FilmFare 2024: ''12th Fail'' ਨੂੰ ਮਿਲਿਆ ਬੈਸਟ ਫਿਲਮ ਦਾ ਐਵਾਰਡ, ਵਿਕਰਾਂਤ ਮੈਸੀ ਨੂੰ ''ਬੈਸਟ ਐਕਟਰ'' ਐਵਾਰਡ
Monday, Jan 29, 2024 - 05:08 AM (IST)
ਐਂਟਰਟੇਨਮੈਂਟ ਡੈਸਕ- ਗੁਜਰਾਤ ਦੇ ਗਾਂਧੀਨਗਰ 'ਚ ਹੋਏ 69ਵੇਂ ਫਿਲਮਫੇਅਰ ਐਵਾਰਡ ਸਮਾਰੋਹ 'ਚ ਜਿੱਥੇ ਬਾਲੀਵੁੱਡ ਦੀਆਂ ਮੰਨੀਆਂ-ਪ੍ਰਮੰਨੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਸੀ, ਉੱਥੇ ਹੀ ਵਿਧੂ ਵਿਨੋਦ ਚੋਪੜਾ ਦੀ ਫਿਲਮ '12ਵੀਂ ਫੇਲ੍ਹ' ਦਰਸ਼ਕਾਂ ਦੇ ਦਿਲ ਜਿੱਤਣ 'ਚ ਕਾਮਯਾਬ ਹੋਈ ਹੈ। ਇਸ ਐਵਾਰਡ ਸ਼ੋਅ 'ਚ ਵਿਧੂ ਵਿਨੋਦ ਚੋਪੜਾ ਵੱਲੋਂ ਨਿਰਦੇਸ਼ਿਤ ਫਿਲਮ '12ਵੀਂ ਫੇਲ੍ਹ' ਨੇ 'ਬੈਸਟ ਫਿਲਮ' ਦਾ ਐਵਾਰਡ ਜਿੱਤਿਆ ਹੈ।
ਇਹ ਫਿਲਮ ਇਕ ਯੂ.ਪੀ.ਐੱਸ.ਸੀ. ਦੀ ਤਿਆਰੀ ਕਰ ਰਹੇ ਇਕ ਪ੍ਰੀਖਿਆਰਥੀ ਦੀ ਸੱਚੀ ਕਹਾਣੀ 'ਤੇ ਆਧਾਰਿਤ ਹੈ, ਜੋ ਆਪਣੀ ਜ਼ਿੰਦਗੀ 'ਚ ਕਈ ਔਕੜਾਂ ਆਉਣ ਦੇ ਬਾਵਜੂਦ ਹਾਰ ਨਹੀਂ ਮੰਨਦਾ ਤੇ ਵੱਡਾ ਅਫ਼ਸਰ ਬਣਨ ਦੀ ਜੱਦੋਜਹਿਦ ਕਰਦਾ ਹੈ। 12ਵੀਂ ਫੇਲ੍ਹ ਨੇ ਅਮਿਤ ਐੱਲ. ਰਾਏ ਦੀ 'ਓਹ ਮਾਈ ਗਾਡ-2', ਐਟਲੀ ਦੀ 'ਜਵਾਨ', ਕਰਨ ਜੌਹਰ ਦੀ 'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ', ਸਿਧਾਰਥ ਆਨੰਦ ਦੀ 'ਪਠਾਨ' ਅਤੇ ਸੰਦੀਪ ਰੈੱਡੀ ਵੰਗਾ ਦੀ 'ਐਨੀਮਲ' ਨੂੰ ਪਛਾੜ ਕੇ 'ਬੈਸਟ ਫਿਲਮ' ਦਾ ਐਵਾਰਡ ਆਪਣੀ ਝੋਲੀ 'ਚ ਪਾਇਆ।
ਇਸ ਫ਼ਿਲਮ 'ਚ ਵਿਕਰਾਂਤ ਮੈਸੀ ਨੇ ਮੁੱਖ ਭੂਮਿਕਾ ਨਿਭਾਈ ਹੈ। ਉਸ ਵੱਲੋਂ ਨਿਭਾਈ ਗਈ ਭੂਮਿਕਾ ਨਾਲ ਉਸ ਨੂੰ ਖੂਬ ਵਾਹ-ਵਾਹੀ ਖੱਟੀ ਹੈ। ਉਸ ਦੀ ਜ਼ਬਰਦਸਤ ਅਦਾਕਾਰੀ ਕਾਰਨ ਉਸ ਨੂੰ 'ਬੈਸਟ ਐਕਟਰ' ਅਤੇ ਵਿਧੂ ਵਿਨੋਦ ਚੋਪੜਾ ਦੀ ਸ਼ਾਨਦਾਰ ਡਾਇਰੈਕਸ਼ਨ ਕਾਰਨ ਫਿਲਮ ਨੂੰ 'ਬੈਸਟ ਫਿਲਮ' ਦਾ ਐਵਾਰਡ ਦਿੱਤਾ ਗਿਆ ਹੈ।