ਲੱਖਾ ਸਿਧਾਣਾ ਤੇ ਕਿਸਾਨ ਜਥੇਬੰਦੀਆਂ ਦੇ ਸਮਰਥਨ ਲਈ ਗਾਇਕ ਗਗਨ ਕੋਕਰੀ ਨੇ ਭੇਜੀ 1 ਲੱਖ ਰੁਪਏ ਦੀ ਲੰਗਰ ਸੇਵਾ
Friday, Apr 09, 2021 - 01:33 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਗਗਨ ਕੋਕਰੀ ਕਿਸਾਨ ਅੰਦੋਲਨ ਦਾ ਵੱਧ-ਚੜ੍ਹ ਕੇ ਸਮਰਥਨ ਕਰ ਰਹੇ ਹਨ। ਗਗਨ ਕੋਕਰੀ ਨੇ ਅੱਜ ਇਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਹ ਲੱਖਾ ਸਿਧਾਣਾ ਤੇ ਕਿਸਾਨ ਜਥੇਬੰਦੀਆਂ ਲਈ ਵੱਡਾ ਐਲਾਨ ਕਰ ਰਹੇ ਹਨ।
ਅਸਲ ’ਚ ਗਗਨ ਕੋਕਰੀ ਨੇ ਆਪਣੇ ਪਿੰਡੋਂ ਇਕ ਜੱਥਾ ਰਵਾਨਾ ਕੀਤਾ ਹੈ, ਜੋ ਲੱਖਾ ਸਿਧਾਣਾ ਤੇ ਕਿਸਾਨ ਜਥੇਬੰਦੀਆਂ ਦੇ ਸਮਰਥਨ ਲਈ 1 ਲੱਖ ਰੁਪਏ ਦੀ ਲੰਗਰ ਸੇਵਾ ਲੈ ਕੇ ਜਾ ਰਿਹਾ ਹੈ।
ਗਗਨ ਕੋਕਰੀ ਨੇ ਲਿਖਿਆ, ‘ਅੱਜ ਲੱਖੇ ਵੀਰ ਤੇ ਕਿਸਾਨ ਜਥੇਬੰਦੀਆਂ ਦੀ ਸੁਪੋਰਟ ਲਈ ਆਪਣੇ ਪਿੰਡ ਕੋਕਰੀ ਕਲਾਂ ਦੀ ਸੰਗਤ ਦਾ ਜੱਥਾ ਲੰਗਰ ਸੇਵਾ ਲਈ ਰਵਾਨਾ ਹੋਇਆ। ਮੈਂ ਅੱਜ 1 ਲੱਖ ਰੁਪਏ ਦੀ ਲੰਗਰ ਸੇਵਾ ਦਾ ਐਲਾਨ ਕਰਦਾ ਹਾਂ ਤੇ ਜੇਕਰ ਅੱਗੇ ਹੋਰ ਵੀ ਲੋੜ ਪਈ ਤਾਂ ਉਹ ਵੀ ਪੂਰੀ ਕੀਤੀ ਜਾਵੇਗੀ। ਖ਼ਾਸ ਧੰਨਵਾਦ ਰਵੀ ਚਾਹਲ ਤੇ ਸਮੂਹ ਵਿੰਨੀਪੈੱਗ ਵਾਲੇ ਦੋਸਤਾਂ ਦਾ। ਸਮੂਹ ਪੰਚਾਇਤ ਤੇ ਸਾਰੇ ਪਿੰਡ ਵਾਲਿਆਂ ਦੀ ਸੁਪੋਰਟ ਨਾਲ ‘ਲੰਗਰ ਸੇਵਾ ਕੋਕਰੀ’ 26 ਨਵੰਬਰ, 2020 ਤੋਂ ਬਹੁਤ ਸ਼ਾਨਦਾਰ ਕੰਮ ਕਰ ਰਹੀ ਹੈ।’
ਦੱਸਣਯੋਗ ਹੈ ਕਿ ਗਗਨ ਕੋਕਰੀ ਕਿਸਾਨ ਅੰਦੋਲਨ ਨਾਲ ਜੁੜੀਆਂ ਤਸਵੀਰਾਂ ਤੇ ਵੀਡੀਓਜ਼ ਆਪਣੇ ਪ੍ਰਸ਼ੰਸਕਾਂ ਨਾਲ ਸਮੇਂ-ਸਮੇਂ ’ਤੇ ਸਾਂਝੀਆਂ ਕਰਦੇ ਰਹਿੰਦੇ ਹਨ ਤਾਂ ਜੋ ਉਹ ਵੀ ਕਿਸਾਨ ਅੰਦੋਲਨ ਨਾਲ ਵੱਧ ਤੋਂ ਵੱਧ ਜੁੜਨ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ’ਚ ਆਪਣਾ ਬਣਦਾ ਯੋਗਦਾਨ ਪਾਉਣ।
ਨੋਟ– ਗਗਨ ਕੋਕਰੀ ਦੀ ਇਸ ਪੋਸਟ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।