ਸੁਪਨਿਆਂ ਦੀ ਕੋਈ ਐਕਸਪਾਇਰੀ ਡੇਟ ਨਹੀਂ ਹੁੰਦੀ, ਇਹੀ ਹੈ ‘ਤਰਲਾ’ ਦੀ ਕਹਾਣੀ : ਹੁਮਾ ਕੁਰੈਸ਼ੀ

Wednesday, Jul 05, 2023 - 03:43 PM (IST)

ਸੁਪਨਿਆਂ ਦੀ ਕੋਈ ਐਕਸਪਾਇਰੀ ਡੇਟ ਨਹੀਂ ਹੁੰਦੀ, ਇਹੀ ਹੈ ‘ਤਰਲਾ’ ਦੀ ਕਹਾਣੀ : ਹੁਮਾ ਕੁਰੈਸ਼ੀ

ਅਸੀਂ ਖੇਡਾਂ ’ਤੇ ਆਧਾਰਿਤ ਕਈ ਬਾਇਓਪਿਕਸ ਵੇਖੀਆਂ ਹਨ ਪਰ ਇਸ ਵਾਰ ਪਰਦੇ ’ਤੇ ਅਜਿਹੀ ਫ਼ਿਲਮ ਆਉਣ ਵਾਲੀ ਹੈ, ਜੋ ਦੇਸ਼ ਦੀ ਪਹਿਲੀ ਹੋਮ ਸ਼ੈੱਫ ਤਰਲਾ ਦਲਾਲ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਇਸ ਫ਼ਿਲਮ ’ਚ ਅਦਾਕਾਰਾ ਹੁਮਾ ਕੁਰੈਸ਼ੀ ਤੇ ਸ਼ਾਰਿਬ ਹਾਸ਼ਮੀ ਅਹਿਮ ਕਿਰਦਾਰਾਂ ’ਚ ਨਜ਼ਰ ਆਉਣਗੇ। ਦੱਸ ਦੇਈਏ ਕਿ ਤਰਲਾ ਦਲਾਲ ਹੋਮ ਸ਼ੈੱਫ ਦੇ ਨਾਲ-ਨਾਲ ਇਕ ਫੂਡ ਰਾਈਟਰ ਵੀ ਸੀ। ਉਨ੍ਹਾਂ ਨੇ ਕਈ ਕੁਕਿੰਗ ਸ਼ੋਅਜ਼ ਹੋਸਟ ਕਰਨ ਤੋਂ ਇਲਾਵਾ ਕੁਕਿੰਗ ’ਤੇ 100 ਤੋਂ ਵੀ ਜ਼ਿਆਦਾ ਕਿਤਾਬਾਂ ਲਿਖੀਆਂ ਸਨ। ਤਰਲਾ ਸ਼ਾਕਾਹਾਰੀ ਸਨ ਤੇ ਉਹ ਸ਼ਾਕਾਹਾਰੀ ਵਿਅੰਜਨਾਂ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੂੰ ਖਾਣੇ ਨਾਲ ਇਕ ਵੱਖਰਾ ਹੀ ਪਿਆਰ ਸੀ ਤੇ ਇਸ ਕਾਰਨ ਤਰਲਾ ਨੂੰ ਆਪਣੀ ਇਕ ਵੱਖਰੀ ਪਛਾਣ ਮਿਲੀ ਸੀ। ਫ਼ਿਲਮ 7 ਜੁਲਾਈ ਨੂੰ ਓ. ਟੀ. ਟੀ. ਪਲੇਟਫਾਰਮ ਜ਼ੀ5 ’ਤੇ ਰਿਲੀਜ਼ ਹੋਵੇਗੀ, ਜਿਸ ਦਾ ਨਿਰਦੇਸ਼ਨ ਪੀਯੂਸ਼ ਗੁਪਤਾ ਨੇ ਕੀਤਾ ਹੈ। ਉਥੇ ਹੀ ਫ਼ਿਲਮ ਬਾਰੇ ਹੁਮਾ ਕੁਰੈਸ਼ੀ ਤੇ ਸ਼ਾਰਿਬ ਹਾਸ਼ਮੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ।

