...ਤਾਂ ਇੰਝ ਫਰਸ਼ ਤੋਂ ਅਰਸ਼ ਤੱਕ ਪਹੁੰਚੇ ਹੈਪੀ ਰਾਏਕੋਟੀ, ਜਾਣੋ ਜ਼ਿੰਦਗੀ ਦੇ ਖ਼ਾਸ ਪਹਿਲੂ
Wednesday, May 12, 2021 - 02:43 PM (IST)
ਚੰਡੀਗੜ੍ਹ (ਬਿਊਰੋ) - ਪੰਜਾਬੀ ਮਿਊਜ਼ਿਕ 'ਚ ਮਸ਼ਹੂਰ ਤੇ ਮਸ਼ਰੂਫ ਹੋਣ ਲਈ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਅਜਿਹੇ 'ਚ ਜੇਕਰ ਤੁਹਾਡੀ ਮਿਹਨਤ ਸੰਗੀਤ ਜਗਤ ਨੂੰ ਰਾਸ ਆ ਜਾਵੇ ਤਾਂ ਸਮਝੋ ਤੁਹਾਡੀ ਤਰੱਕੀ ਦੇ ਨਵੇਂ ਰਾਹ ਖੁੱਲ੍ਹ ਗਏ। ਅਜਿਹਾ ਇਕ ਗੀਤਕਾਰ ਹੈ, ਜੋ ਆਪਣੀ ਮਿਹਨਤ ਦੇ ਸਦਕਾ ਗੀਤਕਾਰ ਤੋਂ ਗਾਇਕ ਤੇ ਫਿਰ ਅਦਾਕਾਰ ਬਣੇ। ਅਸੀਂ ਗੱਲ ਕਰ ਰਹੇ ਹਾਂ ਹੈਪੀ ਰਾਏਕੋਟੀ ਦੀ। ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇਣ ਵਾਲੇ ਹੈਪੀ ਰਾਏਕੋਟੀ ਦਾ ਅੱਜ ਜਨਮਦਿਨ ਹੈ। ਲੁਧਿਆਣਾ ਦੇ ਪਿੰਡ ਰਾਏਕੋਟ 'ਚ ਜੰਮੇ ਹੈਪੀ ਰਾਏਕੋਟੀ ਗੀਤਕਾਰ ਤੇ ਗਾਇਕ ਵੱਜੋਂ ਮਸ਼ਹੂਰ ਹੋਏ ਹਨ, ਜਿਨ੍ਹਾਂ ਦੇ ਚਰਚੇ ਅੱਜ ਹਰ ਥਾਂ 'ਤੇ ਹੁੰਦੇ ਹਨ।
ਸੰਗੀਤ ਜਗਤ 'ਚ ਐਂਟਰੀ
ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਗਾਇਕ ਬਣਨ ਦਾ ਸੁਫ਼ਨਾ ਲੈ ਕੇ ਆਏ ਹੈਪੀ ਰਾਏਕੋਟੀ ਦੀ ਸ਼ੁਰੂਆਤ ਬਤੌਰ ਗੀਤਕਾਰ ਵੱਜੋਂ ਹੋਈ। ਰੋਸ਼ਨ ਪ੍ਰਿੰਸ ਵਲੋਂ ਗਾਇਆ ਗੀਤ 'ਵਹਿਮ' ਹੈਪੀ ਰਾਏਕੋਟੀ ਦਾ ਪਹਿਲਾ ਲਿਖਿਆ ਗੀਤ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਚਮਕੀ ਅਤੇ ਉਨ੍ਹਾਂ ਨੇ ਆਪਣਾ ਪਹਿਲਾ ਗੀਤ 'ਜਾਨ' ਕੱਢਿਆ। ਉਨ੍ਹਾਂ ਨੇ ਇਸ ਗੀਤ ਨੂੰ ਖੁਦ ਆਪਣੇ ਬੋਲਾ ਨਾਲ ਸ਼ਿੰਗਾਇਆ ਤੇ ਮਿੱਠੜੀ ਆਵਾਜ਼ 'ਚ ਗਾਇਆ। ਸਰੋਤਿਆਂ ਵਲੋਂ ਉਨ੍ਹਾਂ ਦਾ ਇਹ ਗੀਤ ਕਾਫੀ ਪਸੰਦ ਕੀਤਾ ਗਿਆ, ਜਿਸ ਤੋਂ ਬਾਅਦ ਹੈਪੀ ਰਾਏਕੋਟੀ ਦੀ ਮਿਊਜ਼ਿਕ ਇੰਡਸਟਰੀ 'ਚ ਕਿਸਮਤ ਖੁੱਲ੍ਹਣੀ ਸ਼ੁਰੂ ਹੋ ਗਈ।
'7 ਕਨਾਲਾਂ' ਐਲਬਮ ਨਾਲ ਖੁੱਲ੍ਹੀ ਕਿਸਮਤ
