3 ਸਾਲਾਂ ਲਈ ਜੈਕਲੀਨ ਫਰਨਾਂਡੀਸ ਨੇ ਮਹਾਰਾਸ਼ਟਰ ਦੇ ਦੋ ਪਿੰਡ ਲਏ ਗੋਦ
Tuesday, Aug 18, 2020 - 04:59 PM (IST)
ਮੁੰਬਈ (ਬਿਊਰੋ) : ਬਾਲੀਵੁੱਡ ਵੱਲੋਂ ਲਗਾਤਾਰ ਲੋਕਾਂ ਦੀ ਮਦਦ ਲਈ ਅੱਗੇ ਆਉਣ ਦਾ ਸਿਲਸਿਲਾ ਜਾਰੀ ਹੈ। ਹੁਣ ਇਹ ਕਦਮ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਸ ਵੱਲੋਂ ਚੁੱਕਿਆ ਗਿਆ ਹੈ। ਜੈਕਲੀਨ ਨੇ ਮਹਾਰਾਸ਼ਟਰ ਦੇ ਦੋ ਪਿੰਡਾਂ ਨੂੰ ਤਿੰਨ ਸਾਲ ਲਈ ਸਪੋਰਟ ਕਰਨ ਦਾ ਫ਼ੈਸਲਾ ਲਿਆ ਹੈ। ਜੈਕਲੀਨ ਜਿਨ੍ਹਾਂ ਦੋ ਪਿੰਡ ਨੂੰ ਸਪੋਰਟ ਕਰੇਗੀ, ਉਨ੍ਹਾਂ ਦੀ ਕੁੱਲ ਅਬਾਦੀ 1550 ਹੈ ਤੇ ਇੱਥੋਂ ਦੇ ਲੋਕਾਂ ਦੇ ਖਾਣ-ਪੀਣ ਦਾ ਪ੍ਰਬੰਧ ਜੈਕਲੀਨ ਵੱਲੋਂ ਕੀਤਾ ਜਾਏਗਾ। ਖਾਸ ਤੌਰ 'ਤੇ ਜਿੱਥੇ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ, ਉੱਥੇ ਜ਼ਿਆਦਾ ਧਿਆਨ ਦਿੱਤਾ ਜਾਏਗਾ। 20 ਬੱਚਿਆਂ ਦਾ ਇਲਾਜ ਵੀ ਹੋਵੇਗਾ, ਕਿਚਨ ਗਾਰਡਨ ਸੈੱਟਅੱਪ ਵੀ ਕੀਤਾ ਜਾਏਗਾ। ਨਾਲ-ਨਾਲ ਖਾਸ ਟ੍ਰੇਨਿੰਗ ਵੀ ਪਰਿਵਾਰਾਂ ਨੂੰ ਦਿੱਤੀ ਜਾਏਗੀ। ਇਸ ਤੋਂ ਪਹਿਲਾਂ ਵੀ ਕਈ ਬਾਲੀਵੁੱਡ ਦੇ ਸਿਤਾਰੇ ਮਦਦ ਲਈ ਅੱਗੇ ਆ ਚੁੱਕੇ ਹਨ। ਸੋਨੂੰ ਸੂਦ ਨੇ ਤਾਂ ਮਿਸਾਲ ਹੀ ਕਾਇਮ ਕਰ ਦਿੱਤੀ ਹੈ। ਹੁਣ ਕਈ ਹੋਰ ਸਿਤਾਰੇ ਆਪਣੇ ਹਿਸਾਬ ਨਾਲ ਲੋਕਾਂ ਦੀ ਮੱਦਦ ਕਰ ਰਹੇ ਹਨ।
ਦੱਸਣਯੋਗ ਹੈ ਕਿ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨੇ ਅਸਾਮ ਦੇ ਹੜ੍ਹ ਪੀੜਤਾਂ ਲਈ 1 ਕਰੋੜ ਰੁਪਏ ਦਾਨ ਕੀਤੇ ਹਨ। ਅਸਾਮ ਦੇ ਮੁੱਖ ਮੰਤਰੀ Sarbananda Sonowal ਨੇ ਟਵੀਟ ਕਰਕੇ ਅਕਸ਼ੈ ਕੁਮਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, 'ਅਸਾਮ 'ਚ ਹੜ੍ਹ ਰਾਹਤ ਲਈ ਇੱਕ ਕਰੋੜ ਦੇ ਯੋਗਦਾਨ ਲਈ ਅਕਸ਼ੈ ਕੁਮਾਰ ਜੀ ਦਾ ਤਹਿ ਦਿਲੋਂ ਧੰਨਵਾਦ। ਤੁਸੀਂ ਹਮੇਸ਼ਾ ਸੰਕਟ ਦੇ ਸਮੇਂ ਹਮਦਰਦੀ ਅਤੇ ਸਹਾਇਤਾ ਦਿਖਾਈ ਹੈ। ਅਸਾਮ ਦੇ ਇੱਕ ਸੱਚੇ ਦੋਸਤ ਹੋਣ ਦੇ ਨਾਤੇ, ਤੁਸੀਂ ਅੱਗੇ ਆਏ ਹੋ, ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ, ਵਿਸ਼ਵਵਿਆਪੀ ਖੇਤਰ 'ਚ ਤੁਹਾਡੀ ਸ਼ਾਨ ਵਧਾਏ।'
ਜੁਲਾਈ 2020 'ਚ ਆਸਾਮ ਦੇ 33 'ਚੋਂ 33 ਜ਼ਿਲ੍ਹੇ ਹੜ੍ਹ ਦੇ ਪਾਣੀ ਨਾਲ ਡੁੱਬ ਗਏ ਸਨ। ਹੜ੍ਹ ਕਾਰਨ ਤਕਰੀਬਨ 28 ਲੱਖ ਲੋਕ ਪ੍ਰਭਾਵਤ ਹੋਏ। ਹੜ੍ਹਾਂ ਕਾਰਨ ਹਜ਼ਾਰਾਂ ਘਰਾਂ ਨੂੰ ਨੁਕਸਾਨ ਪਹੁੰਚਿਆ, ਫਸਲਾਂ ਤਬਾਹ ਹੋ ਗਈਆਂ ਅਤੇ ਸੜਕਾਂ ਅਤੇ ਪੁਲ ਕਈ ਥਾਵਾਂ 'ਤੇ ਟੁੱਟ ਗਏ। ਆਸਾਮ ਰਾਜ ਤਬਾਹੀ ਪ੍ਰਬੰਧਨ ਅਥਾਰਟੀ ਅਤੇ ਹੋਰ ਸਰਕਾਰੀ ਏਜੰਸੀਆਂ ਅਤੇ ਸਵੈਇੱਛੁਕ ਸੰਗਠਨਾਂ ਦੇ ਨਾਲ ਹੜ੍ਹ ਰਾਹਤ ਕਾਰਜਾਂ 'ਚ ਜੁਟੇ ਹੋਏ ਹਨ।