ਮੁਸ਼ਕਿਲਾਂ ''ਚ ਘਿਰੇ ਡਾਇਰੈਕਟਰ ਰਾਮ ਗੋਪਾਲ ਵਰਮਾ, ਫੈਡਰੇਸ਼ਨ ਨੇ ਲਾਇਆ ਬੈਨ

1/13/2021 9:59:19 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ-ਡਾਇਰੈਕਟਰ ਰਾਮ ਗੋਪਾਲ ਵਰਮਾ ਅਕਸਰ ਵਿਵਾਦਾਂ 'ਚ ਰਹਿੰਦੇ ਹਨ। ਉਹ ਕਈ ਵਾਰ ਵਿਵਾਦਤ ਬਿਆਨ ਵੀ ਦੇ ਚੁੱਕੇ ਹਨ ਪਰ ਇਸ ਵਾਰ ਉਹ ਮੁਲਾਜ਼ਮਾਂ ਦੀ ਤਨਖ਼ਾਹ ਨਾ ਦੇਣ ਕਾਰਨ ਵਿਵਾਦਾਂ 'ਚ ਘਿਰ ਗਏ ਹਨ। ਰਾਮ ਗੋਪਾਲ ਵਰਮਾ 'ਤੇ ਦੋਸ਼ ਹਨ ਕਿ ਉਨ੍ਹਾਂ ਨੂੰ ਮੁਲਾਜ਼ਮਾਂ ਦੀ ਕਰੀਬ 1.25 ਕਰੋੜ ਰੁਪਏ ਤਨਖ਼ਾਹ ਨਹੀਂ ਦਿੱਤੀ ਹੈ, ਜਿਸ ਕਾਰਨ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਰਾਮ ਗੋਪਾਲ ਵਰਮਾ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ।

ਮੀਡੀਆ 'ਚ ਚੱਲ ਰਹੀਆਂ ਖ਼ਬਰਾਂ ਦੀ ਮੰਨੀਏ ਤਾਂ ਰਾਮ ਗੋਪਾਲ ਵਰਮਾ 'ਤੇ ਦੋਸ਼ ਹਨ ਕਿ ਉਨ੍ਹਾਂ ਨੇ ਟੈਕਨੀਸ਼ੀਅਨਜ਼, ਕਲਾਕਾਰਾਂ ਤੇ ਮੁਲਾਜ਼ਮਾਂ ਦਾ ਕਰੀਬ 1.25 ਕਰੋੜ ਰੁਪਏ ਦੀਆਂ ਤਨਖ਼ਾਹਾਂ ਦਾ ਭੁਗਤਾਨ ਨਹੀਂ ਕੀਤਾ ਹੈ। ਫੈਡਰੇਸ਼ਨ ਦੇ ਮੁਖੀ ਬੀਐੱਨ ਤਿਵਾੜੀ ਤੇ ਜਨਰਲ ਸਕੱਤਰ ਅਸ਼ੋਕ ਦੁਬੇ ਨੇ ਇਹ ਗੱਲ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਮ ਗੋਪਾਲ ਵਰਮਾ ਨੂੰ ਇਕ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ ਪਰ ਡਾਇਰੈਕਟਰ ਵੱਲੋਂ ਇਸ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ।

ਫੈਡਰੇਸ਼ਨ ਅਨੁਸਾਰ ਰਾਮਗੋਪਾਲ ਵਰਮਾ ਨੂੰ ਸਤੰਬਰ 2017 'ਚ ਇਕ ਨੋਟਿਸ ਭੇਜਿਆ ਗਿਆ ਸੀ। ਇਸ 'ਚ ਦੱਸਿਆ ਗਿਆ ਸੀ ਕਿ ਟੈਕਨੀਸ਼ੀਅਨਜ਼ ਦੀ ਤਨਖ਼ਾਹ ਬਾਕੀ ਹੈ, ਜਿਸ ਨੂੰ ਕਲੀਅਰ ਕੀਤਾ ਜਾਣਾ ਹੈ। ਇਸ ਨੋਟਿਸ ਤੋਂ ਬਾਅਦ ਵੀ ਫੈਡਰੇਸ਼ਨ ਵੱਲੋਂ ਲਗਾਤਾਰ ਕਈ ਵਾਰ ਰਾਮ ਗੋਪਾਲ ਵਰਮਾ ਨੂੰ ਨੋਟਿਸ ਭੇਜੇ ਗਏ ਤੇ ਕਿਹਾ ਗਿਆ ਕਿ ਉਹ ਮੁਲਾਜ਼ਮਾਂ ਦੀ ਤਨਖ਼ਾਹ ਕਲੀਅਰ ਕਰਨ, ਰਾਮ ਗੋਪਾਲ ਵਰਮਾ ਨੇ ਨੋਟਿਸ ਮਿਲਣ ਦੀ ਗੱਲ ਤੋਂ ਹੀ ਇਨਕਾਰ ਕਰ ਦਿੱਤਾ ਸੀ।

ਇੰਨਾ ਹੀ ਨਹੀਂ ਫੈਡਰੇਸ਼ਨ ਨੇ ਰਾਮ ਗੋਪਾਲ ਵਰਮਾ 'ਤੇ ਇਹ ਵੀ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਕੋਰੋਨਾ ਕਾਲ 'ਚ ਵੀ ਸ਼ੂਟਿੰਗ ਜਾਰੀ ਰੱਖੀ ਸੀ। ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਦੇ ਮੁਖੀ ਬੀਐੱਨ ਤਿਵਾੜੀ ਨੇ ਦੱਸਿਆ ਕਿ ਰਾਮ ਗੋਪਾਲ ਵਰਮਾ ਦੇ ਗੋਆ 'ਚ ਸ਼ੂਟਿੰਗ ਕਰਨ ਦਾ ਪਤਾ ਚੱਲਣ ਤੋਂ ਬਾਅਦ ਫੈਡਰੇਸ਼ਨ ਨੇ ਉੱਥੋਂ ਦੇ ਮੁੱਖ ਮੰਤਰੀ ਨੂੰ ਵੀ ਇਸ ਸਬੰਧੀ ਪੱਤਰ ਲਿਖਿਆ ਸੀ। ਉਨ੍ਹਾਂ ਕਿਹਾ, 'ਸਾਡੇ ਵੱਲੋਂ ਸੀਐੱਮ ਅਰਵਿੰਦ ਸਾਵੰਤ ਨੂੰ 10 ਸਤੰਬਰ, 2020 ਨੂੰ ਪੱਤਰ ਲਿਖਿਆ ਗਿਆ ਸੀ। ਅਸੀਂ ਚਾਹੁੰਦੇ ਹਾਂ ਕਿ ਗ਼ਰੀਬ ਟੈਕਨੀਸ਼ੀਅਨਜ਼, ਕਲਾਕਾਰਾਂ ਤੇ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਮਿਹਨਤਾਨਾ ਮਿਲ ਜਾਵੇ। ਪਰ ਰਾਮਗੋਪਾਲ ਵਰਮਾ ਨੇ ਮੰਗਾਂ ਨੂੰ ਅਣਸੁਣਿਆ ਕਰ ਦਿੱਤਾ। ਅਜਿਹੇ ਵਿਚ ਹੁਣ ਅਸੀਂ ਉਨ੍ਹਾਂ ਦੇ ਨਾਲ ਭਵਿੱਖ ਵਿਚ ਕੰਮ ਨਾ ਕਰਨ ਦਾ ਫ਼ੈਸਲਾ ਕੀਤਾ ਹੈ।'


ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor sunita