ਘੱਟ ਨਹੀਂ ਹੋਈਆਂ ਸੋਨੂੰ ਸੂਦ ਦੀਆਂ ਮੁਸ਼ਕਿਲਾਂ, ਤੀਜੇ ਦਿਨ ਵੀ ਇਨਕਮ ਟੈਕਸ ਵਿਭਾਗ ਦੀ ਜਾਂਚ ਜਾਰੀ
Friday, Sep 17, 2021 - 04:19 PM (IST)
ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਘਰ ’ਤੇ ਇਨਕਮ ਟੈਕਸ ਦਾ ਸਰਵੇ ਖ਼ਤਮ ਹੋ ਗਿਆ ਹੈ। ਇਸ ਤੋਂ ਬਾਅਦ ਹੁਣ ਸੋਨੂੰ ਸੂਦ ਦੇ ਜੈਪੁਰ, ਲਖਨਊ ਤੇ ਨਾਗਪੁਰ ਸਥਿਤ ਘਰ ਤੇ ਦਫ਼ਤਰ ’ਚ ਆਈ. ਟੀ. ਟੀਮ ਨੇ ਸਰਵੇ ਸ਼ੁਰੂ ਕਰ ਦਿੱਤਾ ਹੈ। ਇਨਕਮ ਟੈਕਸ ਟੀਮ ਦੇ ਇਸ ਤਰ੍ਹਾਂ ਦੇ ਸਰਵੇ ਕਾਰਨ ਸੋਨੂੰ ਸੂਦ ਦੇ ਪ੍ਰਸ਼ੰਸਕ ਨਾਰਾਜ਼ ਦਿਖਾਈ ਦੇ ਰਹੇ ਹਨ।
ਦੱਸ ਦੇਈਏ ਕਿ ਸੋਨੂੰ ਸੂਦ ਦੇ ਘਰੋਂ ਇਨਕਮ ਟੈਕਸ ਦੀ ਟੀਮ ਲਗਾਤਾਰ ਦੂਜੇ ਦਿਨ ਸਰਵੇ ਕਰਨ ਤੋਂ ਬਾਅਦ ਦੇਰ ਰਾਤ ਲਗਭਗ ਸਾਢੇ 12 ਵਜੇ ਨਿਕਲ ਗਈ। ਪਿਛਲੇ ਦੋ ਦਿਨਾਂ ਤੋਂ ਇਨਕਮ ਟੈਕਸ ਦੇ ਅਧਿਕਾਰੀ ਸੋਨੂੰ ਸੂਦ ਦੇ ਮੁੰਬਈ ਸਥਿਤ ਘਰ ’ਚ ਸਰਵੇ ਕਰ ਰਹੇ ਸਨ। ਸੋਨੂੰ ਸੂਦ ਦੇ ਘਰ ’ਚ ਸਰਵੇ ਦੌਰਾਨ ਇਨਕਮ ਟੈਕਸ ਦੇ ਅਧਿਕਾਰੀਆਂ ਤੋਂ ਇਲਾਵਾ ਸੋਨੂੰ ਸੂਦ ਦਾ ਪੂਰਾ ਪਰਿਵਾਰ ਘਰ ’ਚ ਮੌਜੂਦ ਸੀ।
ਇਹ ਖ਼ਬਰ ਵੀ ਪੜ੍ਹੋ : ‘ਲਹੂ ਦੀ ਆਵਾਜ਼’ ਗੀਤ ਗਾਉਣ ਵਾਲੀ ਸਿਮਰਨ ਕੌਰ ਧਾਦਲੀ ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਡਿਲੀਟ
ਸੋਨੂੰ ਸੂਦ ਦੇ ਘਰੋਂ ਨਿਕਲਣ ਵਾਲੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦੇ ਹੱਥ ’ਚ ਕੁਝ ਬੈਗ ਵੀ ਨਜ਼ਰ ਆਏ। ਹਾਲਾਂਕਿ ਅਜੇ ਤਕ ਇਹ ਸਾਫ ਨਹੀਂ ਹੋਇਆ ਹੈ ਕਿ ਇਨਕਮ ਟੈਕਸ ਦੇ ਅਧਿਕਾਰੀਆਂ ਨੂੰ ਸੋਨੂੰ ਸੂਦ ਦੇ ਘਰੋਂ ਕੁਝ ਹੱਥ ਲੱਗਾ ਹੈ ਜਾਂ ਨਹੀਂ। ਅਜਿਹੇ ’ਚ ਹੁਣ ਸੋਨੂੰ ਸੂਦ ਦੇ ਬਾਕੀ ਟਿਕਾਣਿਆਂ ’ਤੇ ਵੀ ਇਨਕਮ ਟੈਕਸ ਦੀ ਟੀਮ ਨੇ ਦਸਤਕ ਦੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਲੋਕਾਂ ਦੀ ਮਦਦ ਕਰਕੇ ਸੋਨੂੰ ਸੂਦ ਮੀਡੀਆ ਤੇ ਆਮ ਲੋਕਾਂ ਦੀ ਰੱਜ ਕੇ ਪ੍ਰਸ਼ੰਸਾ ਹਾਸਲ ਕਰ ਚੁੱਕੇ ਹਨ। ਕੋਰੋਨਾ ਮਹਾਮਾਰੀ ਦੌਰਾਨ ਸੋਨੂੰ ਸੂਦ ਨੇ ਵੱਡੀ ਗਿਣਤੀ ’ਚ ਘਰ ਵਾਪਸ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਆਰਥਿਕ ਮਦਦ ਕੀਤੀ ਸੀ। ਉਨ੍ਹਾਂ ਨੇ ਅਜਿਹੇ ਮਜ਼ਦੂਰਾਂ ਦੇ ਸਫਰ ਨੂੰ ਸੁਵਿਧਾਜਨਕ ਬਣਾਉਣ ਲਈ ਭੋਜਨ, ਵਾਹਨ ਆਦਿ ਦਾ ਇੰਤਜ਼ਾਮ ਵੀ ਕੀਤਾ ਸੀ। ਇਸ ਤੋਂ ਬਾਅਦ ਤੋਂ ਹੀ ਉਨ੍ਹਾਂ ਨੂੰ ਗਰੀਬਾਂ ਦਾ ਫ਼ਰਿਸ਼ਤਾ ਕਿਹਾ ਜਾਣ ਲੱਗਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।