ਪੰਜਾਬੀ ਸਿਨੇਮਾ ’ਚ ਘੱਟ ਹੀ ਬਣਦੀਆਂ ‘ਸ਼ੌਂਕੀ ਸਰਦਾਰ’ ਵਰਗੀਆਂ ਫਿਲਮਾਂ : ਬੱਬੂ ਮਾਨ
Friday, May 09, 2025 - 02:00 PM (IST)

ਜਲੰਧਰ (ਬਿਊਰੋ)– ਪੰਜਾਬੀ ਫਿਲਮ ‘ਸ਼ੌਂਕੀ ਸਰਦਾਰ’ ਦੀ ਪ੍ਰਮੋਸ਼ਨ ਅੱਜ-ਕਲ ਜ਼ੋਰਾਂ-ਸ਼ੋਰਾਂ ’ਤੇ ਜਾਰੀ ਹੈ। ਬੱਬੂ ਮਾਨ ਵੱਲੋਂ ਫਿਲਮ ਦੀ ਸਟਾਰ ਕਾਸਟ ਨਾਲ ਮਿਲ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ, ਜਿੱਥੇ ਉਹ ਫਿਲਮ ਬਾਰੇ ਮਜ਼ੇਦਾਰ ਗੱਲਾਂ ਦੱਸ ਰਹੇ ਹਨ। ‘ਸ਼ੌਂਕੀ ਸਰਦਾਰ’ ਦੀ ਪ੍ਰਮੋਸ਼ਨ ਦੌਰਾਨ ਬੱਬੂ ਮਾਨ ਨੇ ਕਿਹਾ ਕਿ ਮੈਂ ਜਿੰਨੀਆਂ ਵੀ ਫਿਲਮਾਂ ਕਰਦਾ ਹਾਂ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਹਮੇਸ਼ਾ ਅਲੱਗ ਤਰ੍ਹਾਂ ਦੀ ਫਿਲਮ ਬਣਾਈ ਜਾਵੇ। ‘ਸ਼ੌਂਕੀ ਸਰਦਾਰ’ ਵਿਚ ਤੁਸੀਂ ਮੈਨੂੰ ਅਲੱਗ ਅੰਦਾਜ਼ ’ਚ ਹੀ ਦੇਖੋਗੇ। ਮੈਂ ਆਪਣੇ ਕਿਰਦਾਰ ਨਾਲ ਤੁਹਾਨੂੰ ਸੰਤੁਸ਼ਟ ਕਰਾਂਗਾ। ਉਨ੍ਹਾਂ ਕਿਹਾ ਕਿ ਇਹ ਇਕ ਪਰਿਵਾਰਕ ਫਿਲਮ ਹੈ, ਜਿਸ ’ਚ ਥ੍ਰਿਲਰ ਵੀ ਦੇਖਣ ਨੂੰ ਮਿਲੇਗਾ। ਪੰਜਾਬੀ ਸਿਨੇਮਾ ’ਚ ਜ਼ਿਆਦਾ ਫਿਲਮਾਂ ਕਾਮੇਡੀ ਬਣਦੀਆਂ ਹਨ ਤੇ ਤਜਰਬੇ ਵੀ ਘੱਟ ਹੁੰਦੇ ਹਨ, ਕਿਉਂਕਿ ਅਜਿਹੀਆਂ ਫਿਲਮਾਂ ’ਚ ਰਿਸਕ ਵੀ ਜ਼ਿਆਦਾ ਹੁੰਦਾ ਤੇ ਬਜਟ ਵੀ ਵੱਧ ਲੱਗਦਾ ਹੈ।
ਦੱਸ ਦੇਈਏ ਕਿ ‘ਸ਼ੌਂਕੀ ਸਰਦਾਰ’ ’ਚ ਬੱਬੂ ਮਾਨ, ਗੁਰੂ ਰੰਧਾਵਾ, ਗੁੱਗੂ ਗਿੱਲ, ਨਿਮਰਿਤ ਕੌਰ, ਆਹਲੂਵਾਲੀਆ, ਧੀਰਜ ਕੁਮਾਰ, ਹਸ਼ਨੀਨ ਚੌਹਾਨ ਤੇ ਸੁਨੀਤਾ ਧੀਰ ਵਰਗੇ ਸਿਤਾਰੇ ਅਹਿਮ ਕਿਰਦਾਰਾਂ ’ਚ ਨਜ਼ਰ ਆਉਣ ਵਾਲੇ ਹਨ। ਫਿਲਮ ਦੀ ਕਹਾਣੀ ਧੀਰਜ ਕੁਮਾਰ ਰਤਨ ਤੇ ਮਨੀਲਾ ਰਤਨ ਵੱਲੋਂ ਲਿਖੀ ਗਈ ਹੈ। ਇਸ਼ਾਨ ਕਪੂਰ, ਹਰਜੋਤ ਸਿੰਘ, ਸ਼ਾਹ ਜੰਡਿਆਲੀ ਤੇ ਧਰਮਿੰਦਰ ਬਟੌਲੀ ਫਿਲਮ ਦੇ ਪ੍ਰੋਡਿਊਸਰ ਹਨ, ਜਦਕਿ ਇਸ ਨੂੰ ਕੋ-ਪ੍ਰੋਡਿਊਸ ਕੀਤਾ ਹੈ ਐੱਸ ਐੱਲ. ਏ., ਰਾਹੁਲ ਮੁਰਗਈ, ਜਤਿਨ ਜਤਿੰਦਰ, ਰੋਬਿਨ ਚੌਹਾਨ ਤੇ ਡਾ. ਬੰਟੀ ਨੇ। ਇਹ ਫਿਲਮ ਜ਼ੀ ਸਟੂਡੀਓਜ਼, ਬੌਸ ਮਿਊਜ਼ਿਕ ਰੈਕਰਡਸ ਪ੍ਰਾਈਵੇਟ ਲਿਮਟਿਡ, ਫਿਲਮੀ ਲੋਕ ਤੇ 751 ਫ਼ਿਲਮਜ਼ ਦੀ ਸਾਂਝੀ ਪੇਸ਼ਕਸ਼ ਹੈ, ਜੋ ਦੁਨੀਆ ਭਰ ’ਚ 16 ਮਈ, 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ।