ਗਿੱਪੀ ਗਰੇਵਾਲ ਦਾ ਵੱਖਰਾ ਤੇ ਡ੍ਰੀਮ ਪ੍ਰਾਜੈਕਟ ‘ਵਾਰਨਿੰਗ 2’ ਸਾਲ ਦੀ ਪਹਿਲੀ ਐਕਸ਼ਨ ਫ਼ਿਲਮ
Thursday, Feb 01, 2024 - 11:59 AM (IST)
ਜਲੰਧਰ (ਲਖਨ ਪਾਲ)- ਆਉਂਦੀ 2 ਫਰਵਰੀ ਨੂੰ ਪੰਜਾਬੀ ਐਕਸ਼ਨ ਫਿਲਮ ‘ਵਾਰਨਿੰਗ 2’ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲਾਗ ਗਿੱਪੀ ਗਰੇਵਾਲ ਨੇ ਲਿਖੇ ਹਨ ਤੇ ਪ੍ਰੋਡਿਊਸਰ ਖੁਦ ਗਿੱਪੀ ਗਰੇਵਾਲ, ਵਿਕਰਮ ਮਹਿਰਾ, ਸਿਧਾਰਥ ਆਨੰਦ ਕੁਮਾਰ ਨੇ ਕੀਤਾ ਹੈ ਜਦਕਿ ਫਿਲਮ ਦੇ ਕੋ-ਪ੍ਰੋਡਿਊਸਰ ਭਾਨਾ ਐੱਲ. ਏ., ਵਿਨੋਦ ਅਸਵਾਲ ਤੇ ਸਾਹਿਲ ਸ਼ਰਮਾ ਹਨ ਅਤੇ ਡਾਇਰੈਕਟ ਅਮਰ ਹੁੰਦਲ ਨੇ ਕੀਤਾ ਹੈ।
ਫਿਲਮ ’ਚ ਗਿੱਪੀ ਗਰੇਵਾਲ, ਜੈਸਮੀਨ ਭਸੀਨ, ਪ੍ਰਿੰਸ ਕੰਵਲਜੀਤ ਸਿੰਘ, ਰਾਹੁਲ ਦੇਵ, ਰਘਬੀਰ ਬੋਲੀ, ਧੀਰਜ ਕੁਮਾਰ ਤੇ ਜੱਗੀ ਸਿੰਘ ਅਹਿਮ ਕਿਰਦਾਰ ’ਚ ਨਜ਼ਰ ਆਉਣਗੇ। ਓਮਜੀ ਗਰੁੱਪ ਦੇ ਮੁਨੀਸ਼ ਸਾਹਨੀ ਵੱਲੋਂ ਇਸ ਫਿਲਮ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ। ਫਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ’ਚ ਗਿੱਪੀ ਗਰੇਵਾਲ ਨੇ ਮੀਡੀਆ ਨਾਲ ਗੱਲਬਾਤ ਕੀਤੀ। ਪੇਸ਼ ਹਨ ਇਸ ਗੱਲਬਾਤ ਦੇ ਮੁੱਖ ਅੰਸ਼ :
ਮੈਂ ਦੋ ਖਾਸ ਸ਼ਖਸਾਂ ਲਈ ਬਣਾਇਆ ਸੀ ‘ਵਾਰਨਿੰਗ’ ਦਾ ਐਪੀਸੋਡ
ਗਿੱਪੀ ਗਰੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਾਰਨਿੰਗ ਦਾ ਪਹਿਲਾ ਐਪੀਸੋਡ 2 ਖਾਸ ਸ਼ਖਸਾਂ ਲਈ ਬਣਾਇਆ ਸੀ। ਇਕ ਤਾਂ ਅਮਰ ਹੁੰਦਲ ਜੋ ਬਿਹਾਈਂਡ ਦਿ ਸੀਨ ਰਹਿਕੇ ਹੰਬਲ ਮੋਸ਼ਨ ਪਿਕਚਰ ਦੀਆਂ ਨੀਹਾਂ ਮਜ਼ਬੂਤ ਕਰਨ ’ਚ ਲੱਗਾ ਹੋਇਆ ਸੀ। ਦੂਜਾ ਪ੍ਰਿੰਸ ਕੰਵਲਜੀਤ ਸਿੰਘ ਜਿਸ ਨੂੰ ਮੈਂ ਹਮੇਸ਼ਾ ਇਹ ਕਹਿੰਦਾ ਸੀ ਜਿਵੇਂ ਦਾ ਤੇਰਾ ਸੁਭਾਅ ਹੈ, ਜਿਸ ਪੱਧਰ ਦਾ ਤੂੰ ਐਕਟਰ ਹੈ ਉਹਨੀਂ ਤੇਰੀ ਕਦਰ ਨਹੀਂ ਪੈ ਰਹੀ ਕਿਉਂਕਿ ਇਹ ਕਿਸ ਵੀ ਕਿਰਦਾਰ 'ਚ ਪੂਰੀ ਤਰ੍ਹਾਂ ਵੜ ਜਾਂਦਾ ਹੈ। ਮੈਂ ਇਨ੍ਹਾਂ ਦੋਹਾਂ ਲਈ ਕੁਝ ਨਵਾਂ ਕਰਨਾ ਚਾਹੁੰਦਾ ਸੀ।
