ਰਾਖੀ ਸਾਵੰਤ ਦੀਆਂ ਵਧੀਆ ਮੁਸ਼ਕਿਲਾਂ, 16 ਸਾਲ ਪੁਰਾਣੇ ਮਾਮਲੇ ''ਚ ਗੈਰ-ਜ਼ਮਾਨਤੀ ਵਾਰੰਟ ਜਾਰੀ

Sunday, Oct 18, 2026 - 01:10 AM (IST)

ਰਾਖੀ ਸਾਵੰਤ ਦੀਆਂ ਵਧੀਆ ਮੁਸ਼ਕਿਲਾਂ, 16 ਸਾਲ ਪੁਰਾਣੇ ਮਾਮਲੇ ''ਚ ਗੈਰ-ਜ਼ਮਾਨਤੀ ਵਾਰੰਟ ਜਾਰੀ

ਝਾਂਸੀ : ਟੈਲੀਵਿਜ਼ਨ ਅਦਾਕਾਰਾ ਰਾਖੀ ਸਾਵੰਤ ਦੀਆਂ ਕਾਨੂੰਨੀ ਮੁਸ਼ਕਲਾਂ ਇੱਕ ਵਾਰ ਫਿਰ ਵੱਧ ਗਈਆਂ ਹਨ। ਉੱਤਰ ਪ੍ਰਦੇਸ਼ ਦੀ ਝਾਂਸੀ ਅਦਾਲਤ ਨੇ 16 ਸਾਲ ਪੁਰਾਣੇ ਇੱਕ ਮਾਮਲੇ ਵਿੱਚ ਅਦਾਲਤੀ ਕਾਰਵਾਈ ਦੌਰਾਨ ਲਗਾਤਾਰ ਗੈਰ-ਹਾਜ਼ਰ ਰਹਿਣ ਕਰਕੇ ਰਾਖੀ ਸਾਵੰਤ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ (NBW) ਜਾਰੀ ਕਰ ਦਿੱਤਾ ਹੈ। ਇਹ ਮਾਮਲਾ ਸਾਲ 2010 ਵਿੱਚ ਇੱਕ ਟੀਵੀ ਰਿਆਲਟੀ ਸ਼ੋਅ ਦੌਰਾਨ ਇੱਕ ਨੌਜਵਾਨ ਨੂੰ ਆਤਮਹੱਤਿਆ ਲਈ ਉਕਸਾਉਣ ਨਾਲ ਜੁੜਿਆ ਹੋਇਆ ਹੈ।

ਜਾਣਕਾਰੀ ਅਨੁਸਾਰ ਸਾਲ 2010 ਵਿੱਚ ਰਾਖੀ ਸਾਵੰਤ ਟੀਵੀ ਰਿਆਲਟੀ ਸ਼ੋਅ 'ਰਾਖੀ ਕਾ ਇਨਸਾਫ਼' ਦੀ ਹੋਸਟਿੰਗ ਕਰ ਰਹੀ ਸੀ। ਇਸ ਸ਼ੋਅ ਵਿੱਚ ਝਾਂਸੀ ਦੇ ਪ੍ਰੇਮਨਗਰ ਥਾਣਾ ਖੇਤਰ ਦੇ ਰਹਿਣ ਵਾਲੇ ਲਕਸ਼ਮਣ ਪ੍ਰਸਾਦ ਨਾਂ ਦੇ ਨੌਜਵਾਨ ਨੇ ਹਿੱਸਾ ਲਿਆ ਸੀ। ਦੋਸ਼ ਸੀ ਕਿ ਸ਼ੋਅ ਦੌਰਾਨ ਰਾਖੀ ਸਾਵੰਤ ਵੱਲੋਂ ਉਸ ਨੂੰ ਜਨਤਕ ਤੌਰ 'ਤੇ ਅਪਮਾਨਿਤ ਕੀਤਾ ਗਿਆ ਅਤੇ ਉਸ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ।

ਜਨਤਕ ਅਪਮਾਨ ਅਤੇ ਮਾਨਸਿਕ ਪ੍ਰੇਸ਼ਾਨੀ ਕਾਰਨ ਉਕਤ ਨੌਜਵਾਨ ਨੇ ਆਤਮਹੱਤਿਆ ਕਰ ਲਈ ਸੀ। ਇਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਝਾਂਸੀ ਦੇ ਪ੍ਰੇਮਨਗਰ ਥਾਣੇ ਵਿੱਚ ਰਾਖੀ ਸਾਵੰਤ ਅਤੇ ਸ਼ੋਅ ਦੇ ਨਿਰਮਾਤਾਵਾਂ ਖ਼ਿਲਾਫ਼ ਆਤਮਹੱਤਿਆ ਲਈ ਉਕਸਾਉਣ ਅਤੇ ਹੋਰ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਪੈਂਡਿੰਗ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ੀ 'ਤੇ ਲਗਾਤਾਰ ਹਾਜ਼ਰ ਨਾ ਹੋਣ ਕਾਰਨ ਝਾਂਸੀ ਅਦਾਲਤ ਨੇ ਰਾਖੀ ਸਾਵੰਤ ਖ਼ਿਲਾਫ਼ ਸਖ਼ਤ ਰੁੱਖ ਅਪਣਾਉਂਦੇ ਹੋਏ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਅਦਾਲਤ ਦੇ ਇਸ ਆਦੇਸ਼ ਤੋਂ ਬਾਅਦ ਪੁਲਸ ਵੱਲੋਂ ਰਾਖੀ ਸਾਵੰਤ ਦੀ ਗ੍ਰਿਫ਼ਤਾਰੀ ਦੀ ਸੰਭਾਵਨਾ ਵੱਧ ਗਈ ਹੈ। ਹਾਲਾਂਕਿ, ਕਾਨੂੰਨੀ ਮਾਹਰਾਂ ਅਨੁਸਾਰ ਰਾਖੀ ਸਾਵੰਤ ਕੋਲ ਰਾਹਤ ਲਈ ਉੱਚ ਅਦਾਲਤ ਜਾਣ ਦਾ ਵਿਕਲਪ ਮੌਜੂਦ ਹੈ।


author

Inder Prajapati

Content Editor

Related News