ਕੰਗਨਾ ਰਣੌਤ ਦੇ ਮੁੱਦੇ ’ਤੇ ਗੁਲ ਪਨਾਗ ਦਾ ਸ਼ਾਨਦਾਰ ਜਵਾਬ, ਸਵਰਾ ਭਾਸਕਰ ਨੇ ਕਿਹਾ ''ਵੈੱਲ ਡਨ''

Monday, Mar 08, 2021 - 04:06 PM (IST)

ਕੰਗਨਾ ਰਣੌਤ ਦੇ ਮੁੱਦੇ ’ਤੇ ਗੁਲ ਪਨਾਗ ਦਾ ਸ਼ਾਨਦਾਰ ਜਵਾਬ, ਸਵਰਾ ਭਾਸਕਰ ਨੇ ਕਿਹਾ ''ਵੈੱਲ ਡਨ''

ਚੰਡੀਗੜ੍ਹ (ਬਿਊਰੋ) : ਪਿਛਲੇ ਤਿੰਨ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਅੰਦੋਲਨ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਰਿਹਾ ਹੈ। ਕਈ ਪ੍ਰਸਿੱਧ ਹਸਤੀਆਂ ਨੇ ਇਸ ਅੰਦੋਲਨ ਦੇ ਹੱਕ ’ਚ ਤੇ ਕੁਝ ਨੇ ਖ਼ਿਲਾਫ਼ ਆਪਣੇ ਬਿਆਨ ਦਿੱਤੇ ਹਨ। ਬਾਲੀਵੁੱਡ ਫ਼ਿਲਮ ਅਦਾਕਾਰਾ ਕੰਗਨਾ ਰਨੌਤ ਲਗਾਤਾਰ ਕਿਸਾਨ ਅੰਦੋਲਨ ਵਿਰੁੱਧ ਆਪਣੀ ਰਾਏ ਰੱਖ ਰਹੀ ਹੈ। ਉਥੇ ਹੀ ਪਾਲੀਵੁੱਡ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ, ਜੈਸ ਧਾਮੀ, ਗੁਲ ਪਨਾਗ ਵਰਗੇ ਸਿਤਾਰੇ ਕਿਸਾਨ ਅੰਦੋਲਨ ਦੇ ਹੱਕ ’ਚ ਡਟੇ ਹੋਏ ਹਨ।

ਗੁਲ ਪਨਾਗ ਪਿੱਛੇ ਜਿਹੇ ਦਿੱਲੀ ਦੇ ਗਾਜ਼ੀਪੁਰ ਬਾਰਡਰ ’ਤੇ ਗਏ ਸਨ। ਉੱਥੇ ਪੱਤਰਕਾਰਾਂ ਨੇ ਕੰਗਨਾ ਰਨੌਤ ਬਾਰੇ ਸਵਾਲ ਕੀਤਾ ਸੀ ਪਰ ਉਦੋਂ ਉਨ੍ਹਾਂ ਕੋਈ ਟਿੱਪਣੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਗੁਲ ਪਨਾਗ ਦਾ ਉਹ ਇੰਟਰਵਿਊ ਕਾਫ਼ੀ ਵਾਇਰਲ ਹੋ ਰਿਹਾ ਹੈ। ਅਦਾਕਾਰਾ ਸਵਰਾ ਭਾਸਕਰ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਕਾਫ਼ੀ ਤਾਰੀਫ਼ ਕੀਤੀ ਹੈ। ਇਸ ਵੀਡੀਓ ’ਚ ਗੁਲ ਪਨਾਗ ਨੇ ਕਿਹਾ ਸੀ ਕਿ ‘ਉਹ ਸਿਰਫ਼ ਉਨ੍ਹਾਂ ਕਿਸਾਨਾਂ ਬਾਰੇ ਗੱਲ ਕਰੇਗੀ, ਜਿਹੜੇ ਉਨ੍ਹਾਂ ਸਾਹਮਣੇ ਬੈਠੇ ਹਨ। ਜਿਹੜੀਆਂ ਹਸਤੀਆਂ ਬਾਰੇ ਤੁਸੀਂ ਪੁੱਛ ਰਹੇ ਹੋ, ਉਨ੍ਹਾਂ ਨੂੰ ਮੈਂ ਨਹੀਂ ਜਾਣਦੀ।’


