ਹੰਸਿਕਾ ਮੋਟਵਾਨੀ ਆਪਣੀ ਪੰਜਾਬੀ ਪਾਰੀ ਦੀ ਸ਼ੁਰੂਆਤ ਕਰਨ ਲਈ ਤਿਆਰ
Sunday, Feb 07, 2021 - 12:46 PM (IST)
ਚੰਡੀਗੜ੍ਹ (ਬਿਊਰੋ)– ਅਕਸਰ ਕਿਹਾ ਜਾਂਦਾ ਹੈ ਕਿ ਅਦਾਕਾਰ ਦੇ ਮੁਕਾਬਲੇ ਅਦਾਕਾਰਾ ਦੇ ਕਰੀਅਰ ਦਾ ਸਮਾਂ ਛੋਟਾ ਹੁੰਦਾ ਹੈ। ਹਾਲਾਂਕਿ, ਇਥੇ ਇਕ ਅਦਾਕਾਰਾ ਹੈ, ਜਿਸ ਨੇ ਨਾ ਸਿਰਫ ਇਕ ਟੀ. ਵੀ. ਸ਼ੋਅ ਤੇ ਰਿਤਿਕ ਰੌਸ਼ਨ ਸਟਾਰਰ ਫ਼ਿਲਮ ‘ਕੋਈ ਮਿਲ ਗਿਆ’ ਤੋਂ ਬਾਲ ਕਲਾਕਾਰ ਦੇ ਤੌਰ ’ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਸਗੋਂ ਹਿਮੇਸ਼ ਰੇਸ਼ਮੀਆ ਨਾਲ 16 ਸਾਲ ਦੀ ਉਮਰ ’ਚ ਮੁੱਖ ਭੂਮਿਕਾ ਵਜੋਂ ਡੈਬਿਊ ਕੀਤਾ। ਇਸ ਅਦਾਕਾਰਾ ਦਾ ਨਾਂ ਹੈ ਹੰਸਿਕਾ ਮੋਟਵਾਨੀ, ਜੋ ਬਹੁਤ ਸਾਰੇ ਕਥਨਾਂ ਨੂੰ ਗਲਤ ਸਾਬਿਤ ਕਰ ਰਹੀ ਹੈ।
ਆਪਣੀ ਸ਼ੁਰੂਆਤ ਤੋਂ ਬਾਅਦ ਉਹ ‘100’, ‘ਵਿਲੇਨ’, ‘ਬੋਗਨ’, ‘ਓਹ ਮਾਈ ਫਰੈਂਡ’ ਵਰਗੀਆਂ ਕਈ ਫ਼ਿਲਮਾਂ ’ਚ ਦਿਖਾਈ ਦਿੱਤੀ ਹੈ। ਬਾਲੀਵੁੱਡ, ਤੇਲਗੂ, ਕੰਨੜ ਤੇ ਤਾਮਿਲ ਇੰਡਸਟਰੀ ’ਚ ਆਪਣੇ ਆਪ ਨੂੰ ਇਕ ਮਸ਼ਹੂਰ ਕਲਾਕਾਰ ਵਜੋਂ ਸਥਾਪਿਤ ਕਰਨ ਤੋਂ ਬਾਅਦ ਉਹ ਆਪਣੇ ਬੈਕ ਟੂ ਬੈਕ ਤਿੰਨ ਪੰਜਾਬੀ ਗਾਣਿਆਂ ਨਾਲ ਪੰਜਾਬੀ ਇੰਡਸਟਰੀ ’ਚ ਡੈਬਿਊ ਕਰਨ ਲਈ ਤਿਆਰ ਹੈ। ਇਨ੍ਹਾਂ ’ਚੋਂ ਦੋ ਨੂੰ ਪਹਿਲਾਂ ਹੀ ਪੰਜਾਬ ਤੇ ਮੁੰਬਈ ਦੀਆਂ ਵੱਖ-ਵੱਖ ਥਾਵਾਂ ’ਤੇ ਸ਼ੂਟ ਕੀਤਾ ਜਾ ਚੁੱਕਾ ਹੈ।
