ਬੱਚਨ ਪਰਿਵਾਰ 'ਚ ਮੁੜ ਕੋਰੋਨਾ ਨੇ ਦਿੱਤੀ ਦਸਤਕ, ਜਯਾ ਬੱਚਨ ਆਈ 'ਕੋਰੋਨਾ ਪਾਜ਼ੇਟਿਵ'
Friday, Feb 04, 2022 - 12:08 PM (IST)

ਮੁੰਬਈ (ਬਿਊਰੋ) : ਕੋਰੋਨਾ ਵਾਇਰਸ ਮੁੜ ਦੇਸ਼ ਭਰ 'ਚ ਆਪਣਾ ਕਹਿਰ ਦਿਖਾ ਰਿਹਾ ਹੈ। ਅਜਿਹੇ 'ਚ ਫ਼ਿਲਮੀ ਸਿਤਾਰੇ ਵੀ ਇਸ ਮਹਾਂਮਾਰੀ ਤੋਂ ਬਚ ਨਹੀਂ ਪਾ ਰਹੇ ਅਤੇ ਆਏ ਦਿਨ ਕੋਰੋਨਾ ਦਾ ਸ਼ਿਕਾਰ ਹੋ ਰਹੇ ਹਨ। ਹਾਲ ਹੀ 'ਚ ਖ਼ਬਰ ਸਾਹਮਣੇ ਆ ਰਹੀ ਹੈ ਕਿ ਹੁਣ ਜਯਾ ਬੱਚਨ ਦੀ 'ਕੋਰੋਨਾ' ਰਿਪੋਰਟ ਪਾਜ਼ੇਟਿਵ ਆਈ ਹੈ। ਜਯਾ ਬੱਚਨ ਦੇ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਕਰਨ ਜੌਹਰ ਦੀ ਆਉਣ ਵਾਲੀ ਫ਼ਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ। ਇਸ ਫ਼ਿਲਮ 'ਚ ਜਯਾ ਬੱਚਨ ਦੇ ਨਾਲ-ਨਾਲ ਸ਼ਬਾਨਾ ਆਜ਼ਮੀ ਅਤੇ ਧਰਮਿੰਦਰ ਵੀ ਅਹਿਮ ਭੂਮਿਕਾਵਾਂ 'ਚ ਹਨ। ਸ਼ਬਾਨਾ ਆਜ਼ਮੀ ਦੀ ਰਿਪੋਰਟ ਦੋ ਦਿਨ ਪਹਿਲਾਂ ਕੋਰੋਨਾ ਪਾਜ਼ੇਟਿਵ ਆਈ ਸੀ।
ਕਰਨ ਜੌਹਰ ਨੇ ਸ਼ੈਡਿਊਲ ਕੀਤਾ ਰੱਦ
ਖ਼ਬਰਾਂ ਮੁਤਾਬਕ, 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਦੀ ਸ਼ੂਟਿੰਗ 2 ਫਰਵਰੀ ਤੋਂ ਸ਼ੁਰੂ ਹੋ ਕੇ 14 ਫਰਵਰੀ ਨੂੰ ਖ਼ਤਮ ਹੋਣੀ ਸੀ। ਪਹਿਲਾਂ ਸ਼ਬਾਨਾ ਆਜ਼ਮੀ ਅਤੇ ਹੁਣ ਜਯਾ ਬੱਚਨ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਕਰਨ ਜੌਹਰ ਨੇ ਫ਼ਿਲਮ ਦੇ ਸ਼ੈਡਿਊਲ ਨੂੰ ਰੱਦ ਕਰ ਦਿੱਤਾ ਹੈ। ਉਹ ਬਾਕੀ ਕਲਾਕਾਰਾਂ ਅਤੇ ਕਰਿਊ ਮੈਂਬਰਾਂ ਲਈ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦਾ।
ਤੀਜੀ ਲਹਿਰ ਲਗਾਤਾਰ ਦੇਸ਼ 'ਚ ਹੋ ਰਹੀ ਹੈ ਕਮਜ਼ੋਰ
ਭਾਰਤ 'ਚ 'ਕੋਰੋਨਾ' ਦੀ ਤੀਜੀ ਲਹਿਰ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 1,49,394 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਅੰਕੜਾ ਇੱਕ ਦਿਨ ਪਹਿਲਾਂ ਦੇ ਮੁਕਾਬਲੇ 13% ਘੱਟ ਹੈ। ਇਸ ਦੌਰਾਨ 2,46,674 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 1072 ਹੋ ਗਈ ਹੈ। ਇਸ ਸਮੇਂ ਦੇਸ਼ 'ਚ 14,35,569 ਐਕਟਿਵ ਕੇਸ ਹਨ। ਕੋਰੋਨਾ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 5,00,055 ਤਕ ਪਹੁੰਚ ਗਈ ਹੈ। ਰੋਜ਼ਾਨਾ ਸਕਾਰਾਤਮਕਤਾ ਦਰ 9.27% ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।