'ਹਿੰਦੂ ਹੋਣ 'ਤੇ ਸ਼ਰਮਿੰਦਾ ਹਾਂ', ਨਮਾਜ਼ ਪੜ੍ਹ ਰਹੇ ਲੋਕਾਂ ਦੇ ਸਾਹਮਣੇ 'ਸ਼੍ਰੀਰਾਮ' ਦੇ ਨਾਅਰਿਆਂ 'ਤੇ ਭੜਕੀ ਸਵਰਾ
Saturday, Oct 23, 2021 - 01:40 PM (IST)
ਮੁੰਬਈ : ਦੇਸ਼ ਦੇ ਹਰ ਮੁੱਦੇ 'ਤੇ ਆਪਣੀ ਰਾਏ ਰੱਖਣ ਵਾਲੀ ਅਦਾਕਾਰਾ ਸਵਰਾ ਭਾਸਕਰ ਨੇ ਇਕ ਵਾਰ ਫਿਰ ਟਵੀਟ ਕਰ ਕੇ ਗੁੱਸਾ ਜ਼ਾਹਰ ਕੀਤਾ ਹੈ। ਸਵਰਾ ਭਾਸਕਰ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ 'ਚ ਨਮਾਜ਼ ਪੜ੍ਹ ਰਹੇ ਲੋਕਾਂ ਦੇ ਸਾਹਮਣੇ ਬਜਰੰਗ ਦਲ ਦੇ ਵਰਕਰਾਂ ਵਲੋਂ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਣ 'ਤੇ ਗੁੱਸੇ 'ਚ ਹੈ। ਉਸ ਨੇ ਇਸ ਘਟਨਾ ਦੀ ਵੀਡੀਓ ਕਲਿੱਪ ਟਵੀਟ ਕਰਕੇ ਕਿਹਾ ਕਿ ਉਹ ਹਿੰਦੂ ਹੋਣ 'ਤੇ ਸ਼ਰਮਿੰਦਾ ਹੈ।
As a Hindu I’m ashamed! https://t.co/26OfIqTeHO
— Swara Bhasker (@ReallySwara) October 22, 2021
ਨਮਾਜ਼ ਦੌਰਾਨ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਗਏ। ਦੱਸ ਦੇਈਏ ਕਿ ਸ਼ੁੱਕਰਵਾਰ (22 ਅਕਤੂਬਰ) ਨੂੰ ਜਦੋਂ ਮੁਸਲਿਮ ਭਾਈਚਾਰੇ ਦੇ ਕੁਝ ਮੈਂਬਰ ਗੁਰੂਗ੍ਰਾਮ ਦੇ ਸੈਕਟਰ 12-ਏ 'ਚ ਇਕ ਨਿੱਜੀ ਸੰਪਤੀ 'ਚ ਸ਼ਾਂਤੀ ਨਾਲ ਨਮਾਜ਼ ਅਦਾ ਕਰ ਰਹੇ ਸਨ। ਇਕ ਗੁੱਸੇ ਭਰੀ ਭੀੜ ਜਿਸ 'ਚ ਕਥਿਤ ਤੌਰ 'ਤੇ ਬਜਰੰਗ ਦਲ ਦੇ ਵਰਕਰ ਸ਼ਾਮਲ ਸਨ, ਉੱਥੇ ਪਹੁੰਚ ਗਏ ਅਤੇ ਨਮਾਜ਼ ਅਦਾ ਕਰ ਰਹੇ ਲੋਕਾਂ ਦੇ ਸਾਹਮਣੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਨਾਲ ਇਲਾਕੇ 'ਚ ਤਣਾਅ ਪੈਦਾ ਹੋ ਗਿਆ।
ਕੁਝ ਦਿਨ ਪਹਿਲਾਂ ਸਵਰਾ ਭਾਸਕਰ ਨੇ ਦਿੱਲੀ ਦੇ ਵਸੰਤ ਕੁੰਜ ਉੱਤਰੀ ਪੁਲਸ ਸਟੇਸ਼ਨ 'ਚ ਐੱਫ.ਆਈ.ਆਰ. ਦਰਜ ਕਰਵਾਈ ਸੀ। ਸਵਰਾ ਭਾਸਕਰ ਨੇ ਦੋਸ਼ ਲਾਇਆ ਸੀ ਕਿ ਟਵਿੱਟਰ ਅਤੇ ਯੂ-ਟਿਊਬ 'ਤੇ ਸਰਗਰਮ ਇਕ ਵਿਅਕਤੀ ਸਵਰਾ ਦੀ ਫਿਲਮ ਦੇ ਇਕ ਸੀਨ ਨੂੰ ਸੋਸ਼ਲ ਮੀਡੀਆ 'ਤੇ ਫੈਲਾ ਕੇ ਉਸ ਦੀ ਇਮੇਜ਼ ਖਰਾਬ ਕੀਤੀ ਹੈ। ਪੁਲਸ ਨੇ ਆਈ.ਟੀ. ਐਕਟ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।