ਮਹਾਕੁੰਭ ਵਾਲੀ ਹਰਸ਼ਾ ਨੇ ਛੱਡਿਆ ਧਰਮ ਦਾ ਰਸਤਾ: ਬੋਲੀ- ''ਮੈਂ ਸੀਤਾ ਨਹੀਂ, ਜੋ ਹਰ ਵਾਰ...''

Tuesday, Jan 13, 2026 - 03:24 PM (IST)

ਮਹਾਕੁੰਭ ਵਾਲੀ ਹਰਸ਼ਾ ਨੇ ਛੱਡਿਆ ਧਰਮ ਦਾ ਰਸਤਾ: ਬੋਲੀ- ''ਮੈਂ ਸੀਤਾ ਨਹੀਂ, ਜੋ ਹਰ ਵਾਰ...''

ਐਂਟਰਟੇਨਮੈਂਟ ਡੈਸਕ- ਸਾਲ 2025 ਦੇ ਮਹਾਕੁੰਭ ਦੌਰਾਨ ਸੁਰਖੀਆਂ ਵਿੱਚ ਆਈ ਹਰਸ਼ਾ ਰਿਛਾਰੀਆ ਨੇ ਅਧਿਆਤਮਿਕਤਾ ਅਤੇ ਧਰਮ ਦਾ ਮਾਰਗ ਤਿਆਗਣ ਦਾ ਵੱਡਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਜਾਰੀ ਕੀਤੀ ਇੱਕ ਭਾਵੁਕ ਵੀਡੀਓ ਵਿੱਚ ਹਰਸ਼ਾ ਨੇ ਦੱਸਿਆ ਕਿ ਬੀਤੇ ਇੱਕ ਸਾਲ ਤੋਂ ਉਸ ਨੂੰ ਲਗਾਤਾਰ ਵਿਰੋਧ, ਚਰਿੱਤਰ ਹਨਨ ਅਤੇ ਮਾਨਸਿਕ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਾਰਨ ਉਸ ਨੇ ਹੁਣ ਆਪਣੇ ਪੁਰਾਣੇ ਕਿੱਤੇ (ਪ੍ਰੋਫੈਸ਼ਨ) ਵਿੱਚ ਵਾਪਸ ਜਾਣ ਦਾ ਫੈਸਲਾ ਲਿਆ ਹੈ।
ਸਮਾਜ 'ਤੇ ਕੱਸਿਆ ਤੰਜ਼: 'ਮੈਂ ਸੀਤਾ ਨਹੀਂ ਹਾਂ'
ਸਰੋਤਾਂ ਅਨੁਸਾਰ, ਹਰਸ਼ਾ ਨੇ ਸਮਾਜਿਕ ਰਵੱਈਏ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਿਸੇ ਔਰਤ ਦੇ ਚਰਿੱਤਰ 'ਤੇ ਸਵਾਲ ਉਠਾਉਣਾ ਬਹੁਤ ਆਸਾਨ ਹੈ। ਉਸ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ, "ਮੈਂ ਸੀਤਾ ਨਹੀਂ ਹਾਂ ਕਿ ਹਰ ਵਾਰ ਅਗਨੀ ਪ੍ਰੀਖਿਆ ਦੇਵਾਂ"। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ 'ਤੇ ਧਰਮ ਨੂੰ ਧੰਦਾ ਬਣਾ ਕੇ ਕਰੋੜਾਂ ਰੁਪਏ ਕਮਾਉਣ ਦੇ ਲੱਗੇ ਇਲਜ਼ਾਮ ਬਿਲਕੁਲ ਗਲਤ ਹਨ ਅਤੇ ਅਸਲੀਅਤ ਇਹ ਹੈ ਕਿ ਅੱਜ ਉਹ ਖੁਦ ਕਰਜ਼ੇ ਵਿੱਚ ਡੁੱਬੀ ਹੋਈ ਹੈ।
ਮਾਡਲਿੰਗ ਅਤੇ ਐਂਕਰਿੰਗ ਵਿੱਚ ਸੀ ਸਫਲ ਕਰੀਅਰ
ਧਰਮ ਦੇ ਰਾਹ 'ਤੇ ਆਉਣ ਤੋਂ ਪਹਿਲਾਂ ਹਰਸ਼ਾ ਐਂਕਰਿੰਗ ਅਤੇ ਮਾਡਲਿੰਗ ਦੇ ਖੇਤਰ ਵਿੱਚ ਇੱਕ ਸਫਲ ਕਰੀਅਰ ਬਣਾ ਚੁੱਕੀ ਸੀ ਅਤੇ ਦੇਸ਼-ਵਿਦੇਸ਼ ਵਿੱਚ ਕੰਮ ਕਰਕੇ ਆਰਥਿਕ ਤੌਰ 'ਤੇ ਆਤਮ-ਨਿਰਭਰ ਸੀ। ਉਹ ਪ੍ਰਯਾਗਰਾਜ ਮਹਾਕੁੰਭ ਵਿੱਚ ਨਿਰੰਜਨੀ ਅਖਾੜੇ ਦੀ ਪੇਸ਼ਵਾਈ ਦੌਰਾਨ ਇੱਕ ਸਾਧਵੀ ਵਜੋਂ ਨਜ਼ਰ ਆਉਣ ਤੋਂ ਬਾਅਦ ਸੁਰਖੀਆਂ ਵਿੱਚ ਆਈ ਸੀ। ਹਾਲਾਂਕਿ, ਸੰਤ ਸਮਾਜ ਦੇ ਇੱਕ ਵਰਗ ਵੱਲੋਂ ਉਸ ਦੇ ਇਸ ਰੂਪ ਦਾ ਵਿਰੋਧ ਕੀਤਾ ਗਿਆ ਸੀ, ਜਿਸ ਕਾਰਨ ਉਸ ਨੂੰ ਮਹਾਕੁੰਭ ਅੱਧ ਵਿਚਾਲੇ ਹੀ ਛੱਡਣਾ ਪਿਆ ਸੀ।
ਮੌਨੀ ਅਮਾਵਸਿਆ ਦੇ ਇਸ਼ਨਾਨ ਤੋਂ ਬਾਅਦ ਲਵੇਗੀ ਅੰਤਿਮ ਵਿਦਾਈ
ਹਰਸ਼ਾ ਰਿਛਾਰੀਆ ਇਸ ਸਮੇਂ ਆਪਣੇ ਭਰਾ ਦੀਪਕ ਨਾਲ ਪ੍ਰਯਾਗਰਾਜ ਮਾਘ ਮੇਲੇ ਵਿੱਚ ਹੈ। ਉਸ ਨੇ ਵੀਡੀਓ ਵਿੱਚ ਸਪੱਸ਼ਟ ਕੀਤਾ ਕਿ ਮੌਨੀ ਅਮਾਵਸਿਆ ਦੇ ਇਸ਼ਨਾਨ ਤੋਂ ਬਾਅਦ ਉਹ ਧਰਮ ਦੇ ਮਾਰਗ 'ਤੇ ਚੱਲਣ ਦਾ ਆਪਣਾ ਸੰਕਲਪ ਰਸਮੀ ਤੌਰ 'ਤੇ ਖ਼ਤਮ ਕਰ ਦੇਵੇਗੀ। ਉਸ ਨੇ ਹੋਰਨਾਂ ਮੁਟਿਆਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸੇ ਦੇ ਪਿੱਛੇ ਅੰਨ੍ਹੇ ਹੋ ਕੇ ਚੱਲਣ ਦੀ ਬਜਾਏ ਆਪਣੇ ਪਰਿਵਾਰ ਨਾਲ ਰਹਿਣ ਅਤੇ ਘਰ ਦੇ ਮੰਦਰ ਵਿੱਚ ਹੀ ਪੂਜਾ ਕਰਨ। ਇਸ ਵੇਲੇ ਹਰਸ਼ਾ ਦਾ ਇਹ ਫੈਸਲਾ ਅਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਇੱਕ ਨਵੀਂ ਚਰਚਾ ਨੂੰ ਜਨਮ ਦੇ ਰਹੀ ਹੈ।


author

Aarti dhillon

Content Editor

Related News