ਜੇਕਰ ਹੈਪੀ ਰਾਏਕੋਟੀ ਦੇ ਗੀਤਕਾਰੀ ਸਫ਼ਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਕਈ ਹਿੱਟ ਗਾਇਕ ਜਿਵੇਂ ਗਿੱਪੀ ਗਰੇਵਾਲ, ਜੱਸੀ ਗਿੱਲ, ਅਮਰਿੰਦਰ ਗਿੱਲ, ਰੋਸ਼ਨ ਪ੍ਰਿੰਸ ਵਰਗੇ ਕਈ ਗਾਇਕਾਂ ਨੇ ਉਨ੍ਹਾਂ ਦੇ ਲਿਖੇ ਗੀਤ ਗਾਏ ਹਨ। ਹੈਪੀ ਰਾਏਕੋਟੀ ਦੀ ਪਹਿਲੀ ਐਲਬਮ '7 ਕਨਾਲਾਂ' ਸੀ, ਜਿਸ ਨੂੰ ਲੋਕਾਂ ਵਲੋਂ ਖੂਬ ਪਿਆਰ ਮਿਲਿਆ।
ਇਨ੍ਹਾਂ ਚੀਜ਼ਾਂ ਦਾ ਰੱਖਦੈ ਸ਼ੌਕ
ਦੱਸ ਦਈਏ ਕਿ ਹੈਪੀ ਰਾਏਕੋਟੀ ਨੂੰ ਟੋਪੀਆਂ ਪਾਉਣ ਦਾ ਕਾਫ਼ੀ ਸ਼ੌਕ ਹੈ। ਇਸ ਗੱਲ ਦਾ ਗਵਾਹ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਵੀ ਹੈ, ਜਿਸ 'ਤੇ ਉਹ ਆਏ ਦਿਨ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹੈਪੀ ਰਾਏਕੋਟੀ ਦੀ ਇਕ ਖ਼ਾਸ ਗੱਲ ਇਹ ਵੀ ਹੈ ਕਿ ਚੰਡੀਗੜ੍ਹ 'ਚ ਆਪਣਾ ਫਲੈਟ ਹੋਣ ਦੇ ਬਾਵਜੂਦ ਵੀ ਆਪਣੇ ਪਿੰਡ ਰਾਏਕੋਟ 'ਚ ਰਹਿਣ ਨੂੰ ਪਹਿਲ ਦਿੰਦੇ ਹਨ।
ਇਨ੍ਹਾਂ ਫ਼ਿਲਮਾਂ ਲਈ ਲਿਖ ਚੁੱਕੇ ਹਨ ਗੀਤ
ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਫ਼ਿਲਮਾਂ 'ਚ ਵੀ ਗਾਏ ਗਏ। ਹਿੱਟ ਫ਼ਿਲਮ 'ਜੱਟ ਜੇਮਸ਼ ਬਾਂਡ' ਦਾ ਗੀਤ 'ਚਾਂਦੀ ਦੀ ਡੱਬੀ' ਹੈਪੀ ਦਾ ਲਿਖਿਆ ਪਹਿਲਾ ਫ਼ਿਲਮੀ ਗੀਤ ਸੀ, ਜੋ ਇਸ ਫ਼ਿਲਮ 'ਚ ਗਿੱਪੀ ਗਰੇਵਾਲ ਤੇ ਸੁਨਿਧੀ ਚੌਹਾਨ ਦੀ ਆਵਾਜ਼ 'ਚ ਰਿਕਾਰਡ ਹੋਇਆ। ਇਸ ਤੋਂ ਬਾਅਦ ਹੈਪੀ ਰਾਏਕੋਟੀ ਨੇ 'ਅੰਗਰੇਜ਼', 'ਦਿਲਦਾਰੀਆ', 'ਅੰਬਰਸਰੀਆ', 'ਲਵ ਪੰਜਾਬ', 'ਅਰਦਾਸ', 'ਦੁੱਲਾ ਭੱਟੀ', 'ਮੈਂ ਤੇਰੀ ਤੂੰ ਮੇਰਾ', 'ਟਾਈਗਰ', 'ਲੌਕ', 'ਦਾਰਾ', 'ਨਿੱਕਾ ਜ਼ੈਲਦਾਰ', 'ਸਰਵਨ', 'ਮੰਜੇ ਬਿਸਤਰੇ', 'ਗੋਲਕ ਬੁਗਨੀ ਬੈਂਕ ਤੇ ਬਟੂਆ' ਵਰਗੀਆਂ ਫਿਲਮਾਂ ਲਈ ਹੈਪੀ ਰਾਏਕੋਟੀ ਨੇ ਗੀਤ ਲਿਖੇ।
ਅਦਾਕਾਰੀ ਦੇ ਦਿਖਾ ਚੁੱਕੇ ਨੇ ਜੌਹਰ
ਹੈਪੀ ਰਾਏਕੋਟੀ ਨੇ ਕਈ ਪੰਜਾਬੀ ਸਿੰਗਲ ਟਰੈਕ ਵੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਮਕਬੂਲੀਅਤ ਹਾਸਲ ਕਰਨ ਤੋਂ ਬਾਅਦ ਹੈਪੀ ਰਾਏਕੋਟੀ ਨੇ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ। 'ਟੇਸ਼ਣ', 'ਦਾਰਾ' ਤੇ 'ਮੋਟਰ ਮਿੱਤਰਾਂ ਦੀ' ਵੀ ਕੀਤੀਆਂ।