ਹੁਮਾ ਕੁਰੈਸ਼ੀ

ਸਵਾਲ– ਫ਼ਿਲਮ ਦਾ ਇਕ ਸੀਨ ਹੈ, ਜਿਥੇ ਤੁਸੀਂ ਸੋਚਦੇ ਹੋ ਕਿ ਵਿਆਹ ਨੂੰ 12 ਸਾਲ ਹੋ ਗਏ ਤੇ ਹਾਲੇ ਤਕ ਸਮਝ ਨਹੀਂ ਆ ਰਿਹਾ ਕਿ ਜ਼ਿੰਦਗੀ ’ਚ ਕਰਨਾ ਕੀ ਹੈ? ਕੀ ਤੁਹਾਡੇ ਨਾਲ ਕਦੇ ਅਜਿਹਾ ਹੋਇਆ ਹੈ ਜਦੋਂ ਪਤਾ ਨਹੀਂ ਹੁੰਦਾ ਹੈ, ਅੱਗੇ ਜ਼ਿੰਦਗੀ ’ਚ ਕੀ ਕਰਨਾ ਹੈ?
ਜਵਾਬ–
ਮੈਨੂੰ ਲੱਗਦਾ ਹੈ ਹਰ ਕੋਈ ਜ਼ਿੰਦਗੀ ਦੇ ਇਸ ਪੜਾਅ ’ਚੋਂ ਜ਼ਰੂਰ ਲੰਘਿਆ ਹੋਵੇਗਾ। ਹਰ ਕੋਈ ਆਪਣੀ ਜ਼ਿੰਦਗੀ ’ਚ ਕੁਝ ਨਾ ਕੁਝ ਹਾਸਲ ਕਰਨਾ ਚਾਹੁੰਦਾ ਹੈ। ਬਸ ਫਰਕ ਇਹੀ ਹੈ ਕਿ ਕੁਝ ਲੋਕਾਂ ਨੂੰ ਆਈਡੀਆ ਜਲਦੀ ਆਉਂਦਾ ਹੈ ਤੇ ਕੁਝ ਨੂੰ ਦੇਰ ਲੱਗਦੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਖ਼ੁਦ ਨੂੰ ਸਾਬਿਤ ਨਹੀਂ ਕਰ ਸਕੇ। ਫ਼ਿਲਮ ’ਚ ਵੀ ਇਹੀ ਚੀਜ਼ ਵਿਖਾਈ ਗਈ ਹੈ ਕਿ ਜੇਕਰ ਤੁਹਾਡਾ ਕੋਈ ਸੁਪਨਾ ਹੈ ਤਾਂ ਇਸ ਦੀ ਕੋਈ ਐਕਸਪਾਇਰੀ ਡੇਟ ਨਹੀਂ ਹੁੰਦੀ। ਤੁਸੀਂ ਕਦੇ ਵੀ ਕਿਸੇ ਵੀ ਉਮਰ ’ਚ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ।

ਸਵਾਲ– ਦੇਸ਼ ਦੀਆਂ ਸਾਰੀਆਂ ਹਾਊਸ ਵਾਈਫਸ ਲਈ ਕੀ ਸਲਾਹ ਦੇਣਾ ਚਾਹੋਗੇ ਤੁਸੀਂ?
ਜਵਾਬ–
ਅੱਜ ਵੀ ਲੜਕੀਆਂ ਨੂੰ ਇਹੀ ਬੋਲਿਆ ਜਾਂਦਾ ਹੈ ਕਿ ਪਹਿਲਾਂ ਵਿਆਹ ਕਰ ਲਓ, ਫਿਰ ਜੋ ਕਰਨਾ ਹੈ ਕਰ ਲੈਣਾ। ਮੈਂ ਬਸ ਇਹੀ ਕਹਿਣਾ ਚਾਹਾਂਗੀ ਕਿ ਤਰਲਾ ਜੀ ਨੇ ਇੰਨਾ ਕੰਮ ਕੀਤਾ ਕਿ ਉਨ੍ਹਾਂ ਨੂੰ ਪਦਮਸ਼੍ਰੀ ਅੈਵਾਰਡ ਨਾਲ ਨਿਵਾਜਿਆ ਗਿਆ। ਮੈਂ ਉਮੀਦ ਕਰਦੀ ਹਾਂ ਸਾਡੀ ਇਹ ਫ਼ਿਲਮ ਵੇਖ ਕੇ ਬਾਕੀ ਲੋਕ ਵੀ ਪ੍ਰਭਾਵਿਤ ਹੋਣ।

