ਕੱਲ ਤੋਂ ਦਿੱਲੀ ਦੇ ਬਾਰਡਰਾਂ ’ਤੇ ਲੱਗੇਗਾ ‘ਕਿਸਾਨੀ ਗੀਤ ਸੰਮੇਲਨ’, ਕਨਵਰ ਗਰੇਵਾਲ ਨੇ ਵੀਡੀਓ ਸਾਂਝੀ ਕਰ ਦਿੱਤੀ ਜਾਣਕਾਰੀ

Sunday, Jan 17, 2021 - 04:36 PM (IST)

ਕੱਲ ਤੋਂ ਦਿੱਲੀ ਦੇ ਬਾਰਡਰਾਂ ’ਤੇ ਲੱਗੇਗਾ ‘ਕਿਸਾਨੀ ਗੀਤ ਸੰਮੇਲਨ’, ਕਨਵਰ ਗਰੇਵਾਲ ਨੇ ਵੀਡੀਓ ਸਾਂਝੀ ਕਰ ਦਿੱਤੀ ਜਾਣਕਾਰੀ

ਨਵੀਂ ਦਿੱਲੀ (ਬਿਊਰੋ)– ਕਿਸਾਨ ਅੰਦੋਲਨ ’ਚ ਪਹਿਲੇ ਦਿਨ ਤੋਂ ਡਟੇ ਪੰਜਾਬੀ ਗਾਇਕ ਕਨਵਰ ਗਰੇਵਾਲ ਨੇ ਅੱਜ ਇਕ ਵੀਡੀਓ ਸਾਂਝੀ ਕਰਕੇ ‘ਕਿਸਾਨੀ ਗੀਤ ਸੰਮੇਲਨ’ ਦੀ ਜਾਣਕਾਰੀ ਦਿੱਤੀ ਹੈ। ਇਸ ਸੰਮੇਲਨ ’ਚ ਕਨਵਰ ਗਰੇਵਾਲ ਨਾਲ ਗਾਇਕ ਹਰਫ ਚੀਮਾ, ਗਲਵ ਵੜੈਚ ਤੇ ਮਾਡਲ ਸੋਨੀਆ ਮਾਨ ਵੀ ਸ਼ਿਰਕਤ ਕਰਨਗੇ। ਵੀਡੀਓ ਰਾਹੀਂ ਕਨਵਰ ਗਰੇਵਾਲ ਨੇ ਦੱਸਿਆ ਕਿ 18 ਜਨਵਰੀ ਯਾਨੀ ਕੱਲ ਤੋਂ ਸ਼ੁਰੂ ਹੋ ਰਿਹਾ ਇਹ ਸੰਮੇਲਨ 3 ਦਿਨਾਂ ਤਕ ਚੱਲੇਗਾ।

18 ਜਨਵਰੀ ਨੂੰ ਸਿੰਘੂ ਤੇ ਕੁੰਡਲੀ ਬਾਰਡਰ ’ਤੇ ਇਹ ਪ੍ਰੋਗਰਾਮ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੇਗਾ। 19 ਜਨਵਰੀ ਨੂੰ ਗਾਜ਼ੀਪੁਰ ਬਾਰਡਰ ’ਤੇ ਇਹ ਪ੍ਰੋਗਰਾਮ 11 ਤੋਂ 4 ਵਜੇ ਤਕ ਚੱਲੇਗਾ ਤੇ 20 ਤਾਰੀਖ਼ ਨੂੰ ਇਹ ਪ੍ਰੋਗਰਾਮ ਟੀਕਰੀ ਬਾਰਡਰ ’ਤੇ ਖਤਮ ਹੋਵੇਗਾ।

ਇਸ ਸਬੰਧੀ ਕਨਵਰ ਗਰੇਵਾਲ ਵਲੋਂ 15 ਜਨਵਰੀ ਨੂੰ ਇਕ ਪੋਸਟਰ ਵੀ ਸਾਂਝਾ ਕੀਤਾ ਗਿਆ ਸੀ, ਜਿਸ ’ਚ ਉਨ੍ਹਾਂ ਲਿਖਿਆ ਸੀ, ‘ਕਿਸਾਨੀ ਸੰਘਰਸ਼ ’ਚ ਦੇਸ਼ ਦੇ ਹਰ ਖਿੱਤੇ, ਕਿੱਤੇ ਤੇ ਵਰਗ ਨੇ ਆਪਣਾ ਬਣਦਾ ਯੋਗਦਾਨ ਪਾਇਆ ਹੈ। ਇਸੇ ਤਹਿਤ ਕਲਾਕਾਰ ਵੀਰਾਂ ਨੂੰ ਵੀ ਜੋ ਸੇਵਾ ਪਹਿਲੇ ਦਿਨੋਂ ਲੱਗੀ, ਉਹ ਅਸੀਂ ਨਿਭਾਉਣ ਦੀ ਕੋਸ਼ਿਸ਼ ਕਰਦੇ ਆਏ ਹਾਂ। ਹੁਣ ਅਗਲੀ ਡਿਊਟੀ ਸਾਡੀ ਕਲਾਕਾਰਾਂ ਦੀ ਆਪਣੇ ਸੰਘਰਸ਼ੀ ਸਾਥੀਆਂ ਨਾਲ ਰਲ ਕੇ ਹੌਸਲੇ ਤੇ ਚੜ੍ਹਦੀਕਲਾ ਦੇ ਨਗਮੇ ਗਾਉਣ ਦੀ ਲੱਗੀ ਹੈ।’

ਕਨਵਰ ਨੇ ਅੱਗੇ ਲਿਖਿਆ, ‘ਅਸੀਂ ਇਸੇ ਲੜੀ ’ਚ 18, 19 ਤੇ 20 ਜਨਵਰੀ ਨੂੰ ਸਿੰਘੂ, ਗਾਜ਼ੀਪੁਰ ਤੇ ਟੀਕਰੀ ਬਾਰਡਰ ਦੀਆਂ ਸਟੇਜਾਂ ਤੋਂ ਤੁਹਾਡੇ ਸਭ ਨਾਲ ਜੁੜਾਂਗੇ। ਸਾਰੇ ਸੰਘਰਸ਼ੀ ਸਾਥੀਆਂ ਨੂੰ ਅਪੀਲ ਕਰਦੇ ਹਾਂ ਕਿ ਆਓ ਵੱਧ ਤੋਂ ਵੱਧ ਜੁੜ ਕੇ ਅੰਦੋਲਨ ਦੇ ਗੀਤ ਗਾਈਏ। ਇਸ ਉਪਰਾਲੇ ਲਈ ਸਰਤਾਜ ਇੰਡੀਆ ਫਾਊਂਡੇਸ਼ਨ ਤੇ ਪੀਰ ਬੁੱਧੂ ਸ਼ਾਹ ਪ੍ਰੋਡਕਸ਼ਨ ਤੇ ਫਿਲਮਜ਼ ਦੇ ਧੰਨਵਾਦੀ ਹਾਂ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News