ਰੁਪਿੰਦਰ ਹਾਂਡਾ ਨੇ ਹੰਕਾਰੀ ਸਰਕਾਰ ਨੂੰ ਪੰਜਾਬ ਦੇ ਇਤਿਹਾਸ ਤੋਂ ਕਰਵਾਇਆ ਜਾਣੂ (ਵੀਡੀਓ)

Sunday, Jan 24, 2021 - 11:43 AM (IST)

ਰੁਪਿੰਦਰ ਹਾਂਡਾ ਨੇ ਹੰਕਾਰੀ ਸਰਕਾਰ ਨੂੰ ਪੰਜਾਬ ਦੇ ਇਤਿਹਾਸ ਤੋਂ ਕਰਵਾਇਆ ਜਾਣੂ (ਵੀਡੀਓ)

ਚੰਡੀਗੜ੍ਹ (ਬਿਊਰੋ) — ਪਿਛਲੇ  ਲਗਭਗ 2 ਮਹੀਨੇ ਤੋਂ ਕਿਸਾਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਉਥੇ ਹੀ ਪੰਜਾਬੀ ਕਲਾਕਾਰ ਭਾਈਚਾਰਾ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿ੍ਹਆ ਹੋਇਆ ਹੈ। ਪੰਜਾਬੀ ਕਲਾਕਾਰ ਵਰੋ-ਵਾਰੀ ਦਿੱਲੀ ਕਿਸਾਨ ਅੰਦੋਲਨ ’ਚ ਪਹੁੰਚ ਕੇ ਆਪਣੀ ਹਾਜ਼ਰੀ ਲਗਵਾ ਰਹੇ ਹਨ, ਉਥੇ ਹੀ ਕੁਝ ਕਲਾਕਾਰ ਸੋਸ਼ਲ ਮੀਡੀਆ ਦੇ ਜ਼ਰੀਏ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਇਸ ਤੋਂ ਇਲਾਵਾ ਕਲਾਕਾਰ ਆਪਣੇ ਗੀਤਾਂ ਰਾਹੀਂ ਕਿਸਾਨਾਂ ਦੇ ਹੌਂਸਲੇ ਬੁਲੰਦ ਕਰਨ ਦੇ ਨਾਲ-ਨਾਲ ਪੰਜਾਬ ’ਚ ਖੇਤੀ ਕਾਨੂੰਨਾਂ ਨੂੰ ਲੈ ਕੇ ਛਿੜੀ ਜੰਗ ਨੂੰ ਵਿਸਥਾਰ ਨਾਲ ਆਮ ਲੋਕਾਂ ’ਚ ਪਹੁੰਚਾ ਰਹੇ ਹਨ। ਮਸ਼ਹੂਰ ਗਾਇਕਾ ਰੁਪਿੰਦਰ ਹਾਂਡਾ ਆਪਣੇ ਨਵੇਂ ਕਿਸਾਨੀ ਗੀਤ ਨਾਲ ਦਰਸ਼ਕਾਂ ਦੇ ਸਨਮੁਖ ਹੋਈ ਹੈ। ‘26 ਨੂੰ ਦਿੱਲੀ’ ਟਾਈਟਲ ਹੇਠ ਰੁਪਿੰਦਰ ਹਾਂਡਾ ਦਾ ਗੀਤ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਬੋਲ ਤੇਜੀ ਸਰਾਓ ਨੇ ਲਿਖੇ ਹਨ, ਜਿਸ ਨੂੰ ਸੰਗੀਤ ਜੱਸੀ ਐਕਸ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਨੂੰ ਗੈਂਟ ਪ੍ਰੋਡਕਸ਼ਨਸ ਵਲੋਂ ਸੁਚੱਜੇ ਢੰਗ ਨਾਲ ਬਣਾਇਆ ਗਿਆ ਹੈ। 
ਦੱਸ ਦਈਏ ਕਿ ਰੁਪਿੰਦਰ ਹਾਂਡਾ ਦਾ ਇਹ ਪੂਰਾ ਗੀਤ ‘ਦਿੱਲੀ ਕਿਸਾਨੀ ਮੋਰਚੇ’ ’ਚ ਹੀ ਸ਼ੂਟ ਕੀਤਾ ਗਿਆ ਹੈ। ਇਸ ਗੀਤ ’ਚ ਰੁਪਿੰਦਰ ਹਾਂਡਾ ਨੇ ਹੰਕਾਰੀ ਸਰਕਾਰ ਨੂੰ ਪੰਜਾਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਹੈ। ਇਸ ਗੀਤ ਨੂੰ ਦਰਸ਼ਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