ਸਵਾਲ– ਫ਼ਿਲਮ ਦੌਰਾਨ ਕੋਈ ਯਾਦਗਾਰ ਪਲ ਜੋ ਤੁਸੀਂ ਸ਼ੇਅਰ ਕਰਨਾ ਚਾਹੋਗੇ?
ਜਵਾਬ–
ਉਂਝ ਤਾਂ ਬਹੁਤ ਸਾਰੀਆਂ ਗੱਲਾਂ ਹਨ ਪਰ ਇਕ ਵਾਰ ਸ਼ੂਟਿੰਗ ਦੇਰ ਰਾਤ ਤਕ ਚੱਲੀ, ਉਸ ਦੌਰਾਨ ਸੈੱਟ ’ਤੇ ਮਾਹੌਲ ਬਹੁਤ ਖੁਸ਼ਨੁਮਾ ਸੀ। ਉਸ ਦੌਰਾਨ ਸ਼ਾਰਿਬ ਨੇ ਵੀ ਇਕ ਬਿਹਤਰ ਪ੍ਰਫਾਰਮੈਂਸ ਦਿੱਤਾ ਸੀ, ਉਦੋਂ ਮੈਨੂੰ ਪਤਾ ਲੱਗਾ ਕਿ ਉਹ ਕਿਸ਼ੋਰ ਕੁਮਾਰ ਜੀ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਕਾਪੀ ਕਰਦੇ ਹਨ।

ਸਵਾਲ– ਇਸ ਫ਼ਿਲਮ ਤੋਂ ਲੋਕਾਂ ਨੂੰ ਕੀ ਸਿੱਖਿਆ ਮਿਲੇਗੀ?
ਜਵਾਬ–
ਫ਼ਿਲਮ ਭਾਵੇਂ ਹੀ ਖਾਣੇ ’ਤੇ ਆਧਾਰਿਤ ਹੈ ਪਰ ਇਹ ਖਾਣੇ ਦੇ ਜ਼ਰੀਏ ਕਈ ਸਾਰੇ ਮੁੱਦਿਆਂ ਨੂੰ ਉਜਾਗਰ ਕਰਦੀ ਹੈ। ਕਹਾਣੀ ’ਚ ਹਾਊਸ ਵਾਈਫ ਦੇ ਟੀਚੇ, ਰਿਸ਼ਤਿਆਂ, ਪਤੀ ਦੇ ਸਹਿਯੋਗ ਨੂੰ ਵਿਖਾਇਆ ਗਿਆ ਹੈ।

ਸਵਾਲ– ਤਰਲਾ ਦਲਾਲ ਦੀ ਕਹਾਣੀ ’ਤੇ ਆਧਾਰਿਤ ਇਸ ਫ਼ਿਲਮ ਤੋਂ ਤੁਹਾਨੂੰ ਕੀ ਉਮੀਦਾਂ ਹਨ?
ਜਵਾਬ–
ਅਸੀਂ ਐਕਟਰਜ਼ ਹਮੇਸ਼ਾ ਤੋਂ ਇਹੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣੇ ਹਰ ਕੰਮ ਨੂੰ ਜੀਅ-ਜਾਨ ਨਾਲ ਕਰੀਏ। ਇਸ ਫ਼ਿਲਮ ਨਾਲ ਵੀ ਅਸੀਂ ਇਹੀ ਕੀਤਾ ਹੈ। ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਦਰਸ਼ਕ ਇਸ ਫ਼ਿਲਮ ਨੂੰ ਵੇਖਣ।