ਇਨ੍ਹਾਂ ’ਚੋਂ ਪਹਿਲਾ ਗਾਣਾ ਹੰਸਿਕਾ ਨੇ ਟੋਨੀ ਕੱਕੜ ਨਾਲ ਸ਼ੂਟ ਕੀਤਾ ਹੈ, ਜੋ ਸੱਤੀ ਢਿੱਲੋਂ ਦੁਆਰਾ ਨਿਰਦੇਸ਼ਿਤ ਹੈ ਤੇ ਦੇਸੀ ਮਿਊਜ਼ਿਕ ਫੈਕਟਰੀ ਦੇ ਯੂਟਿਊਬ ਚੈਨਲ ’ਤੇ 8 ਫਰਵਰੀ, 2021 ਨੂੰ ਰਿਲੀਜ਼ ਕੀਤਾ ਜਾਵੇਗਾ। ਦੂਜਾ ਗਾਣਾ ਬੀ ਪਰਾਕ ਨਾਲ ਹੈ। ਗਾਣੇ ਦੇ ਬੋਲ ਜਾਨੀ ਨੇ ਲਿਖੇ ਹਨ ਤੇ ਅਰਵਿੰਦਰ ਖਹਿਰਾ ਨੇ ਇਸ ਦਾ ਨਿਰਦੇਸ਼ਨ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਉਹ ‘ਰੋਨਾ ਸਿਖਾਦੇ’ ਫੇਮ ਸਿੰਗਰ ਮਾਇਲ ਨਾਲ ਇਕ ਗਾਣੇ ਦੀ ਸ਼ੂਟਿੰਗ ਕਰਨ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਅਰਵਿੰਦਰ ਖਹਿਰਾ ਕਰਨਗੇ।
ਇਸ ਤੋਂ ਇਲਾਵਾ ਹੰਸਿਕਾ ਮੋਟਵਾਨੀ ਨੇ 31 ਲੜਕੀਆਂ ਨੂੰ ਗੋਦ ਵੀ ਲਿਆ ਹੈ। ਆਪਣੀ ਨਵੀਂ ਪਾਰੀ ਬਾਰੇ ਗੱਲ ਕਰਦਿਆਂ ਹੰਸਿਕਾ ਮੋਟਵਾਨੀ ਨੇ ਕਿਹਾ, ‘ਫਿਲਹਾਲ, ਪੰਜਾਬੀ ਮਿਊਜ਼ਿਕ ਇੰਡਸਟਰੀ ਹੁਣ ਖੇਤਰੀ ਉਦਯੋਗ ਨਹੀਂ ਹੈ। ਪੂਰੀ ਦੁਨੀਆ ਦੇ ਲੋਕ ਭਾਸ਼ਾ ਨੂੰ ਪੂਰੀ ਤਰ੍ਹਾਂ ਨਾ ਜਾਣਨ ਦੇ ਬਾਵਜੂਦ ਇਹ ਗਾਣੇ ਸੁਣ ਰਹੇ ਹਨ। ਮੈਨੂੰ ਕਾਫ਼ੀ ਸਮੇਂ ਤੋਂ ਬਹੁਤ ਸਾਰੀਆਂ ਪੇਸ਼ਕਸ਼ਾਂ ਮਿਲ ਰਹੀਆਂ ਸਨ ਪਰ ਜਦੋਂ ਮੈਂ ਇਹ ਸਾਰੇ ਗਾਣੇ ਸੁਣੇ ਸਨ, ਮੈਨੂੰ ਪਤਾ ਸੀ ਕਿ ਇਹੀ ਸਹੀ ਸਮਾਂ ਹੈ। ਮੈਂ ਇਸ ਮਾਰਕੀਟ ਨੂੰ ਵਧੇਰੇ ਵੇਖਣ ਲਈ ਸੱਚਮੁੱਚ ਉਤਸ਼ਾਹਿਤ ਹਾਂ। ਮੈਨੂੰ ਉਮੀਦ ਹੈ ਕਿ ਲੋਕ ਇਸ ਅੰਦਾਜ਼ ਨੂੰ ਵੀ ਉਸੇ ਤਰ੍ਹਾਂ ਪਸੰਦ ਕਰਨਗੇ, ਜਿਵੇਂ ਉਨ੍ਹਾਂ ਨੇ ਪੁਰਾਣੇ ਪ੍ਰਾਜੈਕਟਾਂ ਨੂੰ ਦਿੱਤਾ ਹੈ।’
ਨੋਟ– ਹੰਸਿਕਾ ਮੋਟਵਾਨੀ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਐਂਟਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।