ਪ੍ਰਣਿਤ ਮੋਰੇ ਦੇ ਸ਼ੋਅ ''ਚ ₹370 ਦੀ ਬਿਰਯਾਨੀ ਵਾਲੀ ਟਿੱਪਣੀ ਪਈ ਮਹਿੰਗੀ: ਨੌਜਵਾਨ ਨੂੰ ਕੰਪਨੀ ਨੇ ਨੌਕਰੀ ਤੋਂ ਕੱਢਿਆ
Wednesday, Jun 10, 2026 - 05:19 PM (IST)
ਗੁਰੂਗ੍ਰਾਮ (ਏਜੰਸੀ)- ਇੱਕ ਨਿੱਜੀ ਕੰਪਨੀ ਨੇ ਆਪਣੇ ਕਰਮਚਾਰੀ ਹਿਮਾਂਸ਼ੂ ਜਾਂਗੜਾਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਸ ਕਰਮਚਾਰੀ ਨੇ ਹਾਲ ਹੀ ਵਿੱਚ ਸਟੈਂਡ-ਅੱਪ ਕਾਮੇਡੀਅਨ ਪ੍ਰਣਿਤ ਮੋਰੇ ਦੇ ਸ਼ੋਅ ਦੌਰਾਨ "370 ਰੁਪਏ ਦੀ ਬਿਰਯਾਨੀ" ਵਾਲੀ ਵਿਵਾਦਪੂਰਨ ਟਿੱਪਣੀ ਕੀਤੀ ਸੀ, ਜਿਸ ਮਗਰੋਂ ਇਸ ਘਟਨਾ 'ਤੇ ਸੋਸ਼ਲ ਮੀਡੀਆ 'ਤੇ ਵਿਆਪਕ ਰੋਸ ਸੀ। ਗੁਰੂਗ੍ਰਾਮ ਸਥਿਤ ਕੰਪਨੀ 'ਸਟਾਰਵਿਕ ਡਿਜ਼ਾਈਨ' ਨੇ ਇਹ ਕਾਰਵਾਈ ਸੋਸ਼ਲ ਮੀਡੀਆ 'ਤੇ ਹੋਏ ਭਾਰੀ ਵਿਰੋਧ ਤੋਂ ਬਾਅਦ ਕੀਤੀ ਹੈ।
ਕੰਪਨੀ ਦੇ ਸੰਸਥਾਪਕ ਵਿਵੇਕ ਵਿਸ਼ਵਕਰਮਾ ਨੇ ਐਕਸ 'ਤੇ ਪੋਸਟ ਕੀਤੀ ਇੱਕ ਵੀਡੀਓ ਵਿੱਚ ਇਸਦੀ ਪੁਸ਼ਟੀ ਕੀਤੀ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸ਼ੋਅ ਦੌਰਾਨ ਵੈੱਬ ਡਿਵੈਲਪਰ ਹਿਮਾਂਸ਼ੂ ਜਾਂਗੜਾ ਨੇ ਇਕ 'ਡੇਟ' ਦਾ ਜ਼ਿਕਰ ਕੀਤਾ, ਜਿਸ ਵਿੱਚ ਹਿਮਾਂਸ਼ੂ ਨੇ ਦੱਸਿਆ ਕਿ ਉਸ ਨੇ ਇੱਕ ਮਹਿਲਾ ਨਾਲ ਡੇਟ 'ਤੇ ਚਿਕਨ ਬਿਰਯਾਨੀ ਦੀ ਇੱਕ ਪਲੇਟ 'ਤੇ 370 ਰੁਪਏ ਖਰਚ ਕੀਤੇ ਸਨ। ਜਾਂਗੜਾ ਨੇ ਦਾਅਵਾ ਕੀਤਾ ਕਿ ਜਦੋਂ ਮਹਿਲਾ ਨੇ ਉਸਨੂੰ ਘਰ ਛੱਡਣ ਲਈ ਕਿਹਾ, ਤਾਂ ਉਸਨੇ ਬਿਰਯਾਨੀ 'ਤੇ ਖਰਚ ਕੀਤੇ ਗਏ ਪੈਸਿਆਂ ਬਦਲੇ ਜਿਨਸੀ ਸਬੰਧਾਂ ਦੀ ਮੰਗ ਕੀਤੀ। ਮੋਰੇ ਨੂੰ ਜਾਂਗੜਾ ਦੀ ਇਸ ਟਿੱਪਣੀ 'ਤੇ ਹੱਸਦੇ ਹੋਏ ਦੇਖਿਆ ਗਿਆ। ਬਾਅਦ ਵਿੱਚ, ਸੋਸ਼ਲ ਮੀਡੀਆ 'ਤੇ ਆਲੋਚਨਾ ਹੋਣ ਤੋਂ ਬਾਅਦ ਮੋਰੇ ਅਤੇ ਜਾਂਗੜਾ ਦੋਵਾਂ ਨੇ ਇਸ ਘਟਨਾ ਲਈ ਮੁਆਫੀ ਮੰਗੀ। ਜਾਂਗੜਾਂ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ ਵੀ ਡੀਐਕਟੀਵੇਟ ਕਰ ਦਿੱਤਾ।
ਵਿਸ਼ਵਕਰਮਾ ਨੇ ਪੋਸਟ ਵਿੱਚ ਕਿਹਾ, "ਅਸੀਂ ਹਿਮਾਂਸ਼ੂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਹਾਲਾਂਕਿ ਗਲਤੀਆਂ ਦੇ ਨਤੀਜੇ ਨਿਕਲਦੇ ਹਨ, ਪਰ ਸਾਨੂੰ ਉਮੀਦ ਹੈ ਕਿ ਇਹ ਘਟਨਾ ਆਤਮ-ਚਿੰਤਨ ਅਤੇ ਸਕਾਰਾਤਮਕ ਤਬਦੀਲੀ ਦਾ ਮੌਕਾ ਬਣੇਗੀ। ਸਥਿਤੀ ਦੀ ਧਿਆਨ ਨਾਲ ਸਮੀਖਿਆ ਕਰਨ ਤੋਂ ਬਾਅਦ, ਅਸੀਂ ਫੈਸਲਾ ਲਿਆ ਹੈ। ਇਹ ਸਾਡਾ ਜਵਾਬ ਹੈ।" ਟਿੱਪਣੀ ਵਾਇਰਲ ਹੋਣ ਤੋਂ ਬਾਅਦ, ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਇਸਨੂੰ ਔਰਤਾਂ ਪ੍ਰਤੀ ਅਸੰਵੇਦਨਸ਼ੀਲ ਅਤੇ ਅਪਮਾਨਜਨਕ ਦੱਸਿਆ। ਕੁਝ ਲੋਕਾਂ ਨੇ ਮੋਰੇ ਵੱਲੋਂ ਟਿੱਪਣੀ 'ਤੇ ਇਤਰਾਜ਼ ਨਾ ਕਰਨ ਅਤੇ ਇਸ ਦੀ ਬਜਾਏ ਇਸ 'ਤੇ ਹੱਸਣ ਲਈ ਆਲੋਚਨਾ ਵੀ ਕੀਤੀ।
