ਕੰਗਨਾ ਰਣੌਤ ਦਾ ਬਾਡੀਗਾਰਡ ਕਰਨਾਟਕ ਤੋਂ ਗ੍ਰਿਫ਼ਤਾਰ, ਲੱਗੇ ਸਨ ਜਬਰ-ਜ਼ਨਾਹ ਤੇ ਧੋਖਾਧੜੀ ਦੇ ਦੋਸ਼

Monday, May 31, 2021 - 10:01 AM (IST)

ਕੰਗਨਾ ਰਣੌਤ ਦਾ ਬਾਡੀਗਾਰਡ ਕਰਨਾਟਕ ਤੋਂ ਗ੍ਰਿਫ਼ਤਾਰ, ਲੱਗੇ ਸਨ ਜਬਰ-ਜ਼ਨਾਹ ਤੇ ਧੋਖਾਧੜੀ ਦੇ ਦੋਸ਼

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਨਿੱਜੀ ਬਾਡੀਗਾਰਡ ਕੁਮਾਰ ਹੇਗੜੇ ਨੂੰ ਮੁੰਬਈ ਪੁਲਸ ਨੇ ਕਰਨਾਟਕ ਸਥਿਤ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਹੈ। ਉਸ 'ਤੇ ਵਿਆਹ ਦਾ ਝਾਂਸਾ ਦੇ ਕੇ ਇਕ ਲੜਕੀ ਨਾਲ ਜਬਰ-ਜ਼ਨਾਹ ਅਤੇ ਧੋਖਾਧੜੀ ਕਰਨ ਦਾ ਦੋਸ਼ ਹੈ। ਦੋਸ਼ ਹੈ ਕਿ ਕੁਮਾਰ ਹੇਗੜੇ ਐਤਵਾਰ ਨੂੰ ਕਿਸੇ ਦੂਸਰੀ ਲੜਕੀ ਨਾਲ ਵਿਆਹ ਕਰਵਾਉਣ ਵਾਲਾ ਸੀ। ਡੀ. ਐੱਨ. ਨਗਰ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੁਮਾਰ ਨੂੰ ਸ਼ਨੀਵਾਰ ਦੀ ਦੁਪਹਿਰ ਮਾਂਡਿਆ ਜ਼ਿਲ੍ਹੇ ਦੇ ਹੇਗੜਾਹੱਲੀ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਨੂੰ ਟਰਾਂਜਿਟ ਰਿਮਾਂਡ 'ਤੇ ਮੁੰਬਈ ਲਿਆਂਦਾ ਗਿਆ ਹੈ। 

ਅਧਿਕਾਰੀ ਮੁਤਾਬਕ 30 ਸਾਲਾ ਪੀੜਤਾ ਬਿਊਟੀਸ਼ੀਅਨ ਹੈ। ਉਸ ਨੇ ਇਕ ਹਫ਼ਤਾ ਪਹਿਲਾਂ ਕੁਮਾਰ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਸੀ ਤੇ ਦੱਸਿਆ ਸੀ ਕਿ ਦੋਵੇਂ ਇਕ-ਦੂਜੇ ਨੂੰ ਅੱਠ ਸਾਲਾਂ ਤੋਂ ਜਾਣਦੇ ਸਨ। ਕੁਮਾਰ ਨੇ ਪਿਛਲੇ ਸਾਲ ਜੂਨ 'ਚ ਉਸ ਦੇ ਸਾਹਮਣੇ ਵਿਆਹ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਉਸ ਨੇ ਸਵੀਕਾਰ ਕਰ ਲਿਆ ਸੀ। 27 ਅਪ੍ਰੈਲ ਨੂੰ ਕੁਮਾਰ ਨੇ ਉਸ ਕੋਲੋਂ ਇਹ ਕਹਿੰਦੇ ਹੋਏ 50 ਹਜ਼ਾਰ ਰੁਪਏ ਮੰਗੇ ਕਿ ਪਿੰਡ 'ਚ ਉਸ ਦੀ ਮਾਂ ਦੀ ਮੌਤ ਹੋ ਗਈ ਹੈ। ਘਰ ਪਹੁੰਚਣ ਤੋਂ ਬਾਅਦ ਕੁਮਾਰ ਨੇ ਉਕਤ ਲੜਕੀ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। 

ਦੱਸਣਯੋਗ ਹੈ ਕਿ ਪੁਲਸ ਨੇ ਦੱਸਿਆ ਕਿ ਪੀੜਤਾ ਨੂੰ ਕਿਸੇ ਤਰ੍ਹਾਂ ਦਾ ਪਤਾ ਲੱਗਾ ਕਿ ਕੁਮਾਰ ਕਿਸੇ ਦੂਸਰੀ ਲੜਕੀ ਨਾਲ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਹੈ ਤਾਂ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਉਸ ਦੇ ਖ਼ਿਲਾਫ਼ ਜਬਰ-ਜ਼ਨਾਹ, ਗ਼ੈਰ-ਕੁਦਰਤੀ ਸਰੀਰਕ ਸਬੰਧ ਅਤੇ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।


author

sunita

Content Editor

Related News