ਤਰਸੇਮ ਜੱਸੜ ਨੇ ਸਾਂਝੀ ਕੀਤੀ ‘ਗਲਵੱਕੜੀ’ ਫ਼ਿਲਮ ਦੀ ਨਵੀਂ ਰਿਲੀਜ਼ ਡੇਟ, ਨਾਲ ਲਿਖੀ ਇਹ ਪੋਸਟ
Thursday, Feb 03, 2022 - 06:53 PM (IST)

ਚੰਡੀਗੜ੍ਹ (ਬਿਊਰੋ)– ਪੰਜਾਬੀ ਗੀਤਕਾਰ, ਗਾਇਕ ਤੇ ਅਦਾਕਾਰ ਤਰਸੇਮ ਜੱਸੜ ਨੇ ਆਪਣੀ ਆਗਾਮੀ ਪੰਜਾਬੀ ਫ਼ਿਲਮ ‘ਗਲਵੱਕੜੀ’ ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਹ ਫ਼ਿਲਮ 8 ਅਪ੍ਰੈਲ, 2022 ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।
ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦੇ ਘਰ ’ਤੇ ਚੱਲੀਆਂ ਗੋਲੀਆਂ, ਹੈਰੀ ਚੱਠਾ ਗਰੁੱਪ ਨੇ ਦਿੱਤੀ ਇਹ ਧਮਕੀ
ਇਸ ਗੱਲ ਦੀ ਜਾਣਕਾਰੀ ਤਰਸੇਮ ਜੱਸੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਤਰਸੇਮ ਜੱਸੜ ਨੇ ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਹਾਸੋਹੀਣੀ ਕੈਪਸ਼ਨ ਲਿਖੀ ਹੈ। ਤਰਸੇਮ ਲਿਖਦੇ ਹਨ, ‘ਲਓ ਜੀ ‘ਗਲਵੱਕੜੀ’ ਦੀ ਨਵੀਂ ਤਾਰੀਖ਼, ਤਾਰੀਖ਼ ਪੇ ਤਾਰੀਖ਼। ਹੁਣ ਤਾਂ ਆਪਣੇ ਆਪ ਨੂੰ ਵੀ ਹਾਸਾ ਆਉਂਦਾ। ਮਾਰਲੇ ਕੋਰੋਨਾ ਨੇ, ਤੁਹਾਡੇ ਸੁਨੇਹੇ ਬਹੁਤ ਆ ਰਹੇ ਨੇ ਕਿ ‘ਗਲਵੱਕੜੀ’ ਕਦੋਂ ਆਊ, ਹੁਣ ਆਖਿਰਕਾਰ ਮਾਲਕ ਮਿਹਰ ਰੱਖੇ ਅਸੀਂ 8 ਅਪ੍ਰੈਲ ਨੂੰ ਰਿਲੀਜ਼ ਕਰ ਦੇਣੀ।’
ਤਰਸੇਮ ਜੱਸੜ ਨੇ ਅੱਗੇ ਲਿਖਿਆ, ‘ਸਬਰ ਦਾ ਫਲ ਮਿੱਠਾ ਹੁੰਦਾ। ਫ਼ਿਲਮ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਵੇਗੀ, ਮੈਂ ਇਹ ਗੱਲ ਪੂਰੇ ਮਾਣ ਨਾਲ ਕਹਿ ਸਕਦਾ।’
ਦੱਸ ਦੇਈਏ ਕਿ ਫ਼ਿਲਮ ’ਚ ਤਰਸੇਮ ਜੱਸੜ ਤੇ ਵਾਮਿਕਾ ਗੱਬੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਸ਼ਰਨ ਆਰਟ ਨੇ ਡਾਇਰੈਕਟ ਕੀਤਾ ਹੈ। ਇਸ ਦੀ ਕਹਾਣੀ ਰਣਦੀਪ ਚਾਹਲ ਨੇ ਲਿਖੀ ਹੈ। ਪਹਿਲਾਂ ਇਹ ਫ਼ਿਲਮ 31 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਤੇ ਸਿਨੇਮਾਘਰਾਂ ਦੇ ਬੰਦ ਹੋਣ ਦੇ ਚਲਦਿਆਂ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਨੋਟ– ਤੁਸੀਂ ਇਸ ਫ਼ਿਲਮ ਦੀ ਕਿੰਨੀ ਕੁ ਉਡੀਕ ਕਰ ਰਹੇ ਹੋ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।