ਪੱਤਰਕਾਰਾਂ ਨੇ ਉਦੋਂ ਹਾਲੀਵੁੱਡ ਗਾਇਕਾ ਰਿਹਾਨਾ ਬਾਰੇ ਸਵਾਲ ਕੀਤਾ ਸੀ, ਉਸ ਸਮੇਂ ਵੀ ਗੁਲ ਪਨਾਗ ਨੇ ਕੋਈ ਜਵਾਬ ਨਹੀਂ ਦਿੱਤਾ ਸੀ। ਉਨ੍ਹਾਂ ਕਿਹਾ ਸੀ ਉਹ ਕਿਸ ਬਾਰੇ ਗੱਲ ਕਰ ਰਹੇ ਹਨ, ਉਨ੍ਹਾਂ ਨੂੰ ਨਹੀਂ ਜਾਣਦੇ। ਅਸੀਂ ਇੱਥੇ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਬਾਰਡਰ ’ਤੇ ਹਾਂ, ਇਨ੍ਹਾਂ ਦੀ ਗੱਲ ਕਰੀਏ। ‘ਮੈਂ ਸ਼ਾਤਿਰ ਹਾਂ, ਨਹੀਂ ਮਿਲੇਗਾ, ਜੋ ਬਿਆਨ ਤੁਸੀਂ ਚਾਹੁੰਦੇ ਹੋ। ਮੈਂ ਨਹੀਂ ਭੜਕਾਂਗੀ। ਮੁਸਕਰਾਹਟ ਲੈ ਲਵੋ।’

ਸਵਰਾ ਭਾਸਕਰ ਨੇ ਕੀਤੀ ਗੁਲ ਪਨਾਗ ਦੀ ਤਾਰੀਫ਼
ਸਵਰਾ ਭਾਸਕਰ ਨੇ ਗੁਲ ਪਨਾਗ ਦੇ ਜਵਾਬ ਦੀ ਤਾਰੀਫ਼ ਕਰਦੇ ਹੋਏ ਟਵੀਟ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ’ਚ ਲਿਖਿਆ ਹੈ ‘ਚੰਗਾ ਕੀਤਾ @ਗੁਲਪਨਾਗ।’


ਦੱਸ ਦੇਈਏ ਕਿ ਪਿਛਲੇ ਕਾਫ਼ੀ ਸਮੇਂ ਤੋਂ ਕਿਸਾਨ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਪ੍ਰਦਰਸ਼ਨ ਕਰ ਰਹੇ ਹਨ। ਦਿਲਜੀਤ ਦੋਸਾਂਝ, ਸਵਰਾ ਭਾਸਕਰ, ਤਾਪਸੀ ਪਨੂੰ, ਅਨੁਰਾਗ ਕਸ਼ਯਪ, ਰਿਚਾ ਚੱਢਾ ਤੇ ਹੋਰ ਕਈ ਸ਼ਖ਼ਸੀਅਤਾਂ ਕਿਸਾਨਾਂ ਦੇ ਹੱਕ ’ਚ ਵੱਡੇ ਬਿਆਨ ਦੇ ਚੁੱਕੀਆਂ ਹਨ। 

ਨੋਟ : ਕੰਗਨਾ ਰਣੌਤ ਦੇ ਮੁੱਦੇ ’ਤੇ ਗੁਲ ਪਨਾਗ ਦੇ ਜਵਾਬ ’ਤੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।


author

sunita

Content Editor

Related News