ਭਾਣਜੇ ਕ੍ਰਿਸ਼ਨਾ ਨਾਲ ਮਤਭੇਦ ’ਤੇ ਗੋਵਿੰਦਾ ਨੇ ਤੋੜੀ ਚੁੱਪੀ, ਕਿਹਾ- ‘ਬਦਨਾਮ ਕਰਨ ਵਾਲੇ ਦਿੱਤੇ ਜਾ ਰਹੇ ਨੇ ਬਿਆਨ’

11/22/2020 7:24:47 PM

ਜਲੰਧਰ (ਬਿਊਰੋ)– ਬਾਲੀਵੁੱਡ ਸੁਪਰਸਟਾਰ ਗੋਵਿੰਦਾ ਹਾਲ ਹੀ ’ਚ ਕਪਿਲ ਸ਼ਰਮਾ ਦੇ ਸ਼ੋਅ ’ਚ ਪਹੁੰਚੇ ਸਨ ਪਰ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਉਨ੍ਹਾਂ ਸਾਹਮਣੇ ‘ਸਪਨਾ’ ਦੇ ਕਿਰਦਾਰ ਨਾਲ ਸਾਰਿਆਂ ਨੂੰ ਹਸਾਉਣ ਵਾਲੇ ਕ੍ਰਿਸ਼ਣਾ ਅਭਿਸ਼ੇਕ ਪੇਸ਼ਕਾਰੀ ਦੇਣ ਨਹੀਂ ਆਏ। ਉਦੋਂ ਤੋਂ ਹੀ ਦੋਵਾਂ ਦੇ ਰਿਸ਼ਤੇ ’ਚ ਮਤਭੇਦ ਨੂੰ ਲੈ ਕੇ ਖ਼ਬਰਾਂ ਸਾਹਮਣੇ ਆਉਣ ਲੱਗੀਆਂ ਹਨ। ਇਸ ਸਬੰਧੀ ਕ੍ਰਿਸ਼ਣਾ ਅਭਿਸ਼ੇਕ ਨੇ ਹਾਲ ਹੀ ’ਚ ਇੰਟਰਵਿਊ ਦਿੱਤਾ, ਜਿਸ ’ਚ ਉਸ ਨੇ ਕਿਹਾ ਸੀ ਕਿ ਸਾਡੇ ਵਿਚਾਲੇ ਕੁਝ ਮਤਭੇਦ ਹਨ ਤੇ ਮੈਂ ਨਹੀਂ ਚਾਹੁੰਦਾ ਕਿ ਮਤਭੇਦਾਂ ਦੀ ਵਜ੍ਹਾ ਕਾਰਨ ਸ਼ੋਅ ’ਤੇ ਅਸਰ ਪਵੇ। ਕਾਮੇਡੀ ਕਰਨ ਲਈ ਤੁਹਾਨੂੰ ਸਾਕਾਰਾਤਮਕ ਮਾਹੌਲ ’ਚ ਕੰਮ ਕਰਨਾ ਪੈਂਦਾ ਹੈ। ਰਿਸ਼ਤੇ ਚੰਗੇ ਹੁੰਦੇ ਹਨ ਤਾਂ ਹਾਸਾ ਆਉਂਦਾ ਹੈ। ਨਾਲ ਹੀ ਉਨ੍ਹਾਂ ਨੇ ਮਤਭੇਦ ਨੂੰ ਲੈ ਕੇ ਪਤਨੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਹੁਣ ਗੋਵਿੰਦਾ ਨੇ ਵੀ ਪੂਰੇ ਮਾਮਲੇ ’ਤੇ ਚੁੱਪੀ ਤੋੜੀ ਹੈ।

ਗੋਵਿੰਦਾ ਨੂੰ ਲੈ ਕੇ ਇਕ ਅਖਬਾਰ ’ਚ ਛਪੀ ਖ਼ਬਰ ਮੁਤਾਬਕ, ‘ਇਸ ਪੂਰੇ ਮਾਮਲੇ ਨੂੰ ਲੈ ਕੇ ਲੋਕਾਂ ਸਾਹਮਣੇ ਬੋਲਣਾ ਸਹੀ ਨਹੀਂ ਲੱਗ ਰਿਹਾ ਹੈ ਪਰ ਸੱਚ ਬਾਹਰ ਆਉਣਾ ਚਾਹੀਦਾ ਹੈ। ਮੈਂ ਰਿਪੋਰਟ ਪੜ੍ਹੀ ਹੈ ਕਿ ਮੇਰੇ ਭਾਣਜੇ ਕ੍ਰਿਸ਼ਣਾ ਅਭਿਸ਼ੇਕ ਨੇ ਉਸ ਟੀ. ਵੀ. ਸ਼ੋਅ ’ਚ ਪੇਸ਼ਕਾਰੀ ਨਹੀਂ ਕੀਤੀ ਕਿਉਂਕਿ ਮੈਂ ਉਥੇ ਮਹਿਮਾਨ ਸੀ। ਉਸ ਨੇ ਸਾਡੇ ਰਿਸ਼ਤੇ ’ਤੇ ਵੀ ਗੱਲ ਕੀਤੀ। ਉਸ ਦੇ ਬਿਆਨ ’ਚ ਕਈ ਨਾਂ ਖਰਾਬ ਕਰਨ ਵਾਲੇ ਤੇ ਬੇਕਾਰ ਦੇ ਕੁਮੈਂਟਸ ਸਨ।’ ਕ੍ਰਿਸ਼ਣਾ ਅਭਿਸ਼ੇਕ ਨੇ ਕਿਹਾ ਸੀ ਕਿ ਜਦੋਂ ਉਨ੍ਹਾਂ ਦੇ ਜੁੜਵਾ ਬੱਚੇ ਰਿਆਨ ਤੇ ਕ੍ਰਿਸ਼ਾਂਗ ਪੈਦਾ ਹੋਏ ਤਾਂ ਮੇਰੇ ਮਾਮਾ ਉਨ੍ਹਾਂ ਨੂੰ ਮਿਲਣ ਨਹੀਂ ਆਏ ਸਨ। ਗੋਵਿੰਦਾ ਨੇ ਉਨ੍ਹਾਂ ਦੀ ਇਸ ਗੱਲ ਦਾ ਵੀ ਜਵਾਬ ਦਿੱਤਾ ਹੈ।

