ਕੰਗਨਾ ਰਣੌਤ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਮਿਲੀ ਕਲੀਨਚਿੱਟ, FIR ਦਰਜ ਕਰਨ ਤੋਂ ਇਨਕਾਰ

9/19/2020 10:29:39 AM

ਚੰਡੀਗੜ੍ਹ (ਹਾਂਡਾ) – ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵਲੋਂ ਬੀਫ ਖਾਣ ਨਾਲ ਜੁੜੇ ਟਵੀਟ ਅਤੇ ਬਿਆਨ ਨੂੰ ਲੈ ਕੇ ਇਕ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਾਖਲ ਕੀਤੀ ਗਈ। ਪਟੀਸ਼ਨਰ ਨੇ ਕੰਗਨਾ ਦੇ ਟਵੀਟ ਨੂੰ ਲੈ ਕੇ ਦਿੱਤੀ ਸ਼ਿਕਾਇਤ ’ਤੇ ਪੁਲਸ ਕਾਰਵਾਈ ਨਾ ਹੋਣ ਦੀ ਗੱਲ ਕਹਿੰਦੇ ਹੋਏ ਐੱਫ. ਆਈ. ਆਰ. ਦਰਜ ਕੀਤੇ ਜਾਣ ਦੇ ਆਦੇਸ਼ ਜਾਰੀ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ। ਹਾਈਕੋਰਟ ਨੇ ਕੰਗਨਾ ਦੇ ਟਵੀਟ ਨੂੰ ਬਰੀਕੀ ਨਾਲ ਪਰਖਣ ਤੋਂ ਬਾਅਦ ਕਿਸੇ ਵੀ ਪ੍ਰਕਾਰ ਦੀ ਕਾਰਵਾਈ ਨਾ ਬਣਨ ਦੀ ਗੱਲ ਕਹਿੰਦੇ ਹੋਏ ਅਪੀਲ ਖਾਰਿਜ ਕਰ ਦਿੱਤੀ।

ਕੰਗਨਾ ਖਿਲਾਫ ਲੁਧਿਆਣਾ ਨਿਵਾਸੀ ਨਵਨੀਤ ਗੋਪੀ ਨੇ ਹਾਈਕੋਰਟ ਦਾ ਰੁਖ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਕੰਗਨਾ ਆਪਣੇ ਬਿਆਨਾਂ ਦੇ ਜ਼ਰੀਏ ਬੀਫ ਖਾਣ ਨੂੰ ਪ੍ਰੋਮੋਟ ਕਰ ਰਹੀ ਹੈ, ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਹ ਲੁਧਿਆਣਾ ਦੇ ਪੁਲਸ ਥਾਣੇ ਵਿਚ ਕੰਗਨਾ ਖਿਲਾਫ ਸ਼ਿਕਾਇਤ ਵੀ ਦੇ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ।

ਜਸਟਿਸ ਮਨੋਜ ਬਜਾਜ ਨੇ ਮੰਗ ਨੂੰ ਮਿਸਕਾਂਸਿਵ ਕਰਾਰ ਦਿੰਦੇ ਹੋਏ ਕਿਹਾ ਕਿ ਟਵੀਟ ਵਿਚ ਕਿਤੇ ਵੀ ਅਜਿਹਾ ਨਹੀਂ ਲੱਗ ਰਿਹਾ ਕਿ ਕੰਗਨਾ ਬੀਫ ਖਾਣ ਨੂੰ ਪ੍ਰੋਮੋਟ ਕਰ ਰਹੀ ਹੋਵੇ ਸਗੋਂ ਇੱਥੋਂ ਤੱਕ ਕਹਿ ਰਹੀ ਹੈ ਕਿ ਉਹ ਖੁਦ ਸ਼ਾਕਾਹਾਰੀ ਹੋ ਗਈ ਹੈ। ਦੂਜੀ ਪੋਸਟ ਵਿਚ ਕੰਗਨਾ ਭਾਰਤੀ ਅਤੇ ਵਿਦੇਸ਼ੀ ਖਾਣੇ ਨੂੰ ਲੈ ਕੇ ਚਰਚਾ ਕਰ ਰਹੀ ਹੈ। ਕੋਰਟ ਨੇ ਮੰਨਿਆ ਕਿ ਪੋਸਟ ਕੰਗਨਾ ਨੇ ਕੀਤੀ ਹੈ ਪਰ ਫੈਕਟਸ ਅਤੇ ਸਰਕਮਸਟਾਂਸਿਸ ਕਿਤੇ ਵੀ ਇਸ਼ਾਰਾ ਨਹੀਂ ਕਰਦੇ ਕਿ ਕੰਗਨਾ ਨੇ ਕੋਈ ਅਪਰਾਧ ਕੀਤਾ ਹੈ।


sunita

Content Editor sunita