ਕਰਨ ਜੌਹਰ ਨੇ ਐਲਾਨਿਆਂ ਨਵਾਂ ਪ੍ਰਾਜੈਕਟ, ਜਲ੍ਹਿਆਂਵਾਲਾ ਬਾਗ ਕਤਲੇਆਮ ''ਤੇ ਬਣੇਗੀ ਫ਼ਿਲਮ

Tuesday, Jun 29, 2021 - 03:38 PM (IST)

ਕਰਨ ਜੌਹਰ ਨੇ ਐਲਾਨਿਆਂ ਨਵਾਂ ਪ੍ਰਾਜੈਕਟ, ਜਲ੍ਹਿਆਂਵਾਲਾ ਬਾਗ ਕਤਲੇਆਮ ''ਤੇ ਬਣੇਗੀ ਫ਼ਿਲਮ

ਮੁੰਬਈ: ਫ਼ਿਲਮਮੇਕਰ ਕਰਨ ਜੌਹਰ ਨੇ ਆਪਣੇ ਨਵੇਂ ਪ੍ਰਾਜੈਕਟ ਦੀ ਅਨਾਊਂਸਮੈਂਟ ਕਰ ਦਿੱਤੀ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਇਕ ਅਜਿਹੀ ਫ਼ਿਲਮ ਦੀ ਘੋਸ਼ਣਾ ਕੀਤੀ ਜੋ ਆਮ ਤੌਰ 'ਤੇ ਧਰਮ ਪ੍ਰੋਡਕਸ਼ਨਜ਼ ਦੀ ਪਛਾਣ ਨਹੀਂ ਹੈ। ਕਰਨ ਹੁਣ ਭਾਰਤੀ ਆਜ਼ਾਦੀ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਅਧਿਆਇ 'ਜਲ੍ਹਿਆਂਵਾਲਾ ਬਾਗ ਕਤਲੇਆਮ' ਦੀ ਕਹਾਣੀ ਨੂੰ ਸਿਲਵਰ ਸਕ੍ਰੀਨ 'ਤੇ ਲੈ ਕੇ ਆ ਰਹੇ ਹਨ।
ਇਸ ਫ਼ਿਲਮ ਦੀ ਘੋਸ਼ਣਾ ਦੇ ਨਾਲ, ਕਰਨ ਨੇ ਦੱਸਿਆ ਕਿ ਫਿਲਮ ਦੀ ਕਹਾਣੀ ਸੀ ਸ਼ੰਕਰਨ ਨਾਇਰ 'ਤੇ ਅਧਾਰਤ ਹੋਵੇਗੀ, ਜਿਸਨੇ ਜਲ੍ਹਿਆਂਵਾਲਾ ਬਾਗ ਕਤਲੇਆਮ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ ਬ੍ਰਿਟਿਸ਼ ਸ਼ਾਸਨ ਨਾਲ ਕਾਨੂੰਨੀ ਲੜਾਈ ਲੜੀ ਸੀ। ਸ਼ੰਕਰਨ ਨਾਇਰ ਦੇ ਇਸ ਹੌਂਸਲੇ ਨੇ ਸਾਰੇ ਦੇਸ਼ ਦੇ ਆਜ਼ਾਦੀ ਦੀ ਲੜਾਈ ਲੜ੍ਹਨ ਵਾਲੇ ਵਿਚ ਨਵੀਂ ਜਾਨ ਪਾਈ ਸੀ। ਇਹ ਕੇਸ ਇਤਿਹਾਸ ਵਿਚ ਇਕ ਨਿਰਪੱਖ ਅਧਿਕਾਰ ਦੇ ਸਾਹਮਣੇ ਸੱਚ ਦੀ ਲੜਾਈ ਵਜੋਂ ਦਰਜ ਹੈ।
ਇਸ ਦੀ ਕਹਾਣੀ ਸ਼ੰਕਰਨ ਨਾਇਰ ਦੇ ਪੜਪੋਤੇ ਰਘੂ ਪਲਟ ਅਤੇ ਉਸਦੀ ਪਤਨੀ ਪੁਸ਼ਪਾ ਪਲਟ ਦੁਆਰਾ ਲਿਖੀ ਗਈ ਕਿਤਾਬ ਦਿ ਕੇਸ ਦੈਟ ਸ਼ੂਕ ਦਿ ਅੰਪਾਇਰ ਤੋਂ ਲਈ ਗਈ ਹੈ। ਕਰਨ ਸਿੰਘ ਤਿਆਗੀ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਵੇਗੀ। ਸਟਾਰ ਕਾਸਟ ਦੀ ਵੀ ਜਲਦੀ ਘੋਸ਼ਣਾ ਹੋਣ ਵਾਲੀ ਹੈ।
ਜਲ੍ਹਿਆਂਵਾਲਾ ਬਾਗ ਦਾ ਇਤਿਹਾਸ
