OSCARS 2023: ਫ਼ਿਲਮ 'RRR' ਦੇ ਗੀਤ 'ਨਾਟੂ ਨਾਟੂ' ਨੇ ਆਸਕਰ ਜਿੱਤ ਕੇ ਰਚਿਆ ਇਤਿਹਾਸ

03/13/2023 9:27:11 AM

ਲਾਸ ਏਂਜਲਸ (ਭਾਸ਼ਾ)- ਭਾਰਤੀ ਫ਼ਿਲਮ 'ਆਰ.ਆਰ.ਆਰ.' ਦੇ ਗੀਤ 'ਨਾਟੂ ਨਾਟੂ' ਨੇ ਅਕੈਡਮੀ ਐਵਾਰਡਜ਼ 'ਚ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ 'ਚ ਆਸਕਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਸ ਕੈਟਾਗਰੀ 'ਚ ਗੀਤ 'ਨਾਟੂ ਨਾਟੂ' ਨੇ ਫ਼ਿਲਮ 'ਟੈੱਲ ਇਟ ਲਾਈਕ ਏ ਵੂਮੈਨ' ਦੇ ਗੀਤ 'ਅਪਲਾਜ', 'ਟੌਪ ਗਨ: ਮਾਵੇਰਿਕ' ਦੇ ਗੀਤ 'ਹੋਲਡ ਮਾਈ ਹੈਂਡ', 'ਬਲੈਕ ਪੈਂਥਰ: ਵਾਕਾਂਡਾ ਫਾਰਐਵਰ' ਦੇ 'ਲਿਫਟ ਮੀ ਅੱਪ' ਅਤੇ "ਐਵਰੀਥਿੰਗ ਐਵਰੀਵੇਅਰ ਆਲ ਐਟ ਵਨਸ" ਦੇ "ਦਿਸ ਇਜ਼ ਏ ਲਾਈਫ" ਨੂੰ ਮਾਤ ਦਿੱਤੀ।

PunjabKesari

ਤੇਲਗੂ ਗੀਤ 'ਨਾਟੂ ਨਾਟੂ' ਦੇ ਸੰਗੀਤਕਾਰ ਐੱਮ. ਐੱਮ. ਕੀਰਵਾਨੀ ਹਨ ਅਤੇ ਇਸ ਨੂੰ ਆਵਾਜ਼ ਕਾਲ ਭੈਰਵ ਅਤੇ ਰਾਹੁਲ ਸਿਪਲੀਗੰਜ ਨੇ ਦਿੱਤੀ ਹੈ। 'ਨਾਟੂ ਨਾਟੂ' ਦਾ ਅਰਥ ਹੈ 'ਨੱਚਣਾ'। ਇਹ ਗੀਤ ਅਭਿਨੇਤਾ ਰਾਮ ਚਰਨ ਅਤੇ ਜੂਨੀਅਰ ਐੱਨਟੀਆਰ 'ਤੇ ਫ਼ਿਲਮਾਇਆ ਗਿਆ ਹੈ, ਜਿਸ ਵਿੱਚ ਉਨ੍ਹਾਂ ਦੇ ਡਾਂਸ ਮੂਵਜ਼ ਦੀ ਵੀ ਸ਼ਲਾਘਾ ਕੀਤੀ ਗਈ ਹੈ। ਇਸ ਤੋਂ ਪਹਿਲਾਂ, 'ਨਾਟੂ ਨਾਟੂ' ਦੇ ਗਾਇਕਾਂ ਕਾਲ ਭੈਰਵ ਅਤੇ ਰਾਹੁਲ ਸਿਪਲੀਗੰਜ ਨੇ ਆਸਕਰ ਸਮਾਰੋਹ ਵਿੱਚ ਇਸ ਤੇਲਗੂ ਗੀਤ 'ਤੇ ਇੱਕ ਪਾਵਰ ਪੈਕਡ ਪਰਫਾਰਮੈਂਸ ਦਿੱਤੀ, ਜਿਸ ਨੇ ਸਮਾਰੋਹ ਸਥਾਨ 'ਤੇ ਮੌਜੂਦ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਪੇਸ਼ਕਾਰੀ 'ਤੇ ਦਰਸ਼ਕ ਗੈਲਰੀ 'ਚ ਬੈਠੇ ਲੋਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ।