ਸ਼ਾਰਿਬ ਹਾਸ਼ਮੀ

ਸਵਾਲ– ਹੁਮਾ ਨਾਲ ਕੰਮ ਕਰਨ ਦਾ ਤਜਰਬਾ ਕਿਵੇਂ ਦਾ ਰਿਹਾ?
ਜਵਾਬ–
ਇਸ ਫ਼ਿਲਮ ’ਚ ਮੈਨੂੰ ਹੁਮਾ ਨਾਲ ਪਹਿਲੀ ਵਾਰ ਕੰਮ ਕਰਨ ਦਾ ਮੌਕਾ ਮਿਲਿਆ। ਇਹ ਇਕ ਚੰਗੇ ਕੋ-ਐਕਟਰ ਹਨ। ਮੇਰੇ ਸੀਨਜ਼ ਨੂੰ ਵੀ ਪ੍ਰਫੈਕਟ ਕਰਨ ਲਈ ਹੁਮਾ ਡਾਇਰੈਕਟਰ ਨੂੰ ਆਇਡੀਆਜ਼ ਦਿੰਦੇ ਰਹਿੰਦੇ ਸਨ। ਇਹ ਕਦੇ ਅਜਿਹਾ ਨਹੀਂ ਸੋਚਦੇ ਕਿ ਹਰ ਸੀਨ ਮੈਨੂੰ ਹੀ ਮਿਲੇ ਜਾਂ ਮੈਂ ਹੀ ਕਰਾਂ। ਕਿਸੇ ਵੀ ਫ਼ਿਲਮ ਨੂੰ ਹੁਮਾ ਜੀਅ-ਜਾਨ ਨਾਲ ਕਰਦੇ ਹਨ।

ਸਵਾਲ– ਬਾਲੀਵੁੱਡ ’ਚ ਅਸੀਂ ਖੇਡਾਂ ’ਤੇ ਕਈ ਸਾਰੀਆਂ ਬਾਇਓਪਿਕ ਵੇਖੀਆਂ ਪਰ ‘ਤਰਲਾ’ ’ਚ ਇਕ ਕੁੱਕ ਦੀ ਕਹਾਣੀ ਨੂੰ ਵਿਖਾਇਆ ਗਿਆ ਹੈ। ਕਿਵੇਂ ਰਿਹਾ ਤਜਰਬਾ?
ਜਵਾਬ–
ਮੈਂ ਬਹੁਤ ਖ਼ੁਸ਼ ਹਾਂ ਕਿ ਮੈਂ ਇਸ ਪ੍ਰਾਜੈਕਟ ਦਾ ਹਿੱਸਾ ਹਾਂ ਕਿਉਂਕਿ ਹੁਣ ਤਕ ਬਾਲੀਵੁੱਡ ’ਚ ਕੋਈ ਵੀ ਫ਼ਿਲਮ ਖਾਣੇ ’ਤੇ ਨਹੀਂ ਬਣੀ ਹੈ। ਹੁਣ ਮੈਨੂੰ ਲੱਗਦਾ ਹੈ ਕਿ ਕਿਸੇ ਨੇ ਕਿਉਂ ਹੁਣ ਤਕ ਇੰਨੀ ਮਹਾਨ ਹਸਤੀ ’ਤੇ ਫ਼ਿਲਮ ਨਹੀਂ ਬਣਾਈ।

ਸਵਾਲ– ਫ਼ਿਲਮ ਦੀ ਸ਼ੂਟਿੰਗ ਦੌਰਾਨ ਤੁਸੀਂ ਕੀ-ਕੀ ਨਵੀਂਆਂ ਚੀਜ਼ਾਂ ਬਣਾਉਣੀਆਂ ਸਿੱਖੀਆਂ?
ਜਵਾਬ–
ਮੈਂ ਸ਼ੂਟਿੰਗ ਦੌਰਾਨ ਬਟਾਟਾ ਮੁਸੱਲਮ, ਗੋਭੀ 65, ਰਗੜਾ ਪੈੱਟੀਜ਼ ਵਰਗੀਆਂ ਕਈ ਚੰਗੀਆਂ ਡਿਸ਼ਿਜ਼ ਬਣਾਉਣੀਆਂ ਸਿੱਖੀਆਂ। ਇਹ ਸਭ ਤੁਸੀਂ ਫ਼ਿਲਮ ਵੇਖ ਕੇ ਸਮਝ ਜਾਓਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News