ਵਾਰਨਿੰਗ ਦੇ ਪਹਿਲੇ ਐਪੀਸੋਡ ਦੀ ਕੀਤੀ ਸੀ ਸ਼ਲਾਘਾ
ਵਾਰਨਿੰਗ ਦਾ ਪਹਿਲਾ ਐਪੀਸੋਡ 20 ਕੁ ਮਿੰਟ ਦਾ ਸੀ ਜਿਸ ਦੀ ਹਰ ਕਿਸੇ ਨੇ ਸ਼ਲਾਘਾ ਕੀਤੀ ਸੀ, ਸੋਚਿਆ ਸੀ ਜੇ ਇਹ ਚੱਲ ਗਿਆ ਤਾਂ 20-20 ਮਿੰਟ ਦੇ ਹੋਰ ਐਪੀਸੋਡ ਬਣਾਵਾਂਗੇ ਪਰ ਕਲਾਈਮੈਕਸ ’ਚ ਅਸੀਂ ਪੰਮੇ ਨੂੰ ਤਕਰੀਬਨ-ਤਕਰੀਬਨ ਮਾਰ ਹੀ ਦਿੱਤਾ ਸੀ ਪਰ ਐਪੀਸੋਡ ਚੱਲਣ ਤੋਂ ਬਾਅਦ ਸਾਨੂੰ ਪ੍ਰਿੰਸ ਨੂੰ ਜਿਊਂਦਾ ਕਰਨਾ ਪਿਆ, ਮੇਰੇ ਬੱਚੇ ਵੀ ਕਹਿਣ ਲੱਗ ਪਏ ਕੀ ਪ੍ਰਿੰਸ ਤਾਏ ਨੂੰ ਜਿਊਂਦਾ ਕਰੋ, ਫਿਰ ਮੈਂ ਕਿਸੇ ਨਾ ਕਿਸੇ ਤਰੀਕੇ ‘ਪੰਮੇ’ ਨੂੰ ਮੁੜ ਜਿਊਂਦਾ ਕੀਤਾ ਤੇ ਹੁਣ ਇਸ ਨੂੰ ਫ਼ਿਲਮ ਦੇ ਰੂਪ ’ਚ ਪੇਸ਼ ਕਰ ਰਹੇ ਹਾਂ ।
ਵਾਰਨਿੰਗ 2 ਹੁਣ ਹੋਰ ਵੀ ਵੱਡੀ ਹੋ ਗਈ
ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਵਾਰਨਿੰਗ-2 ਹੋਰ ਵੀ ਵੱਡੀ ਹੋ ਗਈ ਕਿਉਂਕਿ ਇਸ ਨੂੰ ਵੱਡੇ ਪੱਧਰ ’ਤੇ ਫਿਲਮਾਉਣ ਲਈ ਬਲਜੀਤ ਸਿੰਘ ਦਿਓ ਨੇ ਵੀ ਕਾਫੀ ਮਿਹਨਤ ਕੀਤੀ ਹੈ। ਇਸ ਤੋਂ ਇਲਾਵਾ ਜੈਸਮੀਨ ਭਸੀਨ ਤੇ ਰਾਹੁਲ ਦੇਵ ਵਰਗੇ ਕਿਰਦਾਰ ਵੀ ਇਸ ਫਿਲਮ ਨੂੰ ਹੋਰ ਵੀ ਚਾਰ-ਚੰਨ ਲਾਉਣਗੇ।
ਅਸੀ ਤਾਂ ਪੰਮੇ ਨੂੰ ਵੈਸੇ ਹੀ ਸਾਂਭ ਕੇ ਰੱਖਿਆ
ਗਿੱਪੀ ਗਰੇਵਾਲ ਦਾ ਕਹਿਣਾ ਕੀ ਅਸੀਂ ਇਸ ਰੋਲ ਲਈ ਕਿਸੇ ਹੋਰ ਵੱਡੇ ਕਲਾਕਾਰ ਨੂੰ ਕਰਨ ਲਈ ਕਿਹਾ ਪਰ ਉਸ ਨੇ ਇਨਕਾਰ ਕਰ ਦਿੱਤਾ ਕਿਉਂਕਿ ਉਸਨੇ ਕਿਹਾ ਕਿ ਇਸ ਫ਼ਿਲਮ ਦਾ ਹੀਰੋ ਪ੍ਰਿੰਸ ਹੈ ਅਤੇ ਮੈਂ ਪ੍ਰਿੰਸ ਤੋਂ ਵੱਡਾ ਹੀਰੋ ਹਾਂ। ਜੇ ਮੈਂ ਵੱਡਾ ਐਕਟਰ ਹੋ ਕੇ ਪ੍ਰਿੰਸ ਦੇ ਨਾਲ ਕਰੈਕਟਰ ਆਰਟਿਸਟ ਕੰਮ ਕਰ ਰਿਹਾ ਹਾਂ ਕਿਉਂਕਿ ਮੇਰੇ ਕਿਰਦਾਰ ਦੀ ਆਪਣੀ ਅਹਿਮੀਅਤ ਹੈ ਤੇ ਪ੍ਰਿੰਸ ਦੇ ਕਿਰਦਾਰ ਆਪਣੀ। ਜੋ ਜਿਹੋ ਜਿਹਾ ਡਿਜ਼ਰਵ ਕਰਦਾ ਉਸ ਨੂੰ ਉਹ ਮਿਲੇਗਾ।