ਸਮਾਰੋਹ ਵਿੱਚ ਭਾਰਤੀ ਗਾਇਕਾਂ ਦੀ ਪੇਸ਼ਕਾਰੀ ਦਾ ਐਲਾਨ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਨੇ ਕੀਤਾ ਸੀ। ਦੀਪਿਕਾ ਪਾਦੂਕੋਣ ਇੱਥੇ ਇੱਕ ਸ਼ਾਨਦਾਰ ਕਾਲੇ ਲੂਈ ਵਿਟਨ ਗਾਊਨ ਵਿੱਚ ਨਜ਼ਰ ਆਈ, ਜਿਸ ਨਾਲ ਉਨ੍ਹਾਂ ਨੇ ਇੱਕ ਸ਼ਾਨਦਾਰ ਹਾਰ ਪਾਇਆ ਹੋਇਆ ਸੀ। ਲਾਂਚ ਦੀ ਘੋਸ਼ਣਾ ਕਰਦੇ ਹੋਏ, ਅਭਿਨੇਤਰੀ ਨੇ ਕਿਹਾ, "ਕੀ ਤੁਸੀਂ ਜਾਣਦੇ ਹੋ ਕਿ 'ਨਾਟੂ' ਕੀ ਹੈ, ਜੇਕਰ ਨਹੀਂ, ਤਾਂ ਹੁਣ ਤੁਹਾਨੂੰ ਪਤਾ ਲੱਗ ਜਾਵੇਗਾ। ਪੇਸ਼ ਹੈ 'ਆਰ.ਆਰ.ਆਰ.' ਤੋਂ 'ਨਾਟੂ ਨਾਟੂ'।'' ਪ੍ਰਬੰਧਕਾਂ ਨੇ ਗੀਤ ਨੂੰ ਪੇਸ਼ ਕਰਨ ਲਈ ਸਟੇਜ 'ਤੇ ਗੀਤ ਦਾ ਸੈੱਟ ਦਿਖਾਉਣ ਦੀ ਕੋਸ਼ਿਸ਼ ਕੀਤੀ।

PunjabKesari

ਇਸ ਗੀਤ ਦੀ ਸ਼ੂਟਿੰਗ ਯੂਕ੍ਰੇਨ ਦੀ ਰਾਜਧਾਨੀ ਕੀਵ ਵਿੱਚ ਰਾਸ਼ਟਰਪਤੀ ਭਵਨ ਦੇ ਵਿਹੜੇ ਵਿੱਚ ਕੀਤੀ ਗਈ ਹੈ। ਆਸਕਰ ਸਮਾਰੋਹ ਸੋਮਵਾਰ ਸਵੇਰੇ (ਭਾਰਤੀ ਸਮੇਂ ਮੁਤਾਬਕ) ਹਾਲੀਵੁੱਡ ਦੇ ਡਾਲਬੀ ਥੀਏਟਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਡੈਨੀ ਬੋਇਲ ਵੱਲੋਂ ਨਿਰਦੇਸ਼ਤ ਬ੍ਰਿਟੇਨ ਦੀ ਫ਼ਿਲਮ 'ਸਲਮਡੌਗ ਮਿਲੀਅਨੇਅਰ' ਦਾ ਗੀਤ 'ਜੈ ਹੋ' ਸਰਵੋਤਮ ਮੂਲ 'ਸਕੋਰ' ਅਤੇ ਮੂਲ ਗੀਤ ਸ਼੍ਰੇਣੀਆਂ ਵਿੱਚ ਅਕੈਡਮੀ ਐਵਾਰਡ ਜਿੱਤਣ ਵਾਲਾ ਪਹਿਲਾ ਹਿੰਦੀ ਗੀਤ ਹੈ। ਇਸ ਦੇ ਸੰਗੀਤਕਾਰ ਏ.ਆਰ. ਰਹਿਮਾਨ ਸਨ ਅਤੇ ਇਸ ਦੇ ਬੋਲ ਗੁਲਜ਼ਾਰ ਨੇ ਲਿਖੇ ਸਨ।


cherry

Content Editor

Related News