣੇ ਫੈਨਜ਼ ਨੂੰ ਕੀਤੀ ਇਹ ਖਾਸ ਅਪੀਲ
Thursday, Jun 25, 2020 - 12:26 PM (IST)

ਮੁੰਬਈ(ਬਿਊਰੋ) -ਟੀ.ਵੀ ਚੈਨਲ ਦੀ ਚਰਚਿਤ ਸਖਸ਼ੀਅਤ ਅਤੇ ਪੰਜਾਬੀ ਅਦਾਕਾਰ ਕਰਨ ਕੁੰਦਰਾ ਹੱਥਾਂ ਨਾਲ ਕੰਮ ਕਰਨ ਵਾਲੇ ਕਾਰੀਗਰਾਂ ਦੇ ਹਾਲਾਤਾਂ ਨੂੰ ਦੇਖ ਕਾਫੀ ਚਿੰਤਿਤ ਨਜ਼ਰ ਆ ਰਹੇ ਹਨ।ਲੌਕਡਾਊਨ ਕਾਰਨ ਹੋਰਨਾਂ ਲੋਕਾਂ ਦੀ ਤਰ੍ਹਾਂ ਇਹਨਾਂ ਕਾਰੀਗਰਾਂ ਦੇ ਕੰੰਮਾਂ 'ਤੇ ਵੀ ਕਾਫੀ ਅਸਰ ਪਿਆ ਹੈ।ਕਰਨ ਕੁੰਦਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਵੀਡੀਓ ਸਾਂਝੀ ਕਰ ਇਹਨਾਂ ਕਾਰੀਗਰਾਂ ਦੀ ਮਦਦ ਦੀ ਗੁਹਾਰ ਲਗਾਈ ਹੈ।ਕਰਨ ਕੁੰਦਰਾ ਨੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਲੌਕਡਾਊਨ ਕਾਰਨ ਕਾਫੀ ਕਾਰੀਗਰਾਂ ਦਾ ਰੁਜ਼ਗਾਰ ਚਲਾ ਗਿਆ ਹੈ ਜਿਸ ਕਾਰਨ ਇਹ ਕਾਰੀਗਰ ਰੋਜ਼ੀ-ਰੋਟੀ ਦੇ ਵੀ ਮੋਹਤਾਜ ਹੋ ਗਏ ਹਨ ਅਜਿਹੇ 'ਚ ਸਾਨੂੰ ਸਾਰੀਆਂ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ।
ਕਰਨ ਕੁੰਦਰਾ ਨੇ ਇਕ ਵੱਡੀ ਨਿੱਜੀ ਕੰਪਨੀ ਨਾਲ ਜੁੜ ਇਹਨਾਂ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਕਰਨ ਕੁੰਦਰਾ ਨੇ ਕਿਹਾ ਕਿ ਕੋਈ ਵੀ ਵਿਅਕਤੀ ਇਸ ਕੰਪਨੀ ਅਧੀਨ 100-200 ਰੁਪਏ ਵੀ ਦਾਨ ਕਰੇਗਾ ਤਾਂ ਇਹਨਾਂ ਨੂੰ ਲੋਕਾਂ ਨੂੰ ਰੋਟੀ ਮਿਲਣ ਲੱਗ ਜਾਵੇਗੀ। ਕਰਨ ਕੁੰਦਰਾ ਅੱਗੇ ਬੋਲਦਿਆਂ ਕਿਹਾ ਕਿ ਔਰਤਾਂ ਆਪਣੇ ਜ਼ਰੂਰਤ 'ਚ ਇਕ ਸਮਾਨ ਘੱਟ ਖਰੀਦ ਲੈਣ ਤੇ ਆਦਮੀ ਇਕ ਬੋਤਲ ਬੀਅਰ ਘੱਟ ਪੀ ਲਵੇ ਤੇ ਉਹ ਪੈਸੇ ਇਹਨਾਂ ਗਰੀਬ ਕਾਰੀਗਰਾਂ ਲਈ ਦਾਨ ਦੇਵੇ।
ਦੱਸਣਯੋਗ ਹੈ ਕਿ ਕਰਨ ਕੁੰਦਰਾ ਕਈ ਟੀ.ਵੀ ਸੀਰੀਅਲ 'ਚ ਮੁੱਖ ਕਿਰਦਾਰ ਨਿਭਾ ਚੁੱਕੇ ਹਨ ਤੇ ਕਰਨ ਨੇ 'ਪਿਊਰ ਪੰਜਾਬੀ', 'ਮੇਰੇ ਯਾਰ ਕਮੀਨੇ' ਤੇ 'ਕੰਟਰੋਲ ਭਾਜੀ ਕੰਟਰੋਲ' ਵਰਗੀਆਂ ਫਿਲਮਾਂ ਵੀ ਕਰ ਚੁੱਕੇ ਹਨ।