ਜਲ੍ਹਿਆਂਵਾਲਾ ਬਾਗ ਕਤਲੇਆਮ ਭਾਰਤੀ ਸੁਤੰਤਰਤਾ ਇਤਿਹਾਸ ਵਿਚ ਸਭ ਤੋਂ ਭਿਆਨਕ ਅਤੇ ਹੈਰਾਨ ਕਰਨ ਵਾਲੀ ਘਟਨਾ ਹੈ। ਇਸ ਨੂੰ ਅੰਮ੍ਰਿਤਸਰ ਕਤਲੇਆਮ ਵੀ ਕਿਹਾ ਜਾਂਦਾ ਹੈ। ਇਹ ਘਟਨਾ 13 ਅਪ੍ਰੈਲ 1919 ਨੂੰ ਵਾਪਰੀ ਸੀ। ਸੁਤੰਤਰਤਾ ਸੈਨਾਨੀਆਂ ਡਾ. ਸੈਫੂਦੀਨ ਕਿਚਲੂ ਅਤੇ ਡਾ. ਸੱਤਿਆ ਪਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਇਕ ਵੱਡੀ ਭੀੜ ਅਮਨ ਸ਼ਾਂਤੀ ਨਾਲ ਵਿਰੋਧ ਪ੍ਰਦਰਸ਼ਨ ਕਰਨ ਲਈ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਪਹੁੰਚੀ ਸੀ। ਇਸ ਨੂੰ ਰੋਕਣ ਲਈ ਬ੍ਰਿਟਿਸ਼ ਕਮਾਂਡਿੰਗ ਬ੍ਰਿਗੇਡੀਅਰ-ਜਨਰਲ ਡਾਇਰ ਨੇ ਆਪਣੇ ਸੈਨਿਕਾਂ ਨਾਲ ਪੂਰੇ ਬਾਗ਼ ਨੂੰ ਘੇਰ ਲਿਆ ਸੀ।
ਬਾਗ਼ ਤੋਂ ਬਾਹਰ ਨਿਕਲਣ ਦਾ ਇਕੋ ਰਸਤਾ ਸੀ, ਕਿਉਂਕਿ ਬਾਗ਼ ਤਿੰਨੋਂ ਪਾਸਿਆਂ ਤੋਂ ਇਮਾਰਤਾਂ ਨਾਲ ਘਿਰਿਆ ਹੋਇਆ ਸੀ। ਸਿਰਫ਼ ਇਕ ਨਿਕਾਸ ਨੂੰ ਰੋਕਣ ਤੋਂ ਬਾਅਦ ਜਨਰਲ ਨੇ ਭੀੜ 'ਤੇ ਗੋਲੀਆਂ ਚਲਾਉਣ ਦੇ ਆਦੇਸ਼ ਦੇ ਦਿੱਤੇ। ਗੋਲੀਆਂ ਤੋਂ ਬਚਣ ਲਈ ਪ੍ਰਦਰਸ਼ਨਕਾਰੀਆਂ ਵਿਚ ਭਗਦੜ ਮਚ ਗਈ। ਗੋਲੀਆਂ ਖ਼ਤਮ ਹੋਣ ਤਕ ਬ੍ਰਿਟਿਸ਼ ਸਿਪਾਹੀ ਗੋਲੀਬਾਰੀ ਕਰਦੇ ਰਹੇ। ਇਸ ਵਹਿਸ਼ੀ ਕਾਰਵਾਈ ਵਿਚ ਘੱਟੋ ਘੱਟ 379 ਲੋਕ ਮਾਰੇ ਗਏ ਸਨ ਅਤੇ 1200 ਤੋਂ ਵੱਧ ਜ਼ਖਮੀ ਹੋਏ ਸਨ। ਰਬਿੰਦਰ ਨਾਥ ਟੈਗੋਰ ਇਸ ਕਤਲੇਆਮ ਤੋਂ ਇੰਨੇ ਪ੍ਰੇਸ਼ਾਨ ਹੋਏ ਕਿ ਉਸਨੇ ਆਪਣਾ ਬ੍ਰਿਟਿਸ਼ ਨਾਈਟਹੁੱਡ ਖ਼ਿਤਾਬ ਤਿਆਗ ਦਿੱਤਾ। ਇਸ ਘਟਨਾ ਦਾ ਬਦਲਾ ਲੈਣ ਲਈ, ਸੁਤੰਤਰਤਾ ਸੈਨਾਨੀ ਊਧਮ ਸਿੰਘ ਨੇ 1940 ਵਿਚ ਲੰਡਨ ਵਿਚ ਇਸਦੇ ਮਾਸਟਰ ਕਹੇ ਜਾਣ ਵਾਲੇ ਪੰਜਾਬ ਦੇ ਤਤਕਾਲੀ ਉਪ ਰਾਜਪਾਲ ਮਾਈਕਲ ਓ ਡਾਇਰ ਦਾ ਕਤਲ਼ ਕਰ ਦਿੱਤਾ ਸੀ। ਸਰਦਾਰ ਊਧਮ ਸਿੰਘ 'ਤੇ ਇਕ ਫਿਲਮ ਵੀ ਬਣਾਈ ਜਾ ਰਹੀ ਹੈ, ਜਿਸ ਵਿਚ ਵਿੱਕੀ ਕੌਸ਼ਲ ਊਧਮ ਸਿੰਘ ਦੀ ਭੂਮਿਕਾ ਵਿਚ ਹੈ ਅਤੇ ਸ਼ੂਜਿਤ ਸਰਕਾਰ ਇਸ ਨੂੰ ਨਿਰਦੇਸ਼ਤ ਕਰ ਰਹੇ ਹਨ।


author

Aarti dhillon

Content Editor

Related News