ਖੇਤੀ ਕਾਨੂੰਨਾਂ ਨੇ ਇਕੋ ਮੰਚ 'ਤੇ ਇਕੱਠਾ ਕੀਤਾ ਪੰਜਾਬੀ ਕਲਾਕਾਰ ਭਾਈਚਾਰਾ
ਤਾਲਾਬੰਦੀ 'ਚ ਇਕ ਹੋਰ ਆਫ਼ਤ ਖੇਤੀ ਕਾਨੂੰਨਾਂ ਕਰਕੇ ਆਈ। ਪੰਜਾਬ ਦੇ ਕਿਸਾਨਾਂ ਵਲੋਂ ਲੰਮੇ ਸਮੇਂ ਤੋਂ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ ਦਾ ਹਿੱਸਾ ਪੰਜਾਬੀ ਕਲਾਕਾਰ ਵੀ ਬਣੇ। ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਵੱਡੇ ਪੱਧਰ 'ਤੇ ਆਮ ਲੋਕਾਂ ਤਕ ਕਿਸਾਨਾਂ ਦੀ ਗੱਲ ਪਹੁੰਚਾਉਣ 'ਚ ਮਦਦ ਕੀਤੀ ਤੇ ਉਨ੍ਹਾਂ ਦੇ ਹੱਕਾਂ ਲਈ ਖੜ੍ਹੇ ਹੋਣ ਦੀ ਸਲਾਹ ਦਿੱਤੀ। ਅੱਜ ਵੀ ਅਸੀਂ ਦੇਖਦੇ ਹਾਂ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ 'ਚ ਰੋਜ਼ਾਨਾ ਅਣਗਿਣਤ ਪੰਜਾਬੀ ਕਲਾਕਾਰ ਪਹੁੰਚ ਰਹੇ ਹਨ। ਜਿਨ੍ਹਾਂ ਕਲਾਕਾਰਾਂ ਦਾ ਕਦੇ ਆਪਸ 'ਚ ਵਿਵਾਦ ਸੀ, ਉਹ ਕਲਾਕਾਰ ਵੀ ਇਕ ਮੰਚ 'ਤੇ ਇਕੱਠੇ ਹੋ ਰਹੇ ਹਨ ਤੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਹਨ।

ਗੀਤਾਂ 'ਚ ਆਇਆ ਵੱਡਾ ਬਦਲਾਅ
ਤਾਲਾਬੰਦੀ ਤੇ ਕਿਸਾਨ ਅੰਦੋਲਨ ਕਰਕੇ ਪੰਜਾਬੀ ਗਾਇਕਾਂ ਦੇ ਗੀਤਾਂ 'ਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਜਿਥੇ ਤਾਲਾਬੰਦੀ ਕਰਕੇ ਕਈ ਗਾਇਕਾਂ ਨੇ ਘਰ 'ਚ ਹੀ ਘੱਟ ਬਜਟ 'ਚ ਮੋਬਾਇਲਾਂ 'ਤੇ ਗੀਤ ਬਣਾ ਕੇ ਰਿਲੀਜ਼ ਕੀਤੇ, ਉਥੇ ਕਿਸਾਨ ਅੰਦੋਲਨ 'ਤੇ ਹੁਣ ਤਕ ਸੈਂਕੜੇ ਦੀ ਗਿਣਤੀ 'ਚ ਗੀਤ ਰਿਲੀਜ਼ ਹੋ ਚੁੱਕੇ ਹਨ। ਇਨ੍ਹਾਂ ਗੀਤਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬੀ ਗਾਇਕ ਸਿਰਫ਼ ਹਥਿਆਰਾਂ ਵਾਲੇ ਗੀਤ ਹੀ ਨਹੀਂ ਗਾਉਂਦੇ, ਸਗੋਂ ਸਮਾਂ ਆਉਣ ’ਤੇ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ 'ਚ ਵੀ ਅੱਗੇ ਹੁੰਦੇ ਹਨ। ਉਂਝ ਵੀ ਪੰਜਾਬੀ ਕਲਾਕਾਰਾਂ ਬਾਰੇ ਇਹ ਧਾਰਨਾ ਬਣੀ ਹੋਈ ਸੀ ਕਿ ਉਹ ਆਮ ਲੋਕਾਂ ਦੇ ਹੱਕ ਦੀ ਗੱਲ ਨਹੀਂ ਕਰਦੇ ਪਰ ਇਸ ਧਾਰਨਾ ਨੂੰ ਇਸ ਸਾਲ ਪੰਜਾਬੀ ਗਾਇਕਾਂ ਨੇ ਗਲ਼ਤ ਸਾਬਿਤ ਕਰ ਦਿਖਾਇਆ ਹੈ।

ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ 
ਦਿੱਲੀ ਦੀਆਂ ਹੱਦਾਂ 'ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਅੱਜ ਫਿਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ। ਦਿੱਲੀ ਦੇ ਸਿੰਘੂ, ਟਿਕਰੀ ਤੇ ਕੁੰਡਲੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

sunita

Content Editor

Related News