ਗੋਵਿੰਦਾ ਨੇ ਇਸ ’ਤੇ ਕਿਹਾ, ‘ਮੈਂ ਆਪਣੇ ਪਰਿਵਾਰ ਨਾਲ ਬੱਚਿਆਂ ਨੂੰ ਦੇਖਣ ਲਈ ਹਸਪਤਾਲ ਗਿਆ ਸੀ। ਮੈਂ ਡਾਕਟਰਾਂ ਤੇ ਨਰਸਾਂ ਨੂੰ ਵੀ ਮਿਲਿਆ। ਨਰਸ ਨੇ ਮੈਨੂੰ ਦੱਸਿਆ ਕਿ ਕਸ਼ਮੀਰਾ ਨਹੀਂ ਚਾਹੁੰਦੀ ਕਿ ਪਰਿਵਾਰ ਦਾ ਕੋਈ ਮੈਂਬਰ ਉਸ ਨੂੰ ਮਿਲੇ। ਜਦੋਂ ਅਸੀਂ ਜ਼ਿੱਦ ਕੀਤੀ ਤਾਂ ਸਾਨੂੰ ਬੱਚਿਆਂ ਨੂੰ ਦੂਰੋਂ ਦੇਖਣ ਦੀ ਇਜਾਜ਼ਤ ਦਿੱਤੀ ਗਈ ਤੇ ਅਸੀਂ ਭਰੇ ਮਨ ਨਾਲ ਘਰ ਵਾਪਸ ਆਏ। ਸ਼ਾਇਦ ਕ੍ਰਿਸ਼ਣਾ ਨੂੰ ਇਹ ਗੱਲ ਪਤਾ ਵੀ ਨਹੀਂ ਹੋਵੇਗੀ। ਬਾਅਦ ’ਚ ਉਹ ਆਪਣੇ ਬੱਚਿਆਂ ਤੇ ਭੈਣ ਆਰਤੀ ਨਾਲ ਉਸ ਦੇ ਘਰ ਵੀ ਆ ਚੁੱਕੇ ਹਨ। ਲੱਗਦਾ ਹੈ ਉਹ ਇਹ ਦੱਸਣਾ ਭੁੱਲ ਗਏ।’

ਗੋਵਿੰਦਾ ਨੇ ਅੱਗੇ ਕਿਹਾ, ‘ਕ੍ਰਿਸ਼ਣਾ ਅਭਿਸ਼ੇਕ ਤੇ ਕਸ਼ਮੀਰਾ ਵਲੋਂ ਮੀਡੀਆ ’ਚ ਉਨ੍ਹਾਂ ਨੂੰ ਬਦਨਾਮ ਕਰਨ ਵਾਲੇ ਬਿਆਨ ਦਿੱਤੇ ਜਾ ਰਹੇ ਹਨ। ਮੈਨੂੰ ਨਹੀਂ ਪਤਾ ਉਨ੍ਹਾਂ ਨੂੰ ਇਹ ਸਭ ਕਰਕੇ ਕੀ ਮਿਲ ਰਿਹਾ ਹੈ। ਕ੍ਰਿਸ਼ਣਾ ਬਚਪਨ ਤੋਂ ਹੀ ਮੇਰੇ ਕਰੀਬ ਰਿਹਾ ਹੈ ਪਰ ਲੋਕਾਂ ’ਚ ਇਹ ਸਾਰੀਆਂ ਗੱਲਾਂ ਆਉਣ ਤੋਂ ਦੂਜਿਆਂ ਨੂੰ ਸਾਡੇ ਪਰਿਵਾਰ ਨੂੰ ਬਦਨਾਮ ਕਰਨ ਦਾ ਮੌਕਾ ਮਿਲ ਰਿਹਾ ਹੈ।


Rahul Singh

Content Editor Rahul Singh