ਬੋਟੌਕਸ ਅਤੇ ਸਰਜਰੀ ਦੇ ਦੌਰ ''ਚ ਜਯਾ ਬੱਚਨ ਦਾ ਵੱਖਰਾ ਅੰਦਾਜ਼, ਚਿੱਟੇ ਵਾਲਾਂ ਨੂੰ ਦੱਸਿਆ ਆਪਣਾ ‘ਸਿਗਨੇਚਰ ਸਟਾਈਲ’
Sunday, Jan 11, 2026 - 04:12 PM (IST)
ਮੁੰਬਈ- ਬਾਲੀਵੁੱਡ ਦੀ ਦਿੱਗਜ ਅਦਾਕਾਰਾ ਜਯਾ ਬੱਚਨ ਹਮੇਸ਼ਾ ਹੀ ਆਪਣੇ ਬੇਬਾਕ ਅੰਦਾਜ਼ ਅਤੇ ਨਿਡਰ ਬਿਆਨਾਂ ਲਈ ਜਾਣੀ ਜਾਂਦੀ ਹੈ। ਜਿੱਥੇ ਅੱਜ-ਕੱਲ੍ਹ ਫਿਲਮੀ ਇੰਡਸਟਰੀ ’ਚ ਜਵਾਨ ਦਿਖਣ ਲਈ ਬੋਟੌਕਸ ਅਤੇ ਕਾਸਮੈਟਿਕ ਸਰਜਰੀਆਂ ਦਾ ਰੁਝਾਨ ਬਹੁਤ ਜ਼ਿਆਦਾ ਵਧ ਗਿਆ ਹੈ, ਉੱਥੇ ਹੀ ਜਯਾ ਬੱਚਨ ਨੇ ਇਸ 'ਤੇ ਆਪਣੀ ਵੱਖਰੀ ਰਾਏ ਰੱਖੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਆਰਟੀਫੀਸ਼ੀਅਲ (ਨਕਲੀ) ਚੀਜ਼ ਦੀ ਵਰਤੋਂ ਕਰਨ ਦੇ ਖਿਲਾਫ ਹਨ।
77 ਸਾਲ ਦੀ ਉਮਰ ’ਚ ਵੀ ਕੁਦਰਤੀ ਦਿੱਖ ਨੂੰ ਪਹਿਲ
77 ਸਾਲ ਦੀ ਹੋ ਚੁੱਕੀ ਜਯਾ ਬੱਚਨ ਨੇ 'ਟਾਈਮਜ਼ ਆਫ ਇੰਡੀਆ' ਨੂੰ ਦਿੱਤੇ ਇਕ ਇੰਟਰਵਿਊ ’ਚ ਆਪਣੀ ਵਧ ਰਹੀ ਉਮਰ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਨੇ ਕਿਹਾ, "ਮੈਨੂੰ ਆਪਣੀ ਹਰ ਝੁਰੜੀ ਅਤੇ ਚਿੱਟੇ ਵਾਲਾਂ 'ਤੇ ਮਾਣ ਹੈ।’’ ਜਯਾ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਅੱਜ ਤੱਕ ਆਪਣੇ ਚਿਹਰੇ 'ਤੇ ਕਦੇ ਵੀ ਕਿਸੇ ਨਕਲੀ ਚੀਜ਼ ਦੀ ਵਰਤੋਂ ਨਹੀਂ ਕੀਤੀ ਹੈ ਅਤੇ ਨਾ ਹੀ ਉਹ ਭਵਿੱਖ ’ਚ ਅਜਿਹਾ ਕਦੇ ਕਰਨਗੇ। ਅੱਜ ਦੇ ਸਮੇਂ ਵਿੱਚ ਉਨ੍ਹਾਂ ਦੇ ਚਿੱਟੇ ਵਾਲ ਉਨ੍ਹਾਂ ਦਾ ਇਕ 'ਸਿਗਨੇਚਰ ਸਟਾਈਲ' ਬਣ ਚੁੱਕੇ ਹਨ।
ਜਯਾ ਬੱਚਨ ਨੇ ਆਪਣੇ ਕਰੀਅਰ ਵਿੱਚ 'ਜ਼ੰਜੀਰ', 'ਅਭਿਮਾਨ' ਅਤੇ 'ਗੁੱਡੀ' ਵਰਗੀਆਂ ਕਈ ਯਾਦਗਾਰੀ ਫਿਲਮਾਂ ਵਿੱਚ ਕੰਮ ਕੀਤਾ ਹੈ। ਜੇਕਰ ਉਨ੍ਹਾਂ ਦੀ ਹਾਲੀਆ ਫਿਲਮ ਦੀ ਗੱਲ ਕਰੀਏ ਤਾਂ ਉਹ ਸਾਲ 2023 ’ਚ ਕਰਨ ਜੌਹਰ ਦੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਵਿੱਚ 'ਧਨਲਕਸ਼ਮੀ ਰੰਧਾਵਾ' ਦੇ ਦਮਦਾਰ ਕਿਰਦਾਰ ਵਿਚ ਨਜ਼ਰ ਆਈ ਸੀ। ਇਸ ਫਿਲਮ ’ਚ ਉਨ੍ਹਾਂ ਦੇ ਨਾਲ ਆਲੀਆ ਭੱਟ, ਰਣਵੀਰ ਸਿੰਘ, ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਵੀ ਮੁੱਖ ਭੂਮਿਕਾਵਾਂ ’ਚ ਸਨ।
ਜ਼ਿਕਰਯੋਗ ਹੈ ਕਿ ਜਯਾ ਬੱਚਨ ਅਕਸਰ ਪੈਪਾਰਾਜ਼ੀ (ਮੀਡੀਆ ਫੋਟੋਗ੍ਰਾਫਰਾਂ) 'ਤੇ ਆਪਣੀਆਂ ਟਿੱਪਣੀਆਂ ਕਾਰਨ ਵੀ ਸੁਰਖੀਆਂ ’ਚ ਰਹਿੰਦੀ ਹੈ। ਪਿਛਲੇ ਦਿਨੀਂ ਉਨ੍ਹਾਂ ਨੇ ਪਾਪਾਰਾਜ਼ੀ ਦੇ ਪਹਿਰਾਵੇ ਅਤੇ ਉਨ੍ਹਾਂ ਦੀ ਸਿੱਖਿਆ ਬਾਰੇ ਸਵਾਲ ਚੁੱਕੇ ਸਨ, ਜਿਸ ਤੋਂ ਬਾਅਦ ਕਈ ਫਿਲਮੀ ਸਿਤਾਰਿਆਂ ਨੇ ਪਾਪਾਰਾਜ਼ੀ ਦਾ ਸਮਰਥਨ ਕੀਤਾ ਸੀ।
